ਬੇਅਦਬੀ ਕਾਂਡ : ਸ਼ਹੀਦ ਦੇ ਬੇਟੇ ਵਲੋਂ ਸੁਮੇਧ ਸੈਣੀ ਤੇ ਉਮਰਾ ਨੰਗਲ ਦੀ ਜ਼ਮਾਨਤ ਨੂੰ ਦਸਿਆ ਲਾਪ੍ਰਵਾਹੀ

ਏਜੰਸੀ

ਖ਼ਬਰਾਂ, ਪੰਜਾਬ

ਬੇਅਦਬੀ ਕਾਂਡ : ਸ਼ਹੀਦ ਦੇ ਬੇਟੇ ਵਲੋਂ ਸੁਮੇਧ ਸੈਣੀ ਤੇ ਉਮਰਾ ਨੰਗਲ ਦੀ ਜ਼ਮਾਨਤ ਨੂੰ ਦਸਿਆ ਲਾਪ੍ਰਵਾਹੀ ਦਾ ਨਤੀਜਾ

image

ਫ਼ਰੀਦਕੋਟ ਦੀ ਅਦਾਲਤ ਵਲੋਂ ਸੁਮੇਧ ਸੈਣੀ ਦੀ ਅਗਾਉਂ ਜ਼ਮਾਨਤ ਰੱਦ

ਕੋਟਕਪੂਰਾ, 2 ਮਾਰਚ (ਗੁਰਿੰਦਰ ਸਿੰਘ) : 14 ਅਕਤੂਬਰ 2015 ਨੂੰ ਨੇੜਲੇ ਪਿੰਡ ਬਹਿਬਲ ਕਲਾਂ ਵਿਖੇ ਬੇਅਦਬੀ ਕਾਂਡ ਦਾ ਇਨਸਾਫ਼ ਮੰਗ ਰਹੀਆਂ ਸੰਗਤਾਂ ਉਪਰ ਤੜਕਸਾਰ ਢਾਹੇ ਗਏ ਪੁਲਿਸੀਆ ਅਤਿਆਚਾਰ ਦੌਰਾਨ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸਿੱਖ ਨੌਜਵਾਨ ਕਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਇਕ ਪਾਸੇ ਹਾਈ ਕੋਰਟ ਵਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਦੀ ਅਗਾਉਂ ਜ਼ਮਾਨਤ ਦੀ ਅਰਜ਼ੀ ਪ੍ਰਵਾਨ ਕਰਨ ’ਤੇ ਹੈਰਾਨੀ ਪ੍ਰਗਟ ਕੀਤੀ ਹੈ ਤਾਂ ਦੂਜੇ ਪਾਸੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਮੁਲਜ਼ਮ ਵਜੋਂ ਨਾਮਜ਼ਦ ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਅੱਜ ਫ਼ਰੀਦਕੋਟ ਦੇ ਸੈਸ਼ਨ ਜੱਜ ਸੁਮੀਤ ਮਲਹੋਤਰਾ ਦੀ ਅਦਾਲਤ ਨੇ  ਸੁਣਵਾਈ ਉਪਰੰਤ ਰੱਦ ਕਰ ਦਿਤੀ ਹੈ। 
ਸੁਖਰਾਜ ਸਿੰਘ ਨਿਆਮੀਵਾਲਾ ਨੇ ਸੈਣੀ ਅਤੇ ਉਮਰਾਨੰਗਲ ਨੂੰ ਅਗਾਉਂ ਜ਼ਮਾਨਤ ਮਿਲਣ ਦਾ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦਾ ਹਾਈ ਕੋਰਟ ਵਿਚ ਨਾ ਜਾਣ ਦਾ ਨਤੀਜਾ ਦਸਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਦੋਸ਼ੀਆਂ ਨੂੰ ਬਾਹਰ ਰਹਿਣ ਦਾ ਸਮਾਂ ਮਿਲ ਰਿਹਾ ਹੈ ਜਿਸ ਨਾਲ ਲੋਕਾਂ ਦਾ ਸਰਕਾਰ ਤੋਂ ਭਰੋਸਾ ਉਠ ਜਾਣਾ ਤਾਂ ਤਹਿ ਹੈ, ਨਾਲ ਹੀ ਜੁਡੀਸ਼ੀਅਲ ਤੋਂ ਵੀ ਲੋਕਾਂ ਦਾ ਵਿਸ਼ਵਾਸ ਉਠ ਜਾਣ ਦਾ ਖਦਸ਼ਾ ਬਣਿਆ ਹੋਇਆ ਹੈ। ਸੁਖਰਾਜ ਸਿੰਘ ਮੁਤਾਬਕ ਜਿਥੇ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਉਚ ਪੱਧਰ ਦੀ ਜਾਂਚ ਕਰ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ’ਚ ਦਿਨ-ਰਾਤ ਇਕ ਕਰ ਰਹੇ ਹਨ। ਉਥੇ ਦੂਜੇ ਪਾਸੇ ਸਰਕਾਰੀ ਵਕੀਲ ਜ਼ਿੰਮੇਵਾਰੀ ਨਾ ਸਮਝਦਿਆਂ ਉਕਤ ਮਾਮਲੇ ਨੂੰ ਬੜੀ ਅਣਗਹਿਲੀ ਤੇ ਲਾਪ੍ਰਵਾਹੀ ਵਾਲਾ ਮੁੱਦਾ ਬਣਾ ਕੇ ਖ਼ੁਦ ਅਦਾਲਤ ਵਿਚ ਜਾਣ ਦੀ ਜ਼ਰੂਰਤ ਹੀ ਨਹੀਂ ਸਮਝ ਰਹੇ। ਸੁਖਰਾਜ ਸਿੰਘ ਨੇ ਦਸਿਆ ਕਿ ਲੰਮੇ ਸਮੇਂ ਤੋਂ ਚਲ ਰਹੇ ਉਕਤ ਕੇਸਾਂ ਵਿਚ ਐਸਆਈਟੀ ਵਲੋਂ 6 ਚਲਾਨ ਪੇਸ਼ ਕੀਤੇ ਜਾ ਚੁੱਕੇ ਹਨ ਪਰ ਅਦਾਲਤ ਵਲੋਂ ਅਜੇ ਤਕ ਕਿਸੇ ਵੀ ਚਲਾਨ ਦਾ ਟਰਾਇਲ ਸ਼ੁਰੂ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਜਿਸ ਤਰ੍ਹਾਂ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਦੀ ਜਾਂਚ ਸਹੀ ਦਿਸ਼ਾ ਵਲ ਜਾ ਰਹੀ ਹੈ, ਉਸੇ ਤਰ੍ਹਾਂ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਵੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸਹੀ ਪੱਖ ਅਦਾਲਤ ਸਾਹਮਣੇ ਰੱਖਣੇ ਚਾਹੀਦੇ ਹਨ।