ਹਰਿਆਣਵੀ ਕਿਸਾਨਾਂ ਨੇ ਪੰਜਾਬੀ ਕਿਸਾਨਾਂ ਨਾਲ ਇਕਜੁਟਤਾ ਪ੍ਰਗਟ ਕਰਦਿਆਂ ਮੋਦੀ ਸਰਕਾਰ ਨੂੰ ਵੰਗਾਰਿਆ

ਏਜੰਸੀ

ਖ਼ਬਰਾਂ, ਪੰਜਾਬ

ਹਰਿਆਣਵੀ ਕਿਸਾਨਾਂ ਨੇ ਪੰਜਾਬੀ ਕਿਸਾਨਾਂ ਨਾਲ ਇਕਜੁਟਤਾ ਪ੍ਰਗਟ ਕਰਦਿਆਂ ਮੋਦੀ ਸਰਕਾਰ ਨੂੰ ਵੰਗਾਰਿਆ

image

ਨਵੀਂ ਦਿੱਲੀ, 2 ਫ਼ਰਵਰੀ (ਸੈਸਵ ਨਾਗਰਾ): ਦਿੱਲੀ ਬਾਰਡਰ ’ਤੇ ਪਹੁੰਚੇ ਹਰਿਆਣਾ ਦੇ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਨਾਲ ਇਕਜੁਟਤਾ ਪ੍ਰਗਟ ਕਰਦਿਆਂ ਮੋਦੀ ਸਰਕਾਰ ਨੂੰ ਵੰਗਾਰਦਿਆਂ ਕਿਹਾ ਕਿ ਸਰਕਾਰ ਸਾਡੇ ਦੇਸ਼ ਦੇ ਕਿਸਾਨਾਂ ਦੀ ਏਕਤਾ ਨੂੰ ਖੰਡਤ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਪੂਰੇ ਦੇਸ਼ ਲਈ ਕਿਸਾਨ ਇਕਮਤ ਹਨ।
ਹਰਿਆਣਵੀ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਿਲੀਭੁਗਤ ਨਾਲ 26 ਜਨਵਰੀ ਨੂੰ ਜੋ ਕਾਂਡ ਕੀਤਾ ਗਿਆ, ਉਹ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਲਈ ਹੀ ਸੀ। ਉਨ੍ਹਾਂ ਕਿਹਾ ਕਿ ਸਦਕੇ ਜਾਈਏ ਅਸੀਂ ਰਾਕੇਸ਼ ਟਿਕੈਤ ਦੇ ਜਿਨ੍ਹਾਂ ਦੀ ਭਾਵੁਕ ਅਪੀਲ ਨੇ ਪੂਰੇ ਦੇਸ਼ ਦੀ ਕਿਸਾਨਾਂ ਨੂੰ ਇਕ ਵਾਰ ਫਿਰ ਤੋਂ ਇਕੱਠੇ ਕਰ ਦਿਤਾ ਹੈ। ਭਾਜਪਾ ਸਰਕਾਰ ਕਿਸਾਨੀ ਸੰਘਰਸ਼ ਵਿਚ ਸ਼ਾਮਲ ਕਿਸਾਨਾਂ ’ਤੇ ਭਾਜਪਾ ਵਰਕਰਾਂ ਵਲੋਂ ਹਮਲੇ ਕਰਵਾ ਰਹੀ ਹੈ ਜਿਸ ਦੀ ਅਸੀਂ ਨਿੰਦਾ ਕਰਦੇ ਹਾਂ। ਕਿਸਾਨਾਂ ਨੇ ਕਿਹਾ ਕਿ ਹਰਿਆਣੇ ਦੇ ਸਮੁੱਚੇ ਕਿਸਾਨ ਦੇਸ਼ ਦੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। 
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ’ਤੇ ਜਿੰਨਾ ਮਰਜ਼ੀ ਜਬਰ ਕਰ ਲਵੇ, ਕਿਸਾਨ ਅਪਣੇ ਹੱਕਾਂ ਨੂੰ ਪ੍ਰਾਪਤ ਕਰੇ ਬਿਨਾਂ ਦਿੱਲੀ ਤੋਂ ਵਾਪਸ ਨਹੀਂ ਮੁੜਨਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਾਣ ਬੁਝ ਕੇ ਕਿਸਾਨੀ ਅੰਦੋਲਨ ਨੂੰ ਹਿੰਸਕ ਬਣਾ ਰਹੀ ਹੈ ਤਾਂ ਜੋ ਦੇਸ਼ ਦੇ ਕਿਸਾਨਾਂ ਨੂੰ ਮਿਲ ਰਹੇ ਸਮਰਥਨ ਨੂੰ ਰੋਕਿਆ ਜਾ ਸਕੇ।