ਨਵੀਂ ਸਿੱਖਿਆ ਨੀਤੀ ਰੱਦ ਕਰਵਾਉਣ ਤੇ ਸਕੂਲ ਖੁਲਵਾਉਣ ਲਈ ਕੀਤੀ ਜਾਵੇਗੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ
27 ਫਰਵਰੀ ਨੂੰ ਕੀਤੀ ਜਾਵੇਗੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ
ਮੋਗਾ - ਅੱਜ ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਦੇ ਸੱਦੇ ਤਹਿਤ ਨਵੀਂ ਸਿੱਖਿਆ ਨੀਤੀ 2020 ਅਤੇ ਸਕੂਲ ਕਾਲਜ ਬੰਦ ਕਰਨ ਖ਼ਿਲਾਫ਼ ਮੋਗਾ ਜ਼ਿਲ੍ਹੇ ਵਿਚ ਇਲਾਕੇ ਦੀਆਂ ਸਾਰੀਆਂ ਸਰਗਰਮ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਕੀਤੀ ਗਈ ਅਤੇ ਸਾਂਝੀ ਜ਼ਿਲ੍ਹਾ ਕਮੇਟੀ ਗਠਿਤ ਕਰ ਕੇ 27 ਫਰਵਰੀ ਨੂੰ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂ ਮੋਹਨ ਸਿੰਘ ਔਲਖ, ਜ਼ਿਲ੍ਹਾ ਪ੍ਰਧਾਨ ਕਮਲ ਬਾਘਾਪੁਰਾਣਾ ਅਤੇ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਦੌਧਰ ਨੇ ਕਿਹਾ ਕਿ ਸਕੂਲ ਕਾਲਜ ਬੰਦ ਕਰਨਾ ਵੀ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਦਾ ਹਿੱਸਾ ਹੈ। ਜਿਸ ਤਰ੍ਹਾਂ ਖੇਤੀ ਕਾਨੂੰਨ ਤੇ ਕਿਰਤ ਕੋਡ ਮਜ਼ਦੂਰ-ਕਿਸਾਨਾਂ ਦੇ ਹੱਕ ਖੋਹਣ ਲਈ ਲਿਆਂਦੇ ਗਏ ਸਨ, ਠੀਕ ਉਸੇ ਤਰ੍ਹਾਂ ਇਹ ਸਿੱਖਿਆ ਨੀਤੀ ਵੀ ਬਹੁ-ਗਿਣਤੀ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ 'ਚੋਂ ਬਾਹਰ ਕਰਨ ਅਤੇ ਸਿੱਖਿਆ ਦਾ ਖੇਤਰ ਪੂਰਨ ਰੂਪ ਵਿਚ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ ਲਿਆਂਦੀ ਗਈ ਹੈ।
ਇਹ ਸਿੱਖਿਆ ਨੀਤੀ ਬੀ.ਜੇ.ਪੀ. ਦੇ ਹਿੰਦੂਤਵ ਦੇ ਏਜੰਡੇ 'ਤੇ ਫੁੱਲ ਚੜ੍ਹਾਉਂਦਿਆਂ ਸਿੱਖਿਆ ਦੇ ਭਗਵੇਂਕਰਨ ਨੂੰ ਬੜਾਵਾ ਦਿੰਦੀ ਹੈ। ਇਸ ਕਰਕੇ ਅਸੀਂ ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕਰਨ ਅਤੇ ਜਲਦ ਤੋਂ ਜਲਦ ਸਕੂਲ ਕਾਲਜ ਖੋਲ੍ਹੇ ਜਾਣ ਦੀ ਮੰਗ ਕਰਦੇ ਹਾਂ ਅਤੇ ਸਕੂਲ ਕਾਲਜ ਖੁਲਵਾਉਣ ਲਈ 7 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਦਾ ਸਮਰਥਨ ਕਰਦੇ ਹਾਂ। ਇਸ ਮੌਕੇ ਜ਼ਿਲ੍ਹਾ ਕਮੇਟੀ ਵਿਚ ਮਾਸਟਰ ਜੱਜਪਾਲ ਬਾਜੇਕੇ, ਮਾਸਟਰ ਅਮਨਦੀਪ ਮਟਵਾਣੀ, ਡਾਕਟਰ ਮਹਿੰਦਰਪਾਲ ਲੂੰਬਾ, ਚਮਕੌਰ ਸਿੰਘ ਰੋਡੇ ਖ਼ੁਰਦ,ਮੰਗਾ ਸਿੰਘ ਵੈਰੋਕੇ, ਕਰਮਵੀਰ ਬੱਧਨੀ, ਸੁਖਜੀਤ ਸਿੰਘ ਬੁੱਕਣ ਵਾਲਾ, ਪ੍ਰੋਫੈਸਰ ਹਰਿੰਦਰ ਬਰਾੜ ਲਏ ਗਏ ਹਨ।