ਪ੍ਰੈਸ ਕਾਨਫਰੰਸ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਧੇ ਵਿਰੋਧੀਆਂ 'ਤੇ ਨਿਸ਼ਾਨੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਕਾਂਗਰਸ ਬਾਰੇ ਬੋਲਣ ਤੋਂ ਪਹਿਲਾਂ ਕੇਜਰੀਵਾਲ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ

Dy CM Sukhjinder Singh Randhawa

ਚੰਡੀਗੜ੍ਹ : ਅੱਜ ਇਥੇ ਪ੍ਰੈਸ ਕਾਨਫਰੰਸ ਕਰਦਿਆਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਈ ਸਵਾਲ ਕੀਤੇ ਅਤੇ ਕਿਹਾ, ''ਕੇਜਰੀਵਾਲ ਸ੍ਹਾਬ, ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਉਨ੍ਹਾਂ (ਬਾਦਲਾਂ) ਨਾਲ ਮਿਲੀ ਹੋਈ ਹੈ। ਪਰ ਸਭ ਤੋਂ ਪਹਿਲਾਂ ਉਨ੍ਹਾਂ ਦੇ ਪੈਰਾਂ ਵਿਚ ਤੁਸੀਂ ਡਿੱਗੇ ਅਤੇ ਮਾਫ਼ੀ ਮੰਗੀ।  ਮਜੀਠੀਏ ਨੂੰ ਭੇਜੇ ਮਾਫ਼ੀਨਾਮੇ 'ਤੇ ਸੁਖਜਿੰਦਰ ਸਿੰਘ ਰੰਧਾਵਾ ਜਾਂ ਚੰਨੀ ਸ੍ਹਾਬ ਦੇ ਨਹੀਂ ਸਗੋਂ ਕੇਜਰੀਵਾਲ ਦੇ ਦਸਤਖ਼ਤ ਹਨ।''

ਰੰਧਾਵਾ ਨੇ ਅੱਗੇ ਬੋਲਦਿਆਂ ਕਿਹਾ ਕਿ ਇਹ ਕਾਂਗਰਸ ਪਾਰਟੀ 'ਤੇ ਸਵਾਲ ਚੁੱਕਦੇ ਹਨ ਪਰ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਸ਼ੁਰੂ ਕਰਨ ਵੇਲੇ ਸੁੱਚਾ ਸਿੰਘ ਛੋਟੇਪੁਰ, ਧਰਮਵੀਰ ਗਾਂਧੀ ਵਰਗੇ ਸਿਆਸਤਦਾਨ ਇਨ੍ਹਾਂ ਦੇ ਨਾਲ ਸਨ ਪਰ ਹੁਣ ਉਨ੍ਹਾਂ ਨੇ ਵੀ ਆਮ ਆਦਮੀ ਪਾਰਟੀ ਦਾ ਸਾਥ ਛੱਡ ਦਿਤਾ। ਕਾਂਗਰਸ ਬਾਰੇ ਬੋਲਣ ਤੋਂ ਪਹਿਲਾਂ ਕੇਜਰੀਵਾਲ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਦੇ 22 ਐਮ.ਐਲ.ਏ. ਸਨ ਜਿਨ੍ਹਾਂ ਵਿਚੋਂ 12 ਨੇ ਪਹਿਲਾਂ ਤੇ ਇੱਕ ਦੋ ਨੇ ਹੁਣ ਇਨ੍ਹਾਂ ਦਾ ਸਾਥ ਛੱਡ ਦਿਤਾ। ਉਨ੍ਹਾਂ ਕਿਹਾ ਕਿ ਮੈਂ ਕੇਜਰੀਵਾਲ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਪੰਜਾਬ ਹੈ ਅਤੇ ਇਥੋਂ ਦੇ ਲੋਕ ਗੱਲਾਂ ਨਾਲ ਨਹੀਂ ਮੰਨਦੇ ਸਗੋਂ ਅਸਲ ਵਿਚ ਕੰਮ ਕਰ ਕੇ ਦਿਖਾਉਣਾ ਪੈਂਦਾ ਹੈ। ਰੰਧਾਵਾ ਨੇ ਕਿਹਾ ਕਿ ਮੈਂ ਕੇਜਰੀਵਾਲ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਮੇਰੇ ਨਾਲ ਬਹਿਸ ਕਰਨ।

