ਰੂਸ-ਯੂਕਰੇਨ ਜੰਗ ’ਚ ਜਲੰਧਰ ਦੇ ਨੌਜਵਾਨ ਮਨਦੀਪ ਕੁਮਾਰ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਗਹੀਣ ਮਨਦੀਪ ਸਿੰਘ ਨੂੰ ਧੱਕੇ ਨਾਲ ਰੂਸ ਦੀ ਫ਼ੌਜ ’ਚ ਕੀਤਾ ਗਿਆ ਸੀ ਭਰਤੀ

Jalandhar youth Mandeep Kumar dies in Russia-Ukraine war

ਜਲੰਧਰ : ਰੂਸ-ਯੂਕਰੇਨ ’ਚ ਲਗਾਤਾਰ ਜੰਗ ਜਾਰੀ ਹੈ ਅਤੇ ਇਸ ਜੰਗ ’ਚ ਕਈ ਭਾਰਤੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ । ਹੁਣ ਜਲੰਧਰ ਦੇ ਨੌਜਵਾਨ ਦੀ ਰੂਸੀ ਜੰਗ ਵਿੱਚ ਮੌਤ ਹੋ ਗਈ ਹੈ । ਮਿਲੀ ਜਾਣਕਾਰੀ ਅਨੁਸਾਰ ਗੋਰਾਇਆ ਦਾ ਰਹਿਣ ਵਾਲਾ 30 ਸਾਲਾ ਮਨਦੀਪ ਕੁਮਾਰ ਬਹੁਤ ਸਮੇਂ ਤੋਂ ਰੂਸ ਗਿਆ ਹੋਇਆ ਸੀ, ਜਿੱਥੇ ਉਹ ਟਰੈਵਲ ਏਜੰਟਾਂ ਦੇ ਝਾਂਸੇ ਵਿੱਚ ਆ ਗਿਆ ਅਤੇ ਉਸ ਨੂੰ ਜ਼ਬਰਦਸਤੀ ਰੂਸੀ ਫੌਜ ਵਿੱਚ ਭਰਤੀ ਕਰ ਲਿਆ ਗਿਆ ਸੀ।

ਮਨਦੀਪ ਦਾ ਭਰਾ ਜਗਦੀਪ ਉਸ ਨੂੰ ਲੱਭਣ ਲਈ ਰੂਸ ਵੀ ਗਿਆ ਸੀ ਅਤੇ ਜਗਦੀਪ ਨੇ ਇਸ ਮਾਮਲੇ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਅੱਗੇ ਵੀ ਚੁੱਕਿਆ ਸੀ। ਜ਼ਿਕਰਯੋਗ ਹੈ ਕਿ ਮਨਦੀਪ ਕੁਮਾਰ 17 ਸਤੰਬਰ 2023 ਨੂੰ ਇੱਕ ਰਿਸ਼ਤੇਦਾਰ ਅਤੇ ਤਿੰਨ ਜਾਣਕਾਰਾਂ ਨਾਲ ਅਰਮੀਨੀਆ ਲਈ ਰਵਾਨਾ ਹੋਇਆ ਸੀ।  ਉਨ੍ਹਾਂ ਨੇ ਤਿੰਨ ਮਹੀਨੇ ਅਰਮੀਨੀਆ ’ਚ ਮਜ਼ਦੂਰ ਵਜੋਂ ਕੰਮ ਕੀਤਾ ਅਤੇ 9 ਦਸੰਬਰ 2023 ਨੂੰ ਉਹ ਰੂਸ ਪਹੁੰਚਿਆ । ਜਦਕਿ ਉਸ ਦਾ ਰਿਸ਼ਤੇਦਾਰ ਅਤੇ ਤਿੰਨ ਹੋਰ ਸਾਥੀ ਭਾਰਤ ਵਾਪਸ ਆ ਗਏ।

ਮ੍ਰਿਤਕ ਮਨਦੀਪ ਦੇ ਭਰਾ ਜਗਦੀਪ ਕੁਮਾਰ ਨੇ ਕਿਹਾ ਕਿ ਉਹ ਪਤਾ ਕਰਨਗੇ ਕਿ ਅੰਗਹੀਣ ਹੋਣ ਦੇ ਬਾਵਜੂਦ ਉਸ ਦੇ ਭਰਾ ਨੂੰ ਰੂਸੀ ਫੌਜ ਵਿੱਚ ਕਿਵੇਂ ਭਰਤੀ ਕੀਤਾ ਗਿਆ, ਕਿਉਂਕਿ ਅੰਗਹੀਣ ਵਿਅਕਤੀ ਫੌਜ ਵਿੱਚ ਭਰਤੀ ਹੋਣ ਦੇ ਯੋਗ ਨਹੀਂ ਹੁੰਦੇ । ਉਹ ਇਸ ਮਾਮਲੇ ਵਿੱਚ ਵਿਦੇਸ਼ ਮੰਤਰਾਲੇ ਅਤੇ ਰੂਸੀ ਸਰਕਾਰ ਨਾਲ ਗੱਲ ਕਰਨਗੇ ਅਤੇ ਰੂਸੀ ਅਦਾਲਤ ਵਿੱਚ ਮੁਕੱਦਮਾ ਵੀ ਦਰਜ ਕਰਨਗੇ।

ਪ੍ਰਾਪਤ ਜਾਣਕਾਰੀ ਅਨੁਸਾਰ ਮਨਦੀਪ ਕੁਮਾਰ ਦੀ ਮ੍ਰਿਤਕ ਦੇਹ ਅੱਜ ਦੁਪਹਿਰ 1 ਵਜੇ ਦਿੱਲੀ ਏਅਰਪੋਰਟ ’ਤੇ ਪਹੁੰਚੀ ਸੀ ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਅੰਤਿਮ ਸਸਕਾਰ ਲਈ ਜਲੰਧਰ ਲਿਆਂਦਾ ਜਾ ਰਿਹਾ ਹੈ, ਜਿੱਥੇ ਮਨਦੀਪ ਕੁਮਾਰ ਦੀਆਂ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ।