ਬਾਦਲ ਅਤੇ ਕਾਂਗਰਸ ਸਰਕਾਰ ਨੇ ਹਰ ਪੰਜਾਬੀ ਨੂੰ ਬਣਾਇਆ ਕਰਜ਼ਦਾਰ - ਰਾਘਵ ਚੱਡਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਇਹ ਆਗੂ 2 ਕਰੋੜ ਦੀ ਗੱਡੀ ਵਿਚੋਂ ਨਿਕਲ ਕੇ ਜਨਤਾ ਨੂੰ ਕਹਿੰਦੇ ਹਨ ਕਿ ਪੰਜਾਬ ਦਾ ਖ਼ਜ਼ਾਨਾ ਖ਼ਾਲੀ ਹੈ'

Raghav Chadha

ਚੰਡੀਗੜ੍ਹ : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਥੋੜਾ ਸਮਾਂ ਹੀ ਬਾਕੀ ਹੈ। ਸਾਰੀਆਂ ਸਿਆਸੀ ਪਾਰਟੀਆਂ ਸੱਤਾ ਵਿਚ ਆਉਣ ਲਈ ਆਪਣੀ ਪੂਰੀ ਵਾਹ ਲਗਾ ਰਹੀਆਂ ਹਨ। ਇਸ ਲਈ ਸਿਆਸਤਦਾਨਾਂ ਵਲੋਂ ਆਪਣੀ ਪਾਰਟੀ ਦੀਆਂ ਚੰਗੀਆਂ ਕਾਰਗੁਜ਼ਾਰੀਆਂ ਦੇ ਹਵਾਲੇ ਵੀ ਦਿਤੇ ਜਾ ਰਹੇ ਹਨ ਅਤੇ ਜਨਤਾ ਨਾਲ ਕਈ ਤਰ੍ਹਾਂ ਦੇ ਵਾਅਦੇ ਵੀ ਕੀਤੇ ਜਾ ਰਹੇ ਹਨ।

ਇਸ ਦੇ ਚਲਦਿਆਂ ਹੀ ਅੱਜ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਡਾ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਜਿਸ ਵਿਚ ਉਨ੍ਹਾਂ ਵਿਰੋਧੀ ਪਾਰਟੀਆਂ 'ਤੇ ਨਿਸ਼ਾਨੇ ਸਾਧੇ ਅਤੇ ਕਾਂਗਰਸ ਅਤੇ ਬਾਦਲਾਂ ਨੂੰ ਪੰਜਾਬ ਦੇ ਕਰਜ਼ਦਾਰ ਬਣਾਉਣ ਦਾ ਜ਼ਿਮੇਵਾਰ ਵੀ ਠਹਿਰਾਇਆ। ਦੱਸ ਦੇਈਏ ਕਿ ਚੱਡਾ ਨੇ ਇਹ ਸੰਦੇਸ਼  ਪੰਜਾਬੀ ਭਾਸ਼ਾ ਵਿਚ ਜਾਰੀ ਕੀਤਾ ਹੈ।

ਉਨ੍ਹਾਂ ਕਿਹਾ, ''ਪਿਛਲੇ 50 ਸਾਲਾਂ ਵਿਚ ਬਾਦਲ ਅਤੇ ਕਾਂਗਰਸ ਸਰਕਾਰ ਨੇ ਹਰ ਪੰਜਾਬੀ ਨੂੰ ਕਰਜ਼ਦਾਰ ਬਣਾ ਦਿਤਾ ਹੈ। ਅੱਜ ਪੰਜਾਬ ਦੇ ਸਿਰ 3 ਲੱਖ ਕਰੋੜ ਦਾ ਕਰਜ਼ਾ ਹੈ। ਪੰਜਾਬ ਦੀ ਕੁੱਲ ਅਬਾਦੀ ਲਗਭਗ 3 ਕਰੋੜ ਹੈ ਜਿਸ ਦਾ ਮਤਲਬ ਕਿ ਪੰਜਾਬ ਦੇ ਹਰ ਵਸਨੀਕ 'ਤੇ ਇੱਕ ਲੱਖ ਰੁਪਏ ਦਾ ਕਰਜ਼ਾ ਹੈ। ਪੰਜਾਬ ਵਿਚ ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਉਦੋਂ ਹੀ ਉਸ ਦੇ ਸਿਰ ਇੱਕ ਲੱਖ ਦਾ ਕਰਜ਼ਾ ਪੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੰਜਾਬ ਸਰਕਾਰ ਦੇ ਸਾਲਾਨਾ ਬਜਟ ਦਾ 20 ਫ਼ੀਸਦ ਸਿਰਫ ਇਸ ਕਰਜ਼ੇ ਦੀ ਵਿਆਜ਼ ਉਤੇ ਹੀ ਖਰਚ ਹੋ ਜਾਂਦਾ ਹੈ। ਜਦਕਿ ਇਹ ਪੈਸਾ ਸਕੂਲ,ਹਸਪਤਾਲ, ਸੜਕਾਂ ਆਦਿ ਦੇ ਨਿਰਮਾਣ ਲਈ ਵਰਤੇ ਜਾਣੇ ਚਾਹੀਦੇ ਹਨ।''