'84 ਤੋਂ ਬਾਅਦ ਪੰਜਾਬ ਨੂੰ 10 ਸਾਲ ਅਤਿਵਾਦ ਦੇ ਹਨ੍ਹੇਰੇ ਵਿਚ ਸਮਾਂ ਬਿਤਾਉਣਾ ਪਿਆ। ਉਸ ਸਮੇਂ ਕੇਜਰੀਵਾਲ ਕਿਤੇ ਨੌਕਰੀ ਕਰਦੇ ਸਨ ਜਾਂ ਕੁਝ ਹੋਰ ਪਰ ਨਾ ਤਾਂ ਉਸ ਸਮੇਂ ਅਤੇ ਨਾ ਹੀ ਅੱਜ, ਇਨ੍ਹਾਂ ਨੇ ਕਦੇ ਵੀ ਅਤਿਵਾਦ ਅਤੇ ਵੱਖਵਾਦ ਦੇ ਵਿਰੁੱਧ ਗੱਲ ਨਹੀਂ ਕੀਤੀ। ਜਿਨ੍ਹਾਂ ਨੇ ਕਦੇ ਪੰਜਾਬ ਦੀ ਗੱਲ ਨਹੀਂ ਕੀਤੀ ਉਹ ਸਾਨੂੰ ਦੇਸ਼ਭਗਤੀ ਦਿਖਾਉਣਗੇ? 

ਉਨ੍ਹਾਂ ਇੱਕ ਰਿਪੋਰਟ ਦਿਖਾਉਂਦਿਆਂ ਕਿਹਾ ਕਿ ਇਹ ਜਾਂਚ ਰਿਪੋਰਟ ਦਾ ਖਰੜਾ ਹੈ ਜਿਹੜੀ ਜਾਂਚ ਕੁੰਵਰ ਵਿਜੇ ਪ੍ਰਤਾਪ ਸਿੰਘ, ਪਾਟਿਲ ਕੇਤਨ DIG ਅਤੇ DIG ਸੁਰਜੀਤ ਸਿੰਘ ਦੀ SIT ਵਲੋਂ ਕੀਤੀ ਗਈ ਸੀ। ਇਸ ਵਿਚ ਦੱਸਿਆ ਗਿਆ ਹੈ ਕਿ ਬਿਕਰਮ ਮਜੀਠੀਆ ਦੇ ਗੈਂਗਸਟਰਾਂ ਅਤੇ ਨਕਸਲੀਆਂ ਨਾਲ ਸਬੰਧ ਸਨ।  ਉਨ੍ਹਾਂ ਕਿਹਾ ਕਿ ਗ੍ਰਹਿ ਵਿਭਾਗ ਸੰਭਾਲਣ ਮੌਕੇ ਮੈਨੂੰ ਇਹ ਰਿਪੋਰਟ ਵੀ ਦਿਤੀ ਗਈ ਜਿਸ ਤੋਂ ਪਤਾ ਲਗਾ ਕਿ ਮਜੀਠੀਆ ਦੇ ਕਿਹੜੇ ਕਿਹੜੇ ਗੈਂਗਸਟਰ ਅਤੇ ਨਕਸਲੀਆਂ ਨਾਲ ਸਬੰਧ ਸਨ। 

ਇਸ ਤੋਂ ਬਾਅਦ ਸ਼ਹੀਦੀ ਦਿਹਾੜਿਆਂ ਦੌਰਾਨ ਅਸੀਂ ਗੁਰੂਆਂ ਬਾਰੇ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਬਾਰੇ ਗੱਲਾਂ ਕਰਦੇ ਹਾਂ ਪਰ ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਅਕਾਲੀ ਦਲ ਨੇ ਉਨ੍ਹਾਂ ਦਿਨਾਂ ਦੌਰਾਨ ਨਸ਼ਿਆਂ ਦੇ ਹੱਕ ਵਿਚ ਧਰਨੇ ਲਗਾਏ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਹੱਥਾਂ ਵਿਚ ਫੜ੍ਹੀਆਂ ਤਖ਼ਤੀਆਂ 'ਤੇ ਲਿਖਿਆ ਸੀ 'ਮਜੀਠੀਆ ਤੇਰੀ ਸੋਚ 'ਤੇ, ਪਹਿਰਾ ਦੇਵਾਂਗੇ ਠੋਕ ਕੇ'। ਇਸ ਦਾ ਮਤਲਬ ਕਿ ਕੀ ਸਾਡੇ ਧਰਮ ਗ੍ਰੰਥ ਵਿਚ ਜਿਸ ਨੂੰ ਬਜਰ ਕੁਰਹਿਤ ਕਿਹਾ ਗਿਆ ਹੈ ਉਸ ਨਸ਼ੇ ਨੂੰ ਪ੍ਰਫੁੱਲਤ ਕਰਾਂਗੇ? 

