ਭਾਜਪਾ ਵਿਰੁਧ ਬੋਲਣ ਤੋਂ ਬਚ ਰਿਹੈ ਬਾਦਲ ਪਰਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੂਸਰੀ ਕਤਾਰ ਦੇ ਆਗੂ ਕਰ ਰਹੇ ਹਨ ਭਾਜਪਾ ਵਿਰੁਧ ਬਿਆਨਬਾਜ਼ੀ......

Parkash Singh Badal

ਚੰਡੀਗੜ੍ਹ : ਅਕਾਲੀ-ਭਾਜਪਾ ਗਠਜੋੜ ਦੇ ਦੋ ਦਹਾਕਿਆਂ ਤੋਂ ਵੱਧ ਦੇ ਸਿਆਸੀ ਸਫ਼ਰ ਦੌਰਾਨ ਪਹਿਲੀ ਵਾਰ ਅਕਾਲੀ ਆਗੂਆਂ ਵਲੋਂ ਭਾਜਪਾ ਅਤੇ ਆਰ.ਐਸ.ਐਸ ਵਿਰੁਧ ਸਿਆਸੀ ਟਿਪਣੀਆਂ ਅਤੇ ਸਿਖ ਧਰਮ ਵਿਚ ਦਖ਼ਲ ਅੰਦਾਜ਼ੀ ਦੇ ਦੋਸ਼ ਲਾਏ ਜਾ ਰਹੇ ਹਨ। ਇਹ ਵੀ ਅਜੀਬ ਗੱਲ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਐਨ.ਡੀ.ਏ ਸਰਕਾਰ ਖ਼ਾਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਣਗਾਣ ਕਰਨ ਵਾਲੇ ਅਕਾਲੀ ਆਗੂਆਂ ਨੇ ਇਸ ਵਾਰ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ 'ਤੇ ਕੋਈ ਪ੍ਰਤੀਕ੍ਰਿਆ ਨਹੀਂ ਦਿਤੀ। 

ਦਿਲਚਸਪ ਗੱਲ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰਨਾਂ ਅਕਾਲੀ ਆਗੂਆਂ ਵਲੋਂ ਭਾਜਪਾ ਵਿਰੁਧ ਮੋਰਚਾ ਖੋਲ੍ਹਿਆ ਹੋਇਆ ਹੈ ਪਰ ਬਾਦਲ ਪਰਵਾਰ ਵਲੋਂ ਸਿੱਖ ਧਰਮ ਵਿਚ ਭਾਜਪਾ ਦੀ ਦਖ਼ਲ ਅੰਦਾਜ਼ੀ ਵਿਰੁਧ ਮੂੰਹੋ ਇਕ ਸ਼ਬਦ ਨਹੀਂ ਕਢਿਆ ਗਿਆ। ਉਲਟਾ ਬੀਤੇ ਦਿਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਐਨ.ਡੀ.ਏ. ਆਗੂਆਂ ਨੂੰ ਦਿਤੇ ਗਏ ਦੁਪਹਿਰ ਦੇ ਭੋਜਨ 'ਤੇ ਪਾਈ ਗਈ ਕਿਕਲੀ ਨੇ ਬਾਦਲ ਪਰਵਾਰ ਦੇ ਦੋਗਲੇ ਚਿਹਰੇ ਨੂੰ ਫਿਰ ਨੰਗਾ ਕਰ ਦਿਤਾ ਹੈ।  

ਇਥੇ ਦਸਣਾ ਬਣਦਾ ਹੈ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਅਕਾਲੀ ਦਲ ਅਤੇ ਭਾਜਪਾ ਵਿਚ ਖਟਾਸ ਪੈਦਾ ਹੋ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ, ਰਾਜ ਸਭਾ ਮੈਂਬਰ ਗੁਜਰਾਲ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਹੋਰਨਾਂ ਆਗੂਆਂ ਵਲੋਂ ਭਾਜਪਾ ਵਿਰੁਧ ਬਿਆਨਬਾਜ਼ੀ ਕੀਤੀ ਜਾ ਰਹੀ ਹੈ।

ਸੂਤਰ ਦਸਦੇ ਹਨ ਕਿ ਅਕਾਲੀ ਦਲ ਦੀ ਲੀਡਰਸ਼ਿਪ ਖ਼ਾਸ ਕਰਕੇ ਬਾਦਲ ਪਰਵਾਰ ਵਲੋਂ ਭਾਜਪਾ ਲੀਡਰਸ਼ਿਪ 'ਤੇ ਸਿਆਸੀ ਦਬਾਅ ਬਣਾਉਣ ਲਈ ਹੀ ਅਪਣੀ ਦੂਸਰੀ ਕਤਾਰ ਦੇ ਆਗੂਆਂ ਤੋਂ ਬਿਆਨਬਾਜ਼ੀ ਕਰਵਾਈ ਜਾ ਰਹੀ ਹੈ। ਬਾਦਲ ਪਰਵਾਰ ਅਜੇ ਵੀ ਭਾਜਪਾ ਨਾਲ ਗਠਜੋੜ ਤੋੜਨ ਦੇ ਹੱਕ ਵਿਚ ਨਹੀਂ ਹੈ। ਅਕਾਲੀ ਦਲ ਦੀ ਕੋਰ ਕਮੇਟੀ ਦੀ ਐਤਵਾਰ ਨੂੰ ਹੋਣ ਵਾਲੀ ਮੀਟਿੰਗ ਵਿਚ ਮਹਾਰਾਸ਼ਟਰ ਦੀ ਭਾਜਪਾ ਸਰਕਾਰ ਵਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਕੀਤੀ ਜਾ ਰਹੀ ਦਖ਼ਲ ਅੰਦਾਜ਼ੀ ਅਤੇ ਮੌਜੂਦਾ ਸਿਆਸੀ ਹਾਲਾਤ 'ਤੇ ਚਰਚਾ ਕੀਤੀ ਜਾਵੇਗੀ।