ਜਿਸ ਦਿਨ ਦਾ ਮੈਨੂੰ ਗ੍ਰਹਿ ਮੰਤਰਾਲਾ ਮਿਲਿਐ, ਨਵਜੋਤ ਸਿੱਧੂ ਮੇਰੇ ਨਾਲ ਨਾਰਾਜ਼ ਹਨ : ਰੰਧਾਵਾ

ਏਜੰਸੀ

ਖ਼ਬਰਾਂ, ਪੰਜਾਬ

ਜਿਸ ਦਿਨ ਦਾ ਮੈਨੂੰ ਗ੍ਰਹਿ ਮੰਤਰਾਲਾ ਮਿਲਿਐ, ਨਵਜੋਤ ਸਿੱਧੂ ਮੇਰੇ ਨਾਲ ਨਾਰਾਜ਼ ਹਨ : ਰੰਧਾਵਾ

image

 

ਜੇਕਰ ਸਿੱਧੂ ਕਹਿਣ ਤਾਂ ਮੈਂ ਸਿਆਸਤ ਵੀ ਛੱਡਣ ਲਈ ਤਿਆਰ ਹਾਂ


ਚੰਡੀਗੜ੍ਹ, 2 ਜਨਵਰੀ (ਸ.ਸ.ਸ.) : ਪੰਜਾਬ ਦੇ ਡਿਪਟੀ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਕ ਇੰਟਰਵਿਊ ਦੌਰਾਨ ਅਪਣੇ ਅੰਦਰਲੇ ਕਈ ਰਾਜ਼ ਖੋਲ੍ਹੇ | ਪਹਿਲੀ ਗੱਲ ਉਨ੍ਹਾਂ ਨਵਜੋਤ ਸਿੰਘ ਸਿੱਧੂ ਬਾਰੇ ਕੀਤੀ | ਉਨ੍ਹਾਂ ਕਿਹਾ ਕਿ ਜਿਸ ਦਿਨ ਦੀ ਉਨ੍ਹਾਂ ਨੂੰ  ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਮਿਲੀ ਹੈ, ਉਸ ਦਿਨ ਤੋਂ ਉਹ ਮੇਰੇ ਨਾਲ ਨਾਰਾਜ਼ ਹਨ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਿੱਧੂ ਕਹਿਣ ਤਾਂ ਉਹ ਅੱਜ ਹੀ ਗ੍ਰਹਿ ਮੰਤਰਾਲਾ ਛੱਡ ਸਕਦੇ ਹਨ | ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਾਰੇ ਇਕੱਠੇ ਹੋ ਕੇ ਚੋਣਾਂ ਵਿਚ ਉਤਰਨ | ਇਕ ਸਵਾਲ ਦੇ ਜਵਾਬ ਵਿਚ ਰੰਧਾਵਾ ਨੇ ਕਿਹਾ ਕਿ ਚੋਣਾਂ ਲਈ ਲਾੜਾ ਚੁਣਨਾ ਹਾਈ ਕਮਾਨ ਦੀ ਜ਼ਿੰਮੇਵਾਰੀ ਹੈ |
ਰੰਧਾਵਾ ਨੇ ਕਿਹਾ ਕਿ ਜੇ ਸਿੱਧੂ ਕਹਿਣ ਤਾਂ ਮੈਂ ਸਿਆਸਤ ਵੀ ਛੱਡਣ ਲਈ ਤਿਆਰ ਹਾਂ | ਰੰਧਾਵਾ ਨੇ ਨਵਜੋਤ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਉਹ ਬਹੁਤ ਜ਼ਿਆਦਾ ਇੱਛਾਵਾਦੀ ਹਨ | ਉਨ੍ਹਾਂ ਨੂੰ  ਪਾਰਟੀ ਨੂੰ  