ਰੰਧਾਵਾ ਨੇ ਕਿਹਾ ਕਿ ਮੈਂ ਬਾਦਲ ਸ੍ਹਾਬ ਨੂੰ ਵੀ ਇੱਕ ਗੱਲ ਪੁੱਛਣੀ ਚਾਹੁੰਦਾ ਹਾਂ ਜੋ ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸੇ ਗ੍ਰਿਫ਼ਤਾਰੀ ਤੋਂ ਨਹੀਂ ਡਰਦਾ। ਬਾਦਲ ਸ੍ਹਾਬ ਪਹਿਲਾਂ ਕਦੇ ਮੋਰਚਾ ਲਗਦਾ ਸੀ ਭਾਵੇਂ ਉਹ ਪੰਜਾਬ ਦਾ ਹੋਵੇ ,ਐਮਰਜੈਂਸੀ ਦਾ ਹੋਵੇ ਜਾਂ ਬਾਦਲਾਂ ਦੇ ਹੱਕ ਵਿਚ ਹੀ ਕਿਉਂ ਨਾ ਲੱਗੇ ਹੋਣ ਪਰ ਇਹ ਪਹਿਲੀ ਵਾਰ ਦੇਖਿਆ ਹੈ ਕਿ ਮੋਰਚੇ ਅਤੇ ਗ੍ਰਿਫ਼ਤਾਰੀ ਦੀ ਗੱਲ ਨਸ਼ਿਆਂ ਲਈ ਕੀਤੀ ਜਾ ਰਹੀ ਹੈ ਕਿ ਅਸੀਂ ਇੱਕ ਨਸ਼ਾ ਤਸਕਰ ਨੂੰ ਅੰਦਰ ਨਹੀਂ ਜਾਣ ਦੇਵਾਂਗੇ। 

ਸੁਖਬੀਰ ਸਿੰਘ ਬਾਦਲ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਜਦੋਂ ਸੁਖਬੀਰ ਬਾਦਲ ਡਿਪਟੀ ਮੁੱਖ ਮੰਤਰੀ ਸਨ ਅਤੇ ਇਨ੍ਹਾਂ ਕੋਲ ਗ੍ਰਹਿ ਵਿਭਾਗ ਸੀ ਤਾਂ ਇਨ੍ਹਾਂ ਨੇ ਕਿਹਾ ਸੀ ਕਿ ਅਸੀਂ 6000 ਕਰੋੜ ਦਾ ਨਸ਼ਾ ਫੜ੍ਹਿਆ ਹੈ ਪਰ ਅੱਜ ਤੱਕ ਉਸ 6000 ਕਰੋੜ ਦਾ ਪਤਾ ਨਹੀਂ ਲੱਗਾ ਕੇ ਉਹ ਕਿਥੇ ਗਿਆ ਅਤੇ ਉਸ ਨਸ਼ੇ ਨੂੰ ਕਿਥੇ ਨਸ਼ਟ ਕੀਤਾ ਗਿਆ। 

ਕੇਜਰੀਵਾਲ ਨੂੰ ਫਿਰ ਨਿਸ਼ਾਨੇ 'ਤੇ ਲੈਂਦਿਆਂ ਰੰਧਾਵਾ ਨੇ ਕਿਹਾ ਕਿ ਕੇਜਰੀਵਾਲ ਕਹਿੰਦੇ ਹਨ ਕਿ ਉਨ੍ਹਾਂ ਮਜੀਠੀਆ ਤੋਂ ਮਾਫੀ ਇਸ ਲਈ ਮੰਗੀ ਕਿਉਂਕਿ ਉਹ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੇ ਸਨ। ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਦਿੱਲੀ ਵਿਚ ਜਾ ਕੇ ਕੰਮ ਕਰਨ, ਪੰਜਾਬ ਆ ਕੇ ਆਪਣਾ ਸਮਾਂ ਕਿਉਂ ਬਰਬਾਦ ਕਰ ਰਹੇ ਹਨ। ਕੇਜਰੀਵਾਲ ਕਹਿੰਦੇ ਹਨ ਕਿ ਮਜੀਠੀਆ ਵਿਰੁੱਧ ਨਸ਼ਾ ਤਸਕਰੀ ਦਾ ਕੀਤਾ ਕੇਸ ਪੁਖਤਾ ਨਹੀਂ ਹੈ। ਉਹ ਪੰਜਾਬ ਸਰਕਾਰ 'ਤੇ ਸਵਾਲ ਚੁੱਕ ਰਹੇ ਹਨ ਪਰ ਆਪਣੇ ਬਾਰੇ ਵੀ ਦੱਸਣ ਕਿ ਉਹ ਇਨ੍ਹਾਂ ਨਸ਼ਾ ਤਸਕਰਾਂ ਦੇ ਨਾਲ ਹਨ ਜਾਂ ਵਿਰੁੱਧ ਹਨ। ਜੇਕਰ ਵਿਕਾਸ ਕਾਰਜਾਂ ਜਾਂ ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਪੰਜਾਬ ਦਿੱਲੀ ਤੋਂ ਕਈ ਗੁਣਾਂ ਵਧੀਆ ਹੈ।