MP ਰਵਨੀਤ ਬਿੱਟੂ ਨੇ ਇੰਦਰਜੀਤ ਇੰਦੀ ਨੂੰ ਥਰਡ ਡਿਗਰੀ ਦੇਣ ਦੀ ਕਹੀ ਗੱਲ, ਵਿਜੀਲੈਂਸ ’ਤੇ ਲਗਾਏ ਗੰਭੀਰ ਇਲਜ਼ਾਮ
ਇਸ ਤੋਂ ਘਿਨੌਣੀ ਹਰਕਤ ਇਹ ਹੈ ਕਿ SSP ਤੇ DSP ਨੇ ਇੰਦੀ ਨੂੰ ਕਰੰਟ ਲਗਾਉਣ ਲਈ ਬੈਟਰੀਆਂ ਲਿਆ ਕੇ ਰੱਖ ਦਿੱਤੀਆਂ...
ਚੰਡੀਗੜ੍ਹ - ਅੱਜ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਪੋਕਸਮੈਨ ਨਾਲ ਖਾਸ ਗੱਲਬਾਤ ਕੀਤੀ ਜਿਸ ਦੌਰਾਨ ਉਹ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀ. ਏ. ਇੰਦਰਜੀਤ ਇੰਦੀ ਦੇ ਹੱਕ 'ਚ ਉੱਤਰੇ ਹਨ ਜਿਸ ਨੇ ਬੀਤੇ ਦਿਨ ਹੀ ਅਪਣੇ ਆਪ ਨੂੰ ਸਰੈਂਡਰ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਨੂੰ 4-5 ਮਹੀਨੇ ਹੋ ਚੁੱਕੇ ਹਨ ਪਰ ਸਰਕਾਰ ਦਾ ਤਾਨਾਸ਼ਾਹ ਧੱਕਾ ਚੱਲ ਰਿਹਾ ਹੈ।
ਵਿਜੀਲੈਂਸ ਦਫ਼ਤਰ ਅੰਦਰ ਬੈਠੇ ਫੂਡ ਸਪਲਾਈ ਮਹਿਕਮੇ ਦੇ ਮੁਲਾਜ਼ਮਾਂ ਤੇ ਹੋਰ ਅਫ਼ਸਰਾਂ ਤੋਂ ਪਤਾ ਲੱਗਿਆ ਹੈ ਕਿ ਵਿਜੀਲੈਂਸ ਵੱਲੋਂ ਇੰਦਰਜੀਤ ਇੰਦੀ ਨਾਲ ਕੀ ਵਿਵਹਾਰ ਕੀਤਾ ਗਿਆ। ਉਸ ਨੂੰ ਥਰਡ ਡਿਗਰੀ ਦਿੱਤੀ ਗਈ। ਅੰਦਰੋਂ ਕੁੱਟਮਾਰ ਦੀਆਂ ਆਵਾਜ਼ਾਂ ਆਉਣ ਤੋਂ ਬਾਅਦ ਮੁਲਾਜ਼ਮਾਂ ਨੇ ਅਫ਼ਸਰਾਂ ਨੂੰ ਪੁੱਛਿਆ ਕਿ ਇਹ ਕਿਸ ਦੀਆਂ ਆਵਾਜ਼ਾਂ ਹਨ ਤਾਂ ਅਫ਼ਸਰਾਂ ਨੇ ਦੱਸਿਆ ਕਿ ਅੱਜ ਇੰਦਰਜੀਤ ਇੰਦੀ ਜੋ ਕਾਂਗਰਸ ਪਾਰਟੀ ਦੇ ਵਰਕਰ ਤੇ ਜੋ ਆਸ਼ੂ ਦੀ ਸੇਵਾ ਕਰਦੇ ਸੀ ਉਨ੍ਹਾਂ ਦੀ ਪੁੱਛਗਿੱਛ ਚੱਲ ਰਹੀ ਹੈ।