ਇਸ ਤੋਂ ਇਲਾਵਾ ਰਾਘਵ ਚੱਡਾ ਨੇ ਕਿਹਾ ਕਿ ਖ਼ੁਦ ਮਹਿੰਗੀਆਂ ਗੱਡੀਆਂ ਵਿਚ ਘੁੰਮਣ ਵਾਲੇ ਨੇਤਾ ਜਨਤਾ ਨੂੰ ਕਹਿੰਦੇ ਹਨ ਕਿ ਪੰਜਾਬ ਦੇ ਖ਼ਜ਼ਾਨੇ ਵਿਚ ਪੈਸੇ ਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਦਾ ਖ਼ਜ਼ਾਨਾ ਹਰ ਸਾਲ ਖ਼ਾਲੀ ਹੁੰਦਾ ਹੈ ਪਰ ਇਨ੍ਹਾਂ ਆਗੂਆਂ ਦੀ ਜਾਇਦਾਦ ਹਰ ਸਾਲ ਵੱਧਦੀ ਜਾ ਰਹੀ ਹੈ। ਜਿਹੜਾ ਐਮ.ਐਲ.ਏ. ਇੱਕ ਸਕੂਟਰ 'ਤੇ ਘੁੰਮਦਾ ਹੁੰਦਾ ਸੀ ਉਹ ਅੱਜ ਲੈਂਡ ਕਰੂਜ਼ਰ ਅਤੇ ਮਰਸਡੀਜ਼ ਵਰਗੀਆਂ ਆਲਾ ਗੱਡੀਆਂ 'ਚ ਦਿਖਾਈ ਦਿੰਦਾ ਹੈ। ਸਾਰਿਆਂ ਨੇ ਆਪਣੀ ਜਾਇਦਾਦ ਬਣਾਈ ਹੈ।

ਇਹ ਆਗੂ 2 ਕਰੋੜ ਦੀ ਗੱਡੀ ਵਿਚੋਂ ਨਿਕਲ ਕੇ ਜਨਤਾ ਨੂੰ ਕਹਿੰਦੇ ਹਨ ਕਿ ਪੰਜਾਬ ਦਾ ਖ਼ਜ਼ਾਨਾ ਖ਼ਾਲੀ ਹੈ। ਕਿਸੇ ਸਮੇਂ ਪੰਜਾਬ ਸਾਰੇ ਦੇਸ਼ ਦਾ ਢਿੱਡ ਭਰਦਾ ਸੀ, ਸਭ ਤੋਂ ਵੱਡਾ ਖੇਡ ਉਦਯੋਗ ਪੰਜਾਬ ਵਿਚ ਹੁੰਦਾ ਸੀ ਪਰ ਅੱਜ ਇਨ੍ਹਾਂ ਆਗੂਆਂ ਨੇ ਬਰਬਾਦ ਕਰ ਕੇ ਰੱਖ ਦਿਤਾ। ਹੁਣ ਮੌਕਾ ਹੈ ਬਦਲਾਅ ਲਿਆਉਣ ਦਾ। ਹੁਣ ਪੰਜਾਬ ਨੂੰ ਖੁਸ਼ਹਾਲ ਬਣਾਉਣ ਦਾ ਮੌਕਾ ਹੈ। ਸਾਫ਼ ਨੀਅਤ ਅਤੇ ਚੰਗੀ ਸੋਚਣੀ ਨਾਲ ਪੰਜਾਬ ਨੂੰ ਫਿਰ ਤੋਂ ਖੁਸ਼ਹਾਲ ਬਣਾਇਆ ਜਾ ਸਕਦਾ ਹੈ।  ਆਓ ਮਿਲ ਕੇ ਖੁਸ਼ਹਾਲ ਪੰਜਾਬ ਬਣਾਈਏ, ਇਸ ਵਾਰ ਕੇਜਰੀਵਾਲ ਦੀ ਸਰਕਾਰ ਬਣਾਈਏ।