ਕੋਰੋਨਾ: ਚੰਡੀਗੜ੍ਹ ਪ੍ਰਸ਼ਾਸਨ ਸਖ਼ਤ, ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੋਵੇਗਾ ਭਾਰੀ ਜੁਰਮਾਨਾ
ਚੰਡੀਗੜ੍ਹ ਪ੍ਰਸ਼ਾਸਨ ਨੇ ਸੁਖਨਾ ਝੀਲ ਨੂੰ ਐਤਵਾਰ ਦੇ ਦਿਨ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ
ਚੰਡੀਗੜ੍ਹ - ਚੰਡੀਗੜ੍ਹ 'ਚ ਕੋਰੋਨਾ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਯੂਟੀ ਪ੍ਰਸ਼ਾਸਨ ਨੇ ਸਖ਼ਤੀ ਵਧਾ ਦਿੱਤੀ ਹੈ। ਚੰਡੀਗੜ੍ਹ 'ਚ ਸਥਿਤ ਹੋਟਲ, ਕੈਫੇ, ਕੌਫੀ ਸ਼ਾਪ, ਖਾਣ-ਪੀਣ ਦੀਆਂ ਥਾਵਾਂ, ਮੈਰਿਜ ਪੈਲੇਸ, ਬੈਂਕੇਟ ਹਾਲ ਆਦਿ ਹੁਣ 50 ਫੀਸਦੀ ਸਮਰੱਥਾ ਨਾਲ ਖੁੱਲ੍ਹਣਗੇ। ਇੱਥੇ ਸਿਰਫ਼ ਉਹ ਲੋਕ ਹੀ ਦਾਖਲ ਹੋ ਸਕਦੇ ਹਨ ਜਿਨ੍ਹਾਂ ਨੇ ਕੋਵਿਡ ਵੈਕਸੀਨ ਦੀ ਡਬਲ ਡੋਜ਼ ਲਈ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਪਹਿਲੀ ਖੁਰਾਕ ਤਾਂ ਲੈ ਲਈ ਹੈ ਪਰ ਉਹ ਨਿਰਧਾਰਤ ਪ੍ਰੋਟੋਕੋਲ ਅਨੁਸਾਰ ਦੂਜੀ ਖੁਰਾਕ ਨਹੀਂ ਲੈ ਸਕਦੇ, ਉਨ੍ਹਾਂ 'ਤੇ ਪਾਬੰਦੀ ਨਹੀਂ ਹੋਵੇਗੀ। ਇਹ ਹੁਕਮ ਅੱਜ ਤੋਂ ਲਾਗੂ ਹੋ ਚੁੱਕੇ ਹਨ।
ਇਸ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਸੁਖਨਾ ਝੀਲ ਨੂੰ ਐਤਵਾਰ ਦੇ ਦਿਨ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਹੁਣ ਸੋਮਵਾਰ ਤੋਂ ਸ਼ਨੀਵਾਰ ਸਵੇਰੇ 5 ਤੋਂ 9 ਵਜੇ ਤੱਕ ਅਤੇ ਸ਼ਾਮ 6 ਤੋਂ 8 ਵਜੇ ਤੱਕ ਹੀ ਬੋਟਿੰਗ ਕੀਤੀ ਜਾ ਸਕਦੀ ਹੈ। ਇਸ ਦੌਰਾਨ ਸਵੇਰੇ-ਸ਼ਾਮ ਘੁੰਮਣ ਵਾਲਿਆਂ ਨੂੰ ਵੀ ਛੋਟ ਦਿੱਤੀ ਜਾਵੇਗੀ। ਹਾਲਾਂਕਿ, ਉਨ੍ਹਾਂ ਨੂੰ ਕੋਵਿਡ ਨਾਲ ਸਬੰਧਤ ਸਾਵਧਾਨੀਆਂ ਵਰਤਣੀਆਂ ਪੈਣਗੀਆਂ। ਜੇਕਰ ਕੋਈ ਝੀਲ 'ਤੇ ਕੋਵਿਡ ਸਬੰਧੀ ਸਾਵਧਾਨੀਆਂ ਦੀ ਉਲੰਘਣਾ ਕਰਦਾ ਹੈ ਤਾਂ ਉਹਨਾਂ ਨੂੰ ਭਾਰੀ ਜੁਰਮਾਨਾ ਹੋਵੇਗਾ।
ਚੰਡੀਗੜ੍ਹ 'ਚ ਕੋਰੋਨਾ ਦੀ ਗੱਲ ਕਰੀਏ ਤਾਂ ਐਤਵਾਰ ਨੂੰ 96 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਐਕਟਿਵ ਕੇਸਾਂ ਦੀ ਗਿਣਤੀ 321 ਹੋ ਗਈ ਹੈ। ਐਤਵਾਰ ਨੂੰ, ਚੰਡੀਗੜ੍ਹ ਵਿਚ ਸਕਾਰਾਤਮਕਤਾ ਦਰ 5.50% ਰਹੀ। ਇਸ ਦੇ ਨਾਲ ਹੀ ਚੰਡੀਗੜ੍ਹ ਵਿਚ ਟੀਕੇ ਦੀ ਡਬਲ ਡੋਜ਼ ਨੂੰ ਲੈ ਕੇ ਵੀ ਜ਼ਿਆਦਾ ਰਫ਼ਤਾਰ ਨਹੀਂ ਹੈ। ਚੰਡੀਗੜ੍ਹ ਵਿਚ ਪਹਿਲੀ ਖੁਰਾਕ ਦਾ ਅੰਕੜਾ 118.03% ਹੋ ਗਿਆ ਹੈ ਪਰ ਹੁਣ ਤੱਕ ਸਿਰਫ਼ 90.38% ਲੋਕਾਂ ਨੂੰ ਹੀ ਦੂਜੀ ਖੁਰਾਕ ਮਿਲੀ ਹੈ।