ਅੰਮ੍ਰਿਤਸਰ ਵਿੱਚ ਭਾਜਪਾ ਵੱਲੋਂ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਨ ਮਨਾਇਆ
ਤਰੁਣ ਚੁੱਘ ਨੇ ਭੇਂਟ ਕੀਤੀ ਸ਼ਰਧਾਂਜਲੀ, ‘ਅਟਲ ਜੀ ਦੇ ਨਕਸ਼ੇ ਕਦਮਾਂ ’ਤੇ ਚੱਲਣ ਦੀ ਲੋੜ’
ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਦੇ ਸਾਬਕਾ ਅਤੇ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਜਨਮਦਿਨ ਸ਼ਰਧਾ ਅਤੇ ਸਨਮਾਨ ਨਾਲ ਮਨਾਇਆ ਗਿਆ। ਇਹ ਸਮਾਗਮ ਭਾਜਪਾ ਦੇ ਸੀਨੀਅਰ ਨੇਤਾ ਤਰੁਣ ਚੁੱਗ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਅਟਲ ਬਿਹਾਰੀ ਵਾਜਪਾਈ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਅਤੇ ਆਗੂ ਮੌਜੂਦ ਰਹੇ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਤਰੁਣ ਚੁੱਗ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਜੀ ਭਾਰਤੀ ਰਾਜਨੀਤੀ ਦੇ ਉਹ ਨੇਤਾ ਸਨ ਜਿਨ੍ਹਾਂ ਨੇ ਦੇਸ਼ਹਿਤ ਨੂੰ ਹਮੇਸ਼ਾ ਸਿਆਸਤ ਤੋਂ ਉੱਪਰ ਰੱਖਿਆ। ਉਨ੍ਹਾਂ ਕਿਹਾ ਕਿ ਅਟਲ ਜੀ ਦੇ ਨਕਸ਼ੇ ਕਦਮਾਂ ’ਤੇ ਚੱਲ ਕੇ ਹੀ ਦੇਸ਼ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਤਰੁਣ ਚੁੱਗ ਨੇ ਕਿਹਾ ਕਿ ਵਾਜਪਾਈ ਜੀ ਦੀ ਸੋਚ, ਨੀਤੀਆਂ ਅਤੇ ਨੇਤ੍ਰਤਵ ਅੱਜ ਵੀ ਦੇਸ਼ ਲਈ ਪ੍ਰੇਰਣਾ ਦਾ ਸਰੋਤ ਹਨ।
ਏਆਈ ਨਾਲ ਜੁੜੇ ਮਸਲੇ ’ਤੇ ਗੱਲ ਕਰਦਿਆਂ ਤਰੁਣ ਚੁੱਗ ਨੇ ਕਿਹਾ ਕਿ ਇਸ ਖੇਤਰ ਵਿੱਚ ਕੀਤੇ ਜਾ ਰਹੇ ਕਦਮ ਸ਼ਲਾਘਾ ਯੋਗ ਹਨ, ਕਿਉਂਕਿ ਇਸ ਨਾਲ ਕਈ ਲੋਕਾਂ ਦੀ ਗਲਤ ਤਰੀਕੇ ਨਾਲ ਖਰਾਬ ਕੀਤੀ ਜਾ ਰਹੀ ਛਵੀ ’ਤੇ ਰੋਕ ਲੱਗ ਸਕੇਗੀ। ਉਨ੍ਹਾਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਵਿਦੇਸ਼ ਯਾਤਰਾ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੂੰ ਭਾਰਤ ਦੀ ਕੋਈ ਚਿੰਤਾ ਨਹੀਂ, ਉਹ ਜ਼ਿਆਦਾਤਰ ਸਮਾਂ ਦੇਸ਼ ਤੋਂ ਬਾਹਰ ਹੀ ਰਹਿੰਦੇ ਹਨ ਅਤੇ ਸਿਰਫ਼ ਬਿਆਨਬਾਜ਼ੀ ਕਰਨੀ ਉਨ੍ਹਾਂ ਦੀ ਆਦਤ ਬਣ ਚੁੱਕੀ ਹੈ।
ਬੰਗਲਾਦੇਸ਼ ਵਿੱਚ ਹਿੰਦੂਆਂ ਨਾਲ ਹੋ ਰਹੇ ਅੱਤਿਆਚਾਰਾਂ ਨੂੰ ਲੈ ਕੇ ਤਰੁਣ ਚੁੱਗ ਨੇ ਕਿਹਾ ਕਿ ਇਹ ਘਟਨਾਵਾਂ ਬਹੁਤ ਹੀ ਨਿੰਦਨਯੋਗ ਹਨ। ਉਨ੍ਹਾਂ ਦੋਹਰਾਇਆ ਕਿ ਭਾਰਤੀ ਜਨਤਾ ਪਾਰਟੀ ਬੰਗਲਾਦੇਸ਼ ਵਿੱਚ ਰਹਿ ਰਹੇ ਹਿੰਦੂਆਂ ਅਤੇ ਭਾਰਤੀਆਂ ਦੇ ਨਾਲ ਪੂਰੀ ਤਰ੍ਹਾਂ ਖੜੀ ਹੈ।
328 ਪਾਵਨ ਸਰੂਪ ਮਾਮਲੇ ’ਤੇ ਬੋਲਦੇ ਹੋਏ ਤਰੁਣ ਚੁੱਗ ਨੇ ਕਿਹਾ ਕਿ ਇਸ ਕੇਸ ਵਿੱਚ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਮਾਮਲੇ ਨੂੰ ਸਿਆਸਤ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। 2027 ਦੀ ਵਿਧਾਨ ਸਭਾ ਚੋਣਾਂ ਬਾਰੇ ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣੇਗੀ ਅਤੇ ਪਾਰਟੀ 117 ਹੀ ਵਿਧਾਨ ਸਭਾ ਹਲਕਿਆਂ ਵਿੱਚ ਆਪਣੇ ਉਮੀਦਵਾਰ ਖੜੇ ਕਰੇਗੀ। ਉਨ੍ਹਾਂ ਸਾਫ਼ ਕੀਤਾ ਕਿ ਅਕਾਲੀ ਦਲ ਨਾਲ ਕੋਈ ਗਠਜੋੜ ਨਹੀਂ ਕੀਤਾ ਜਾਵੇਗਾ।
ਮਾਨ ਸਰਕਾਰ ਦੇ 2025 ਦੇ ਰਿਪੋਰਟ ਕਾਰਡ ’ਤੇ ਤਿੱਖਾ ਹਮਲਾ ਕਰਦਿਆਂ ਤਰੁਣ ਚੁੱਗ ਨੇ ਕਿਹਾ ਕਿ ਪੰਜਾਬ ਵਿੱਚ ਆਏ ਹੜ੍ਹ ਮਾਨ-ਮੇਡ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਭਰ ਵਿੱਚ ਅਵੈਧ ਮਾਈਨਿੰਗ ਹੋ ਰਹੀ ਹੈ ਅਤੇ ਸੂਬੇ ਵਿੱਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਡਿੱਗ ਚੁੱਕੀ ਹੈ। ਥਾਣਿਆਂ ’ਤੇ ਬੰਬ ਧਮਾਕੇ ਅਤੇ ਰੋਜ਼ਾਨਾ ਗੋਲੀਆਂ ਚੱਲਣ ਦੀਆਂ ਘਟਨਾਵਾਂ ਪੰਜਾਬ ਵਿੱਚ ਐਮਰਜੈਂਸੀ ਵਰਗੇ ਹਾਲਾਤ ਬਣਾਉਂਦੀਆਂ ਹਨ।