ਗੁਰਲਾਲ ਭਲਵਾਨ ਕਤਲ ਕੇਸ:ਕਾਬੂ ਕੀੇਤੇ 3 ਮੁਲਜ਼ਮਾਂ ਨੂੰ ਫਰੀਦਕੋਟ ਲੈ ਕੇ ਪਹੁੰਚੀ ਦਿੱਲੀ ਪੁਲਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰੀ ਪੁਲਿਸ ਸੁਰੱਖਿਆ ਹੇਠ ਫਰੀਦਕੋਟ ਦੇ ਥਾਣਾ ਸਿਟੀ ਪਹੁੰਚੀ ਦਿੱਲੀ ਪੁਲਿਸ

Gurlal Bhalwan

ਫਰੀਦਕੋਟ: ਫਰੀਦਕੋਟ ਦੇ ਹਾਈ ਪ੍ਰੋਫ਼ਾਈਲ ਗੁਰਲਾਲ ਭਲਵਾਨ ਕਤਲ ਕਾਂਡ ਵਿਚ ਦਿੱਲੀ ਪੁਲਿਸ ਵਲੋਂ ਫੜ੍ਹੇ ਗਏ ਕਥਿਤ 3 ਦੋਸ਼ੀਆਂ ਨੂੰ ਅੱਜ ਦਿੱਲੀ ਪੁਲਿਸ ਫਰੀਦਕੋਟ ਲੈ ਕੇ ਪਹੁੰਚੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰ ਹੁੰਦੇ ਹੀ ਦਿੱਲੀ ਪੁਲਿਸ ਭਾਰੀ ਪੁਲਿਸ ਬਲ ਨਾਲ ਗੁਰਲਾਲ ਕਤਲ ਮਾਮਲੇ ਵਿਚ ਫੜ੍ਹੇ ਗਏ ਕਥਿਤ 3 ਦੋਸ਼ੀਆਂ ਨੂੰ ਲੈ ਕੇ ਅੱਜ ਫਰੀਦਕੋਟ ਪਹੁੰਚੀ ਹੈ ।

ਸੂਤਰਾਂ ਦਾ ਮੰਨਣਾ ਹੈ ਕਿ ਇਹਨਾਂ 3 ਕਥਿਤ ਦੋਸ਼ੀਆਂ ਨੂੰ ਅੱਜ ਫਰੀਦਕੋਟ ਪੁਲਿਸ ਅਦਾਲਤ ਵਿਚ ਪੇਸ਼ ਕਰ ਰਿਮਾਂਡ ਤੇ ਲੈ ਸਕਦੀ ਹੈ। ਥਾਣਾ ਸਿਟੀ ਫਰੀਦਕੋਟ ਦੇ ਮੁੱਖ ਅਫਸਰ ਗੁਰਵਿੰਦਰ ਸਿੰਘ ਭੁੱਲਰ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਅੱਜ ਦਿੱਲੀ ਪੁਲਿਸ ਗੁਰਲਾਲ ਭਲਵਾਨ ਕਤਲ ਮਾਮਲੇ ਵਿਚ ਫੜ੍ਹੇ ਗਏ 3 ਕਥਿਤ ਮੁਲਜਮਾਂ ਨੂੰ ਫਰੀਦਕੋਟ ਲੈ ਕੇ ਪਹੁੰਚੀ ਹੈ ਜਿੰਨਾ ਨੂੰ ਅੱਜ ਅਦਾਲਤ ਵਿਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਹਨਾਂ ਪਾਸੋਂ ਕਈ ਅਹਿਮ ਸੁਰਾਗ ਹਾਸਲ ਹੋਣ ਦੀ ਉਮੀਦ ਹੈ।