ਇਸ ਤੋਂ ਘਿਨੌਣੀ ਹਰਕਤ ਇਹ ਹੈ ਕਿ SSP ਤੇ DSP ਨੇ ਇੰਦੀ ਨੂੰ ਕਰੰਟ ਲਗਾਉਣ ਲਈ ਬੈਟਰੀਆਂ ਲਿਆ ਕੇ ਰੱਖ ਦਿੱਤੀਆਂ। ਇਨ੍ਹਾਂ ਨੇ ਇੰਦੀ ਨੂੰ ਕਿਹਾ ਕਿ ਤੇਰੇ ਇਕੱਲੀ ਧੀ ਹੈ ਤੈਨੂੰ ਨਪੁੰਸਕ ਬਣਾ ਦੇਣਾ ਤੇਰੇ ਕਰੰਟ ਲਗਾ ਕੇ ਤੇ ਤੇਰੇ ਅਗਲਾ ਬੱਚਾ ਬੇਟਾ ਨਹੀਂ ਹੋਣ ਦੇਣਾ।
ਇਸ ਦੇ ਨਾਲ ਹੀ ‘ਭਾਰਤ ਜੋੜੋ ਯਾਤਰਾ’ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਕੁੱਝ ਦਿਨਾਂ ਵਿਚ ਪੰਜਾਬ ਆ ਰਹੇ ਹਨ ਤੇ ਜੇ ਇਹ ਡਰਾਉਣਾ ਧਮਕਾਉਣ ਬੰਦ ਨਾ ਹੋਇਆ ਤਾਂ ਅਸੀਂ ਇਸ ਮੁੱਦੇ ਨੂੰ ਅੱਗੇ ਲੈ ਕੇ ਜਾਵਾਂਗੇ ਅਤੇ ਜੇਕਰ ਲੋੜ ਪਈ ਤਾਂ 'ਭਾਰਤ ਜੋੜੋ ਯਾਤਰਾ' ਦਾ ਮੂੰਹ ਵਿਜੀਲੈਂਸ ਦਫ਼ਤਰ ਵੱਲ ਮੋੜ ਦਿੱਤਾ ਜਾਵੇਗਾ।
ਏਡੀਜੀਪੀ, ਡੀਜੀਪੀ ਤੇ ਹਾਈਕੋਰਟ ਨੂੰ ਰੇਡ ਮਾਰਨ ਦੀ ਬਨੇਤੀ ਕੀਤੀ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਇਹ ਕਿਹੜੇ-ਕਿਹੜੇ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਕਰ ਰਹੇ ਹਨ।
ਰਵਨੀਤ ਬਿੱਟੂ ਨੇ ਚਿਤਾਵਨੀ ਦਿੰਦਿਆਂ ਵਿਜੀਲੈਂਸ ਨੂੰ ਕਿਹਾ ਕਿ ਜੇ ਇੰਦੀ ਵਰਗੇ ਵਰਕਰ ਨਾਲ ਅਜਿਹੀ ਗੱਲ ਦੁਬਾਰਾ ਹੋਈ ਤਾਂ ਇਹ ਆਪਣਾ ਹਿਸਾਬ ਲਗਾ ਲੈਣ। ਇਹ ਸਹਿਣਯੋਗ ਨਹੀਂ ਹੈ।
ਪੱਤਰਕਾਰ ਵਲੋਂ ਪੰਜਾਬ ਦੇ ਮਾਹੌਲ ਬਾਰੇ ਪੁੱਛਣ ਤੋਂ ਬਾਅਦ ਰਵਨੀਤ ਬਿੱਟੂ ਨੇ ਕਿਹਾ ਕਿ ਸਰਕਾਰ ਸਿਰਫ਼ ਵਿਜੀਂਲੈਂਸ ਤੋਂ ਕੰਮ ਚਲਾ ਰਹੀ ਹੈ। ਸੀਐੱਮ ਦੇ ਖ਼ੁਦ ਦੇ ਘਰ ਬਾਹਰੋਂ ਬੰਬ ਮਿਲਿਆ ਤਾਂ ਪਿੱਛੇ ਰਹਿ ਕੀ ਗਿਆ।
