ਢਾਲਾਂ ਲੈ ਕੇ ਖੜੇ ਨੌਜਵਾਨਾਂ ਨੇ ਕਿਹਾ, ਹਰ ਮੁਸ਼ਕਲ ਦਾ ਡੱਟ ਕੇ ਮੁਕਾਬਲਾ ਕਰਾਂਗੇ
ਢਾਲਾਂ ਲੈ ਕੇ ਖੜੇ ਨੌਜਵਾਨਾਂ ਨੇ ਕਿਹਾ, ਹਰ ਮੁਸ਼ਕਲ ਦਾ ਡੱਟ ਕੇ ਮੁਕਾਬਲਾ ਕਰਾਂਗੇ
ਨਵੀਂ ਦਿੱਲੀ, 2 ਫ਼ਰਵਰੀ (ਹਰਦੀਪ ਸਿੰਘ ਭੋਗਲ): ਦੇਸ਼ ਦੇ ਅੰਨਦਾਤਾ ਨੂੰ ਖੇਤੀ ਕਾਨੂੰਨ ਦੇ ਕਾਲੇ ਬਿਲਾਂ ਦਾ ਵਿਰੋਧ ਕਰਦਿਆਂ ਲਗਾਤਾਰ ਦੋ ਮਹੀਨੇ ਤੋਂ ਉਪਰ ਦਾ ਸਮਾਂ ਹੋ ਚੁੱਕਾ ਹੈ ਪਰ ਮੋਦੀ ਸਰਕਾਰ ਅਪਣੇ ਅੜੀਅਲ ਰਵਈਏ ਨੂੰ ਛੱਡਣ ਲਈ ਤਿਆਰ ਨਹੀਂ ਹੈ। 26 ਜਨਵਰੀ ਦੀ ਹਿੰਸਾ ਦੌਰਾਨ ਕਈਂ ਕਿਸਾਨ ਅਤੇ ਨੌਜਵਾਨ ਜਖ਼ਮੀ ਵੀ ਹੋਏ ਅਤੇ ਕਈ ਨੌਜਵਾਨਾਂ ਨੂੰ ਪੁਲਿਸ ਨੇ ਜਾਬਰ ਤਰੀਕੇ ਨਾਲ ਕੁੱਟਿਆ ਅਤੇ ਗਿ੍ਰਫ਼ਤਾਰ ਕਰ ਕੇ ਜੇਲਾਂ ਵਿਚ ਡੱਕ ਦਿਤਾ ਹੈ। ਇਸ ਦੌਰਾਨ ਦਿੱਲੀ ਸੰਘਰਸ਼ ਵਿਚ ਡਟ ਕੇ ਖੜੇ ਨੌਜਵਾਨਾਂ ਨੇ ਸਪੋਕਸਮੈਨ ਟੀਵੀ ਦੇ ਪੱਤਰਕਾਰ ਹਰਦੀਪ ਸਿੰਘ ਭੋਗਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਹਾਰ ਚੁੱਕੀ ਹੈ ਤੇ ਹੁਣ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਹੁਣ ਜਾਬਰ ਜ਼ੁਲਮ ਉਤੇ ਉਤਰ ਆਈ ਹੈ ਕਿਉਂਕਿ ਬਾਰਡਰ ਉਤੇ ਕੰਕਰੀਟ ਦੀਆਂ ਦੀਵਾਰਾਂ ਬਣਾਈਆਂ ਜਾ ਰਹੀਆਂ ਹਨ, ਸੜਕਾਂ ਉਤੇ ਤਿੱਖੀਆਂ ਮੇਖਾਂ ਲਗਾਈਆਂ ਜਾ ਰਹੀਆਂ ਹਨ, ਕੀ ਅਸੀਂ ਦੇਸ਼ ਦੇ ਦੁਸ਼ਮਣ ਹਾਂ? ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਸੰਵਿਧਾਨ ਸਿਖਾ ਰਹੀ ਹੈ ਪਰ ਆਪ ਸੰਵਿਧਾਨ ਦੇ ਬਿਲਕੁਲ ਉਲਟ ਜਾ ਰਹੀ ਹੈ। ਸੰਵਿਧਾਨ ਵਿਚ ਲਿਖਿਆ ਹੈ ਕਿ ਅਸੀ ਅਪਣੇ ਹੱਕਾਂ ਲਈ ਦੇਸ਼ ਵਿਚ ਜਿਥੇ ਮਰਜ਼ੀ ਅੰਦੋਲਨ ਕਰ ਸਕਦੇ ਹਾਂ ਪਰ ਸਰਕਾਰ ਅਜਿਹੇ ਘਟਨਾਕ੍ਰਮ ਕਰ ਕੇ ਸਾਥੋਂ ਉਹ ਵੀ ਹੱਕ ਖੋਹਣ ਲੱਗ ਪਈ ਹੈ। ਨੌਜਵਾਨਾਂ ਨੇ ਕਿਹਾ ਕਿ ਅਸੀਂ ਦਿੱਲੀ ਪੁਲਿਸ ਨੂੰ ਲੰਗਰਾਂ ਵਿਚ ਦੁੱਧ, ਖੀਰ, ਰੋਟੀ ਪੁਛਦੇ ਹਾਂ ਪਰ ਇਹ ਸਾਡੇ ਸਿਰ ਪਾੜ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਅੰਦੋਲਨ ਨੂੰ ਧਾਰਮਕ ਮੁੱਦਾ ਨਹੀਂ ਬਣਾਉਣਾ ਚਾਹੁੰਦੇ ਪਰ ਸਰਕਾਰ ਦੇਸ਼ ਵਿਚ ਇਸ ਅੰਦੋਲਨ ਨੂੰ ਧਾਰਮਕ ਮੁੱਦਾ ਬਣਾ ਕੇ ਲੋਕਾਂ ਨੂੰ ਆਪਸ ਵਿਚ ਲੜਾਉਣਾ ਚਾਹੁੰਦੀ ਹੈ।
ਨੌਜਵਾਨਾਂ ਨੇ ਦਸਿਆ ਕਿ ਭਾਜਪਾ ਦੇ ਵਰਕਰਾਂ ਅਤੇ ਆਰ.ਐਸ.ਐਸ ਵਲੋਂ ਸਾਡੇ ਉਤੇ ਕੋਈ ਵੀ ਪਥਰਾਅ ਜਾਂ ਹਮਲੇ ਕਰੇਗਾ ਤਾਂ ਹੁਸ਼ਿਆਰਪੁਰ ਦੇ ਵੀਰਾਂ ਵਲੋਂ ਭੇਜੀਆਂ ਇਹ ਢਾਲਾਂ ਸਾਡੀ ਹਿਫ਼ਾਜ਼ਤ ਕਰਨਗੀਆਂ।