ਹਿੰਸਾ ਪ੍ਰਭਾਵਤ ਔਰਤਾਂ ਦੀ ਸਹਾਇਤਾ ਲਈ ਸਾਰੇ ਜ਼ਿਲ੍ਹਿਆਂ 'ਚ 'ਸਖੀ ਕੇਂਦਰ' ਸ਼ੁਰੂ

ਏਜੰਸੀ

ਖ਼ਬਰਾਂ, ਪੰਜਾਬ

ਔਰਤਾਂ ਨੂੰ ਡਾਕਟਰੀ, ਕਾਨੂੰਨੀ ਤੇ ਮਨੋਵਿਗਿਆਨਕ ਸਹਾਇਤਾ ਦਿਤੀ ਜਾਵੇਗੀ : ਅਰੁਨਾ ਚੌਧਰੀ

file photo

ਚੰਡੀਗੜ੍ਹ : ਪੰਜਾਬ ਸਰਕਾਰ ਨੇ ਹਿੰਸਾ ਪ੍ਰਭਾਵਤ ਔਰਤਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਇਕ ਛੱਤ ਥਲੇ ਮੁਹਈਆ ਕਰਨ ਦੇ ਮੰਤਵ ਨਾਲ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ 'ਵਨ ਸਟਾਪ ਸਖੀ ਸੈਂਟਰ' (ਓ.ਐਸ.ਸੀ.) ਸਥਾਪਤ ਕੀਤੇ ਹਨ। ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਇਸ ਵਿਲੱਖਣ ਪਹਿਲ ਤਹਿਤ ਰਾਜ ਭਰ ਵਿਚ 22 ਸਖੀ ਸੈਂਟਰ ਸਫ਼ਲਤਾਪੂਰਵਕ ਚੱਲ ਰਹੇ ਹਨ, ਜਿਨ੍ਹਾਂ ਵਿਚ ਸਮਰਪਤ ਸਟਾਫ਼ ਤਾਇਨਾਤ ਕੀਤਾ ਗਿਆ ਹੈ, ਜੋ ਹਿੰਸਾ ਪ੍ਰਭਾਵਤ ਔਰਤਾਂ ਨੂੰ ਲੋੜੀਂਦੀ ਸਹਾਇਤਾ ਮੁਹਈਆ ਕਰਵਾ ਰਿਹਾ ਹੈ।

ਇਸ ਨਿਵੇਕਲੀ ਪਹਿਲਕਦਮੀ ਬਾਰੇ ਜਾਣੂੰ ਕਰਵਾਉਂਦਿਆਂ ਪੰਜਾਬ ਦੇ ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਕਿ ਹਿੰਸਾ ਪ੍ਰਭਾਵਤ ਔਰਤਾਂ ਨੂੰ ਇਕ ਛੱਤ ਥੱਲੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਜਿਨ੍ਹਾਂ ਵਿਚ ਡਾਕਟਰੀ, ਕਾਨੂੰਨੀ ਸਹੂਲਤ ਤੋਂ ਇਲਾਵਾ ਮਾਨਸਿਕ ਤੌਰ 'ਤੇ ਸਹਾਰਾ ਦੇਣਾ ਸ਼ਾਮਲ ਹੈ, ਮੁਹਈਆ ਕਰਨ ਲਈ ਵਿਭਾਗ ਵਲੋਂ ਇਹ ਸੈਂਟਰ ਚਲਾਏ ਜਾ ਰਹੇ ਹਨ।

ਇਨ੍ਹਾਂ ਸੈਂਟਰਾਂ ਨੂੰ ਹੈਲਪ ਲਾਈਨ ਨੰਬਰ 181 ਸਮੇਤ ਹੋਰ ਸਾਰੀਆਂ ਮੌਜੂਦਾ ਹੈਲਪ ਲਾਈਨਾਂ ਨਾਲ ਜੋੜਿਆ ਗਿਆ ਹੈ ਤਾਂ ਜੋ ਇਨ੍ਹਾਂ ਰਾਹੀਂ ਪ੍ਰਭਾਵਤ ਔਰਤਾਂ 'ਸਖੀ ਸੈਂਟਰਾਂ' ਵਿਚ ਪੁੱਜ ਸਕਣ।

ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਹਿੰਸਾ ਪ੍ਰਭਾਵਤ ਔਰਤਾਂ ਨੂੰ ਐਫ.ਆਈ.ਆਰ. ਦਰਜ ਕਰਵਾਉਣ ਤੋਂ ਲੈ ਕੇ ਹਰ ਤਰ੍ਹਾਂ ਦੀ ਐਮਰਜੈਂਸੀ ਡਾਕਟਰੀ ਸਹੂਲਤ ਮੁਹਈਆ ਕੀਤੀ ਜਾਂਦੀ ਹੈ। ਸੈਂਟਰਾਂ ਵਿਚੋਂ ਹਰੇਕ ਵਿਚ 14 ਪੇਸ਼ੇਵਰ ਕਰਮਚਾਰੀ ਤਾਇਨਾਤ ਹਨ। ਉਨ੍ਹਾਂ ਅੱਗੇ ਦਸਿਆ ਕਿ ਇਸ ਲਈ ਜ਼ਿਲ੍ਹਾ ਪੱਧਰ ਉਤੇ ਵੀ ਹੈਲਪਲਾਈਨ ਨੰਬਰ ਕਾਇਮ ਕੀਤੇ ਗਏ ਹਨ।