ਅੱਗੇ ਰਖਣਾ ਚਾਹੀਦਾ ਹੈ, ਨਾ ਕਿ ਮੈਂ ਇਹ ਕਰ ਦੇਵਾਂਗਾ ਜਾਂ ਉਹ ਕਰ ਦੇਵਾਂਗਾ, ਇੱਦਾਂ ਕਹਿਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਨ ਨਾਲੋਂ ਪਾਰਟੀ ਪ੍ਰਧਾਨ ਬਣਨਾ ਕਿਤੇ ਉਪਰ ਹੁੰਦਾ ਹੈ ਤੇ ਇਹ ਬਹੁਤ ਮਾਣ ਵਾਲੀ ਗੱਲ ਵੀ ਹੁੰਦੀ ਹੈ |
ਮਜੀਠੀਆ ਮਾਮਲੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਹ ਬੇਕਸੂਰ ਹਨ ਤਾਂ ਉਹ ਸਾਹਮਣੇ ਆਉਣ | ਇਹ ਪੁਛਣ 'ਤੇ ਕਿ ਅਕਾਲੀ ਦਲ ਇਸ ਨੂੰ  ਸਿਆਸੀ ਬਦਲਾਖੋਰੀ ਦਾ ਨਾਂ ਦੇ ਰਿਹਾ ਹੈ ਤਾਂ ਰੰਧਾਵਾ ਨੇ ਕਿਹਾ ਕਿ ਸਰਕਾਰ ਨੇ ਅਦਾਲਤ ਰਾਹੀਂ ਐਫ਼.ਆਈ.ਆਰ ਦਰਜ
ਕੀਤੀ ਹੈ ਤੇ ਇਹ ਕਿਸੇ ਤਰ੍ਹਾਂ ਵੀ ਸਿਆਸੀ ਸਟੰਟ ਨਹੀਂ ਹੈ | ਉਨ੍ਹਾਂ ਇਹ ਵੀ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਵਿਰੁਧ ਕਾਰਵਾਈ ਕਰਨ ਸਿਆਸੀ ਬਦਲਾਖੋਰੀ ਕਿਵੇਂ ਹੋ ਸਕਦੀ ਹੈ |
ਇਸ ਨਾਲ ਹੀ ਜਦੋਂ ਉਨ੍ਹਾਂ ਨੂੰ  ਪੁਛਿਆ ਗਿਆ ਕਿ ਅੱਜ ਕਲ ਸੋਸ਼ਲ ਮੀਡੀਆ 'ਤੇ ਮਜੀਠੀਆ ਦੀ ਗੁਰਦਵਾਰਾ ਸਾਹਿਬ ਵਿਖੇ ਮੱਥਾ ਟੇਕਣ ਦੀ ਤਸਵੀਰ ਵਾਇਰਲ ਹੋ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਤਸਵੀਰ ਪੁਰਾਣੀ ਹੈ ਪਰ ਮਜੀਠੀਆ ਦੀ ਗਿ੍ਫ਼ਤਾਰੀ ਹੋਣੀ ਤੈਅ ਹੈ ਤੇ ਪੁਲਿਸ ਨੂੰ  ਜਿਥੇ ਵੀ ਕਨਸੋਅ ਮਿਲਦੀ ਹੈ, ਉਥੇ ਹੀ ਛਾਪੇਮਾਰੀ ਕਰ ਰਹੀ ਹੈ | ਕੈਪਟਨ ਅਮਰਿੰਦਰ ਸਿੰਘ ਬਾਰੇ ਗੱਲ ਕਰਦਿਆਂ ਰੰਧਾਵਾ ਨੇ ਕਿਹਾ ਕਿ ਕੈਪਟਨ ਨੇ ਭਾਜਪਾ ਦੇ ਪੈਰੀਂ ਪੈ ਕੇ ਅਪਣਾ ਅਕਸ਼ ਖ਼ਰਾਬ ਕਰ ਲਿਆ ਹੈ ਤੇ ਇਸ ਵੇਲੇ ਉਨ੍ਹਾਂ ਦਾ ਵਜ਼ੂਦ ਖ਼ਤਮ ਹੈ |