ਲਖੀਮਪੁਰ ਖੇੜੀ ਘਟਨਾ ਦੇ ਮੁੱਖ ਗਵਾਹ ਗੁਰਮਨੀਤ ਮਾਂਗਟ ਨੇ ਕੀਤੇ ਵੱਡੇ ਖ਼ੁਲਾਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'BJP ਆਗੂ ਨੇ ਮੇਰੇ ਪੂਰੇ ਪਰਿਵਾਰ ਦਾ ਐਨਕਾਊਂਟਰ ਕਰਵਾਉਣ ਦੀ ਦਿੱਤੀ ਸੀ ਧਮਕੀ'

Major witnesses of Lakhimpur Kheri incident made big revelations by Gurmanit Mangat

ਚੰਡੀਗੜ੍ਹ (ਸ਼ੈਸ਼ਵ ਨਾਗਰਾ) : ਦਿੱਲੀ ਦੀਆਂ ਬਰੂਹਾਂ 'ਤੇ ਇੱਕ ਸਾਲ ਤੋਂ ਵੱਧ ਸਮੇਂ ਲਈ ਚੱਲੇ ਕਿਰਸਾਨੀ ਸੰਘਰਸ਼ ਨੂੰ ਤਾਂ ਜਿੱਤ ਪ੍ਰਾਪਤ ਹੋਈ ਪਰ ਲਾਖੀਮਪੁਰ ਖੇੜੀ ਵਿਚ ਵਾਪਰੀ ਘਟਨਾ ਨਾਲ ਸਾਰਿਆਂ ਦੇ ਦਿਲਾਂ ਨੂੰ ਠੇਸ ਪਹੁੰਚੀ। ਹਾਲਾਂਕਿ ਉਸ ਮਾਮਲੇ ਦੀ ਜਾਂਚ ਲਈ SIT ਵੀ ਬਣਾਈ ਗਈ ਹੈ। ਇਸ ਘਟਨਾਕ੍ਰਮ ਵਿਚ ਚੱਲ ਰਹੀ ਜਾਂਚ ਕਿਥੋਂ ਤੱਕ ਪਹੁੰਚੀ ਹੈ ਅਤੇ ਕੀ ਕਾਰਵਾਈ ਹੋਈ ਹੈ, ਇਸ ਸਭ ਬਾਰੇ ਜਾਣਕਾਰੀ ਦੇਣ ਲਈ  ਕਿਸਾਨ ਆਗੂ  ਗੁਰਮਨੀਤ ਮਾਂਗਟ ਨੇ ਸਪੋਕੇਸਮੈਨ ਨਾਲ ਗਲਬਾਤ ਕੀਤੀ।

ਦੱਸ ਦੇਈਏ ਕਿ ਇਹ ਉਹ ਕਿਸਾਨ ਆਗੂ ਹਨ ਜਿਨ੍ਹਾਂ ਨੇ ਗਾਜ਼ੀਪੁਰ ਮੋਰਚੇ ਵਿਚ ਲੰਬਾ ਸਮਾਂ ਯੋਗਦਾਨ ਪਾਇਆ ਹੈ। ਇਸ ਮੌਕੇ ਗੁਰਮਨੀਤ ਮਾਂਗਟ ਨੇ ਦੱਸਿਆ ਕਿ ਉਸ ਸਮੇਂ ਦੋ FIR ਦਰਜ ਹੋਈਆਂ ਸਨ 219 ਅਤੇ 220  ਨੰਬਰ, ਜਿਨ੍ਹਾਂ ਵਿਚੋਂ 219 ਮ੍ਰਿਤਕ ਕਿਸਾਨ ਦੇ ਪਰਵਾਰ ਵਲੋਂ ਕਰਵਾਈ ਗਈ ਸੀ। ਕਿਸਾਨਾਂ ਪਰਵਾਰ ਵਲੋਂ ਕਰਵਾਈ FIR ਦੀ ਜਾਂਚ ਵਿਚ SIT ਨੇ ਸਿੱਧ ਕੀਤਾ ਹੈ ਕਿ ਇਹ ਘਟਨਾ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋਈ ਸੀ ਜਿਸ ਵਿਚ ਉਨ੍ਹਾਂ ਦਾ ਇਰਾਦਾ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣਾ ਹੀ ਸੀ।

