ਵਿਧਾਨ ਸਭਾ ਦੀਆਂ 117 'ਚੋਂ 80 ਸੀਟਾਂ 'ਤੇ ਉਤਾਰਾਂਗੇ ਨਵੇਂ ਚਿਹਰੇ : ਰਾਜਾ ਵੜਿੰਗ
ਕਿਹਾ : ਮੁੱਖ ਮੰਤਰੀ ਚਿਹਰੇ ਸਬੰਧੀ ਰਾਹੁਲ ਗਾਂਧੀ ਦੇ ਮਲਿਕਾ ਅਰਜਨ ਖੜਗੇ ਕਰਨਗੇ ਫ਼ੈਸਲਾ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਇਕ ਬਿਆਨ ਦੇ ਕੇ ਆਪਣੀ ਹੀ ਪਾਰਟੀ ਵਿਚ ਹਿਲਜੁਲ ਪੈਦਾ ਕਰ ਦਿੱਤਾ ਹੈ। ਵੜਿੰਗ ਨੇ ਕਿਹਾ ਕਿ ਇਸ ਵਾਰ 117 ਸੀਟਾਂ ਵਿੱਚੋਂ 80 ਸੀਟਾਂ 'ਤੇ ਨਵੇਂ ਚਿਹਰਿਆਂ ਨੂੰ ਟਿਕਟ ਦਿੱਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ 2022 ਵਿੱਚ ਚੋਣ ਲੜਨ ਵਾਲੇ ਆਗੂਆਂ ਦੇ ਟਿਕਟ ਕੱਟੇ ਜਾਣਗੇ।
ਇਸ ਤੋਂ ਇਲਾਵਾ ਵੜਿੰਗ ਨੇ ਮੁੱਖ ਮੰਤਰੀ ਚਿਹਰੇ ਬਾਰੇ ਵੀ ਸਾਫ਼ ਕੀਤਾ ਕਿ ਸੈਲਫ ਡਿਕਲੇਅਰਡ ਬੰਦਾ ਸੀਐੱਮ ਨਹੀਂ ਬਣੇਗਾ, ਲਿਖਵਾ ਕੇ ਲੈ ਲਓ। ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਚਿਹਰੇ ਸਬੰਧੀ ਐਲਾਨ ਕਰਨ ਦਾ ਅਧਿਕਾਰ ਸਿਰਫ਼ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਕੋਲ ਹੈ ਅਤੇ ਉਹੀ ਮੁੱਖ ਮੰਤਰੀ ਚਿਹਰੇ ਸਬੰਧੀ ਐਲਾਨ ਕਰਨਗੇ।
ਰਾਜਾ ਵੜਿੰਗ ਦੇ ਇਸ ਬਿਆਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਰਾਜਾ ਵੜਿੰਗ ਠੀਕ ਕਹਿ ਰਹੇ ਹਨ, ਸੋਸ਼ਲ ਮੀਡੀਆ 'ਤੇ ਖੁਦ ਨੂੰ ਸੀਐੱਮ ਵਜੋਂ ਪੇਸ਼ ਕਰਨਾ ਗਲਤ ਹੈ। ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਕਾਂਗਰਸ ਵਿੱਚ ਸੀਐੱਮ ਦੇ ਦਾਅਵੇਦਾਰਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਹਲਕੇ ਦੀ ਜਿੱਤ ਦੇ ਅੰਕੜੇ ਪੇਸ਼ ਕੀਤੇ। ਚੰਨੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਹਲਕੇ ਵਿੱਚ ਕਾਂਗਰਸ ਪਾਰਟੀ ਨੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਵਿੱਚ ਕਲੀਨ ਸਵੀਪ ਕੀਤਾ ਹੈ। ਉਧਰ ਰਾਜਾ ਵੜਿੰਗ ਨੂੰ ਖੁਦ ਦੇ ਜ਼ਿਲ੍ਹੇ ਮੁਕਤਸਰ ਵਿੱਚ ਕਾਂਗਰਸ ਦਾ ਸੂਪੜਾ ਸਾਫ਼ ਹੋ ਗਿਆ। ਜ਼ਿਕਰਯੋਗ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਮੰਤਰੀ ਦੇ ਚਿਹਰੇ ਨੂੰ ਲੈ ਕੇ ਪੰਜਾਬ ਕਾਂਗਰਸ ਅੰਦਰ ਖਿੱਚੋਤਾਣ ਸ਼ੁਰੂ ਹੋ ਗਈ ਹੈ।
ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਚਰਨਜੀਤ ਸਿੰਘ ਚੰਨੀ ਅਤੇ ਰਾਜਾ ਵੜਿੰਗ ਦੇ ਧੜੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਧੜਿਆਂ ਦੇ ਆਗੂ ਆਪੋ-ਆਪਣੇ ਹਲਕਿਆਂ ਵਿੱਚ ਵਿਧਾਨ ਸਭਾ ਚੋਣਾਂ ਲਈ ਦਾਅਵੇਦਾਰ ਵਜੋਂ ਪੇਸ਼ ਕਰ ਰਹੇ ਹਨ। ਦੋਵੇਂ ਧੜਿਆਂ ਦੇ ਸਮਰਥਕਾਂ ਵੱਲੋਂ ਆਪੋ-ਆਪਣੇ ਆਗੂਆਂ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਸਾਬਕਾ ਕ੍ਰਿਕਟਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਵੀ ਐਲਾਨ ਕਰ ਚੁੱਕੀ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਸੀਐੱਮ ਚਿਹਰਾ ਬਣਾਇਆ ਜਾਵੇ ਤਾਂ ਉਹ ਪਾਰਟੀ ਲਈ ਕੰਮ ਕਰਨਗੇ। ਜਦਕਿ ਨਵਜੋਤ ਕੌਰ ਸਿੱਧੂ ਦੇ ਇਸ ਬਿਆਨ 'ਤੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਇਤਰਾਜ਼ ਪ੍ਰਗਟਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਚਿਹਰੇ ਵਜੋਂ ਪੇਸ਼ ਕੀਤਾ ਗਿਆ ਸੀ।ਜਦਕਿ ਕਾਂਗਰਸ ਪਾਰਟੀ ਵਿਧਾਨ ਸਭਾ ਚੋਣਾਂ ਦੌਰਾਨ ਸਿਰਫ਼ 18 ਸੀਟਾਂ ਹੀ ਜਿੱਤ ਸਕੀ ਸੀ ਅਤੇ ਮੁੱਖ ਮੰਤਰੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਭਦੌੜ ਅਤੇ ਚਮਕੌਰ ਸਾਹਿਬ ਵਿਧਾਨ ਸਭਾ ਸੀਟਾਂ ਤੋਂ ਚੋਣ ਹਾਰ ਗਏ ਸਨ।