ਅੱਜ ਇਕ ਸਭ ਤੋਂ ਮਾੜੀ ਗੱਲ ਇਹ ਹੈ ਕਿ ਇਨ੍ਹਾਂ ਦੇ ਹਾਲਾਤਾਂ ਕਰ ਕੇ ਯੋਗੀ ਜੋ ਚੰਡੀਗੜ੍ਹ ’ਚ ਇੰਡਸਟਰੀ ਸਮਿੱਟ ਰਖ ਰਹੇ ਹਨ। ਉਹ ਕਹਿੰਦੇ ਕਿ ਪੰਜਾਬ ’ਚ ਇਸ ਵੇਲੇ ਸ਼ਾਤੀ ਨਹੀਂ ਹੈ। ਪੰਜਾਬ ਦੇ ਉਦਯੋਗਪਤੀ ਸੂਬੇ ਵਿਚ 'ਵਿਗੜਦੀ ਕਾਨੂੰਨ ਵਿਵਸਥਾ' ਕਾਰਨ ਯੂਪੀ ਵਿਚ ਨਿਵੇਸ਼ ਕਰਨਾ ਚਾਹੁੰਦੇ ਹਨ। ਉਹ ਕਹਿੰਦੇ ਹਨ ਕਿ ਤੁਹਾਡੇ ਕਦੋਂ ਗੋਲੀ ਚੱਲ ਜਾਵੇ ਤੇ ਕਦੋਂ ਕੋਈ ਤਨਖਾਹਾਂ ਵਾਲੇ ਬੈਗ ਖੋਹ ਕੇ ਲੈ ਜਾਣ। ਲੁਧਿਆਣਾ ’ਚ ਗੱਡੀ ’ਚੋਂ ਚੋਰੀ ਹੋਏ 60 ਲੱਖ ਰੁਪਏ ਦਾ ਹਾਲੇ ਤੱਕ ਨਹੀਂ ਪਤਾ ਲੱਗਿਆ।
ਇਹ ਅਫ਼ਸਰ ਸਰਕਾਰ ਦੀ ਕਠਪੁਤਲੀ ਨਾ ਬਣਨ ਤੇ ਨਾ ਸਰਕਾਰ ਦੇ ਇਸ਼ਾਰਿਆਂ ’ਤੇ ਖੇਡਣ। ਬਾਅਦ ’ਚ ਝੱਲਣਾ ਇਨ੍ਹਾਂ ਨੂੰ ਪੈਣਾ ਇਹ ਮੋਢੇ ਭਾਰ ਨੀ ਝੱਲਣੇ।
ਉਹਨਾਂ ਨੇ ਸਿੱਧੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੋ ਕਰਨਾ ਹੈ ਸਾਡੇ ਨਾਲ ਤੇ ਭਾਰਤ ਭੂਸ਼ਣ ਆਸ਼ੂ ਨਾਲ ਕਰਨ ਪਰ ਜੇ ਸਾਡੇ ਵਰਕਰ ਨਾਲ ਅਜਿਹੀ ਗੱਲ ਫਿਰ ਪਤਾ ਲੱਗੀ ਤਾਂ ਇੱਥੇ ਇੱਟ ਨਾਲ ਇੱਟ ਖੜਕੇਗੀ। ਇਹ ਮੇਰੀ ਚਿਤਾਵਨੀ ਸਮਝੋ।
ਰਵਨੀਤ ਬਿੱਟੂ ਨੇ ਕਿਹਾ ਕਿ ਅਸੀਂ ਏਡੀਜੀਪੀ, ਡੀਜੀਪੀ ਤੇ ਕੋਰਟ ਨੂੰ ਦਰਖਾਸਤ ਦੇਵਾਂਗੇ ਕਿ ਇੱਥੇ ਪਤਾ ਲਗਾਇਆ ਜਾਵੇ ਕਿ ਇੱਥੇ ਕਿਹੜੇ-ਕਿਹੜੇ ਮਨੁੱਖੀ ਅਧਿਕਾਰ ਤੋੜੇ ਜਾ ਰਹੇ ਹਨ।