ਵਿਸ਼ੇਸ਼ ਜਾਂਚ ਟੀਮ ਨੇ ਕੋਰਟ ਨੂੰ ਕਈ ਨਵੀਆਂ ਧਾਰਾਵਾਂ ਵੀ ਜੋੜਨ ਲਈ ਅਪੀਲ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਦੂਜੀ FIR ਵਿਚ ਜਾਂਚ ਚੱਲ ਰਹੀ ਹੈ ਅਤੇ ਚਾਰ ਕਿਸਾਨ ਵੀ ਪੁਲਿਸ ਦੀ ਹਿਰਾਸਤ ਵਿਚ ਹਨ ਜਿਨ੍ਹਾਂ ਨੂੰ ਲਾਖੀਮਪੁਰ ਦੀ ਜ਼ਿਲ੍ਹਾ ਜੇਲ੍ਹ ਵਿਚ ਰੱਖਿਆ ਹੋਇਆ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 220 ਨੰਬਰ FIR ਭਾਜਪਾ ਵਰਕਰਾਂ ਵਲੋਂ ਜਿਨ੍ਹਾਂ ਵਿਚ ਜੈਸਵਾਲ ਨਾਮ ਦਾ ਵਿਅਕਤੀ ਜੋ ਘਟਨਾ ਵਾਲੇ ਦਿਨ ਉਸ ਗੱਡੀ ਵਿਚ ਮੌਜੂਦ ਸੀ, ਉਨ੍ਹਾਂ ਵਲੋਂ ਕਰਵਾਈ ਗਈ ਸੀ। 

ਮਾਂਗਟ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਤੇ ਇਸ ਘਟਨਾ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਉਸ ਦੇ 13 ਹੋਰ ਸਾਥੀਆਂ ਸਮੇਤ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ। ਉਨ੍ਹਾਂ 'ਤੇ 302, 307, ਅਤੇ 34 ਆਈ.ਪੀ.ਸੀ., 326 ਅਤੇ ਹੋਰ ਕਈ ਗੰਭੀਰ ਧਾਰਾਵਾਂ ਲੱਗੀਆਂ ਹੋਈਆਂ ਹਨ। ਮਿਸ਼ਰਾ ਵਲੋਂ ਪਾਈ ਜ਼ਮਾਨਤ ਅਰਜ਼ੀ 'ਤੇ 6 ਜਨਵਰੀ ਨੂੰ ਸੁਣਵਾਈ ਹੋਵੇਗੀ।

ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਵਲੋਂ ਕਿਸਾਨਾਂ ਨੂੰ ਅਤੇ ਮੇਰੇ ਪਰਵਾਰ ਸਮੇਤ ਮੇਰਾ ਐਨਕਾਊਂਟਰ ਕਰਵਾਉਣ ਦੀ ਧਮਕੀ ਦਿਤੀ ਗਈ ਸੀ। ਉਨ੍ਹਾਂ ਦੱਸਿਆ ਕਿ ਉਹ ਲਾਖੀਮਪੁਰ ਖੇੜੀ ਘਟਨਾ ਦੇ ਮੌਕੇ ਦੇ ਗਵਾਹ ਹਨ ਅਤੇ ਇਥੋਂ ਦੇ ਹੀ ਰਹਿਣ ਵਾਲੇ ਹਨ ਪਰ ਮੰਤਰੀ ਨੇ ਧਮਕੀ ਦਿਤੀ ਸੀ ਕਿ ਉਹ ਸਾਡਾ ਇਲਾਕਾ ਛੁਡਵਾ ਦੇਣਗੇ। ਮਾਂਗਟ ਨੇ ਦੱਸਿਆ ਕਿ ਜਦੋਂ ਇਹ ਘਟਨਾ ਹੋਈ ਤਾਂ ਆਸ਼ੀਸ਼ ਮਿਸ਼ਰਾ ਦੀ ਗੱਡੀ ਸਭ ਤੋਂ ਪਹਿਲਾਂ ਮੈਨੂੰ ਲਿਤੜਨ ਲਈ ਹੀ ਆਈ ਸੀ ਪਰ ਖੁਸ਼ਕਿਸਮਤੀ ਨਾਲ ਮੇਰੇ ਇੱਕ ਸਾਥੀ ਨੇ ਮੈਨੂੰ ਧੱਕਾ ਦੇ ਦਿਤਾ ਅਤੇ ਮੈਂ ਬਚ ਗਿਆ।

ਉਨ੍ਹਾਂ ਦੱਸਿਆ ਕਿ ਵਿਰੋਧੀ ਪੱਖ ਵਲੋਂ ਦਰਜ ਕਰਵਾਏ ਮਾਮਲੇ ਤਹਿਤ ਚਾਰ ਕਿਸਾਨ ਜੇਲ੍ਹ ਵਿਚ ਹਨ ਜਦਕਿ ਛੇ ਹੋਰ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਦੀ ਇਸ ਮਾਮਲੇ ਵਿਚ ਸ਼ਮੂਲੀਅਤ ਹੋਣੀ ਦੱਸੀ ਗਈ ਹੈ। ਮਾਂਗਟ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਵੀ ਸੰਮਨ ਜਾਰੀ ਹੋਏ ਸਨ ਜਿਸ ਕਾਰਨ ਉਨ੍ਹਾਂ ਨੂੰ ਵੀ ਵਿਸ਼ੇਸ਼ ਜਾਂਚ ਟੀਮ ਕੋਲ ਪੁੱਛਗਿੱਛ ਲਈ ਜਾਣਾ ਪਿਆ।

ਮਾਂਗਟ ਨੇ ਦੱਸਿਆ ਕਿ ਜਦੋਂ ਇਹ ਮਾਮਲਾ ਸੁਪਰੀਮ ਕੋਰਟ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਗਵਾਹਾਂ ਦੀ ਸੁਰੱਖਿਆ ਦੇਣ ਦੀ ਗੱਲ ਕੀਤੀ ਸੀ ਕਿਉਂਕਿ ਅਜੇ ਮਿਸ਼ਰਾ 'ਤੇ ਪਹਿਲਾਂ ਵੀ ਕਈ ਸੰਗੀਨ ਧਾਰਾਵਾਂ ਜਿਨ੍ਹਾਂ ਵਿਚ ਕਤਲ ਦੇ ਮਾਮਲੇ ਵੀ ਦਰਜ ਹੋ ਚੁੱਕੇ ਹਨ। ਇਸ ਦੇ ਚਲਦਿਆਂ ਹੀ ਗਵਾਹਾਂ ਨੂੰ ਸੁਰੱਖਿਆ ਦੇਣ ਲਈ ਸੁਪਰੀਮ ਕੋਰਟ ਨੇ ਹੁਕਮ ਦਿਤਾ ਸੀ ਅਤੇ ਸਾਡੇ ਜ਼ਿਲ੍ਹੇ ਦੇ ਜਿਹੜੇ ਗਵਾਹ ਹਨ ਉਨ੍ਹਾਂ ਨੂੰ ਸੁਰੱਖਿਆ ਮਿਲੀ ਹੋਈ ਹੈ ਪਰ ਕਿਸਾਨ ਤਜਿੰਦਰ ਵਿਰਕ ਅਤੇ ਉਨ੍ਹਾਂ ਦੀ ਟੀਮ ਦੇ ਹੋਰ ਕਿਸਾਨ ਜਿਨ੍ਹਾਂ ਵਿਚੋਂ ਦੋ ਉਤਰਾਖੰਡ ਦੇ ਸਨ ਅਤੇ ਦੋ ਰਾਮਪੁਰ ਦੇ ਸਨ, ਉਨ੍ਹਾਂ ਨੂੰ ਸੁਰੱਖਿਆ ਨਹੀਂ ਦਿਤੀ ਗਈ ਹੈ।

ਮਾਂਗਟ ਨੇ ਦੱਸਿਆ ਕਿ ਤਜਿੰਦਰ ਵਿਰਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ ਅਤੇ ਇੱਕ ਹੋਰ ਕਿਸਾਨ ਹਰਪਾਲ ਚੀਮਾ ਦੀ ਚਾਰ ਵਾਰ ਪਰ ਦੀ ਸਰਜਰੀ ਹੋ ਚੁੱਕੀ ਹੈ ਪਰ ਉਹਨਾਂ ਨੂੰ ਕੋਈ ਵੀ ਸੁਰੱਖਿਆ ਨਹੀਂ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਇਨਸਾਫ਼ ਦੇਣ ਲਈ ਗਵਾਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਪਰ ਸਰਕਾਰ ਉਸ ਤੋਂ ਭੱਜ ਰਹੀ ਹੈ।