ਕਿਸਾਨ ਦੀ ਧੀ ਹਾਂ, ਕਿਸਾਨੀ ਅੰਦੋਲਨ ਦਾ ਸਮਰਥਨ ਕਰਨਾ ਮੇਰਾ ਫ਼ਰਜ਼ : ਰੁਪਿੰਦਰ ਹਾਂਡਾ
ਕਿਸਾਨ ਦੀ ਧੀ ਹਾਂ, ਕਿਸਾਨੀ ਅੰਦੋਲਨ ਦਾ ਸਮਰਥਨ ਕਰਨਾ ਮੇਰਾ ਫ਼ਰਜ਼ : ਰੁਪਿੰਦਰ ਹਾਂਡਾ
ਰੁਦਰੁਪੁਰ (ਉਤਰਾਖੰਡ), 2 ਮਾਰਚ (ਸੈਸ਼ਵ ਨਾਗਰਾ): ਉਤਰਾਖੰਡ ਦੇ ਰੁਦਰਪੁਰ ਵਿਚ ਕੀਤੀ ਜਾ ਰਹੀ ਕਿਸਾਨ ਪੰਚਾਇਤ ਵਿਚ ਪਹੁੰਚੀ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਕਿਹਾ ਕਿ ਕਿਸਾਨੀ ਅੰਦੋਲਨ ਦਾ ਸਮਰਥਨ ਕਰ ਕੇ ਮੈਂ ਅਪਣੇ ਆਪ ਵਿਚ ਮਾਣ ਮਹਿਸੂਸ ਕਰਦੀ ਹਾਂ। ਰੁਪਿੰਦਰ ਹਾਂਡਾ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਹੈ ਕਿ ਕਿਸਾਨੀ ਅੰਦੋਲਨ ਵਿਚ ਮੈਨੂੰ ਕਿਸਾਨ ਦੀ ਧੀ ਹੋਣ ਦੇ ਨਾਤੇ ਬਹੁਤ ਪਿਆਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਬਿਗਾਨੇ ਲੋਕਾਂ ਦਾ ਨਹੀਂ ਸਗੋਂ ਸਾਡੇ ਅਪਣੇ ਹੀ ਕਿਸਾਨਾਂ ਦਾ ਹੈ।
ਰੁਪਿੰਦਰ ਹਾਂਡਾ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਨਾਲ ਜੁੜੇ ਹੋਏ ਗੀਤਾਂ ਨੂੰ ਸਰਕਾਰ ਵਲੋਂ ਯੂ-ਟਿਊਬ ਜਾਂ ਹੋਰ ਸੋਸ਼ਲ ਮੀਡੀਏ ਤੋਂ ਹਟਾਉਣ ਨੂੰ ਸਾਨੂੰ ਨਕਾਰਾਤਮਕ ਨਹੀਂ ਸਗੋਂ ਸਾਕਾਰਾਤਮਕ ਲੈਣਾ ਚਾਹੀਦਾ ਹੈ ਕਿਉਂਕਿ ਕਿਸਾਨੀ ਅੰਦੋਲਨ ਦਾ ਪ੍ਰਭਾਵ ਹੀ ਹੈ ਜਿਸ ਕਾਰਨ ਸਰਕਾਰ ਨੂੰ ਅਜਿਹੇ ਕਦਮ ਚੁਕਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿਸਾਨੀ ਅੰਦੋਲਨ ਨਾਲ ਜੁੜੇ ਚਾਰ ਗੀਤ ਆ ਚੁੱਕੇ ਹਨ ਜੋ ਕਿਸਾਨਾਂ ਵਿਚ ਜ਼ੋਸ ਭਰਨ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਵਿਚ ਹਿੱਸੇਦਾਰੀ ਪਾਉਣ ਦਾ ਮਤਲਬ ਇਹ ਵੀ ਨਹੀਂ ਹੈ ਕਿ ਅਸੀਂ ਇਕ ਵੀ ਰਾਜਨੀਤੀ ਵਾਲੇ ਪਾਸੇ ਜਾਣਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੀ ਸੇਵਾ ਕਰਨਾ ਸਾਡਾ ਮੁਢਲਾ ਫ਼ਰਜ਼ ਹੈ, ਉਹ ਅਸੀਂ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਰਾਜਨੀਤੀ ਬਹੁਤ ਔਖਾ ਕੰਮ ਹੈ ਜੋ ਸਾਡੀ ਪਹੁੰਚ ਤੋਂ ਬਾਹਰ ਹੈ। ਇਸੇ ਕਰ ਕੇ ਰਾਜਨੀਤੀ ਵਿਚ ਆਉਣ ਦਾ ਮੇਰਾ ਕੋਈ ਇਰਾਦਾ ਨਹੀਂ ਹੈ ।
ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਉਤਰਾਖੰਡ ਯੂਪੀ ਦੀ ਕਿਸਾਨਾਂ ਵਲੋਂ ਮੈਨੂੰ ਅਪਣੀ ਧੀ ਬਣਾ ਕੇ ਪਿਆਰ ਦਿਤਾ ਗਿਆ ਜਿਸ ਨੂੰ ਮੈਂ ਕਦੇ ਵੀ ਨਹੀਂ ਭੁੱਲ ਸਕਦੀ। ਇਸੇ ਕਰ ਕੇ ਮੈਂ ਅੱਜ ਫਿਰ ਉਤਰਾਖੰਡ ਰੁਦਰਪੁਰ ਵਿਚ ਕੀਤੀ ਜਾ ਰਹੀ ਮਹਾਂ ਪੰਚਾਇਤ ਵਿਚ ਸ਼ਾਮਲ ਹੋ ਕੇ ਸਮਰਥਨ ਦੇਣ ਆਈ ਹਾਂ ਅਤੇ ਜਦੋਂ ਤਕ ਕਿ ਸੰਘਰਸ਼ ਚਲਦਾ ਰਹੇਗਾ ਉਸ ਸਮੇਂ ਤਕ ਮੈਂ ਅਪਣਾ ਸਮਰਥਨ ਦਿੰਦੀ ਰਹਾਂਗੀ।