ਦੱਸ ਦੇਈਏ ਕਿ ਫਰੀਦਕੋਟ ਵਿਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਜ਼ਿਲ੍ਹਾ ਫਰੀਦਕੋਟ ਦੇ ਯੂਥ ਪ੍ਰਧਾਨ ਕਾਂਗਰਸੀ ਆਗੂ ਗੁਰਲਾਲ ਭਲਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ  ਸੀ।  ਗੁਰਲਾਲ ਭਲਵਾਨ ਜਦੋਂ ਸਥਾਨਕ ਦੁਕਾਨ ਤੋਂ ਬਾਹਰ ਨਿਕਲ ਕੇ ਗੱਡੀ ਵਿਚ ਬੈਠਣ ਲੱਗੇ ਤਾਂ ਪਿਛੋਂ ਆਏ ਮੋਟਰਸਾਇਕਲ ਸਵਾਰ ਹਮਲਾਵਰਾਂ ਨੇ ਉਨ੍ਹਾਂ ਦੀ ਪਿੱਠ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ। ਉਸਤੋਂ ਬਾਅਦ ਹਮਲਾਵਰ ਬਹੁਤ ਤੇਜ਼ੀ ਨਾਲ ਕੋਟਕਪੂਰਾ ਵਾਲੀ ਸਾਈਡ ਨੂੰ ਭੱਜ ਗਏ ਸਨ। ਗੋਲੀਆਂ ਲੱਗਣ ਨਾਲ ਗੰਭੀਰ ਜਖ਼ਮੀ ਹੋਏ ਗੁਰਲਾਲ ਭਲਵਾਨ ਤੁਰੰਤ ਨਜ਼ਦੀਕੀ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਭਲਵਾਨ ਨੂੰ ਮ੍ਰਿਤਕ ਐਲਾਨ  ਦਿੱਤਾ ਗਿਆ ਸੀ। ਦੱਸ ਦਈਏ ਕਿ ਇਹ ਘਟਨਾ ਜੁਬਲੀ ਸਿਨੇਮਾ ਘਰ ਦੇ ਨੇੜੇ ਹੋਈ ਸੀ। 

ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ੀਆਂ ਖਿਲਾਫ਼ ਜਾਰੀ ਕੀਤੇ ਸਨ ਸਖਤ ਹੁਕਮ

ਫਰੀਦਕੋਟ 'ਚ ਗੋਲੀਆਂ ਮਾਰ ਕਤਲ ਕੀਤੇ ਗੁਰਲਾਲ ਭਲਵਾਨ ਦੀ ਮੌਤ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਨੂੰ ਦੋਸ਼ੀਆਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰਨ ਲਈ ਕਿਹਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵੀਟ 'ਚ ਕਿਹਾ ਕਿ ਸਾਡੇ ਫਰੀਦਕੋਟ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਸਿੰਘ ‘ਤੇ ਜਾਨਲੇਵਾ ਹਮਲੇ ਦੀ ਘਟਨਾ ਤੋਂ ਸਦਮਾ ਪਹੁੰਚਿਆ। ਘਟਨਾ ਦੀ ਤੇਜ ਜਾਂਚ ਨੂੰ ਯਕੀਨੀ ਬਣਾਉਣ ਅਤੇ ਇਸ ਘਿਨਾਉਣੇ ਕੰਮ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਫੜਨ ਲਈ ਡੀਜੀਪੀ ਪੰਜਾਬ ਨੂੰ ਨਿਰਦੇਸ਼ ਦਿੱਤੇ ਹਨ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

 ਗੁਰਲਾਲ ਭਲਵਾਨ ਨੂੰ ਮਾਰਨ ਦੀ ਬਿਸ਼ਨੋਈ ਗਰੁੱਪ ਨੇ ਲਈ ਸੀ ਜਿੰਮੇਵਾਰੀ ਗੁਰਲਾਲ ਭਲਵਾਨ ਨੂੰ ਮਾਰਨ ਤੋਂ ਬਾਅਦ ਬਿਸ਼ਨੋਈ ਗਰੁੱਪ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਲਿਖਿਆ  ਸੀ ਕਿ ਅਸੀਂ ਫੇਸਬੁੱਕ ‘ਤੇ ਪਾਕੇ ਕੁਝ ਸਾਬਤ ਨਹੀਂ ਕਰਨਾ ਚਾਹੁੰਦੇ, ਪਰ ਮੈਨੂੰ ਲਗਦਾ ਹੈ ਕਿ ਕਿਸੇ ਬੇਕਸੂਰ ਵਿਅਕਤੀ ਨੂੰ ਪੁਲਿਸ ਪ੍ਰਸ਼ਾਸਨ ਤੰਗ ਨਾ ਕਰੇ। ਅੱਜ ਜਿਹੜਾ ਫਰੀਦਕੋਟ ਵਿਚ ਗੁਰਲਾਲ ਭਲਵਾਨ ਦਾ ਕਤਲ ਕਾਂਡ ਹੋਇਆ ਹੈ, ਉਸਦੀ ਜਿੰਮੇਵਾਰੀ ਮੈਂ ਬਿਸ਼ਨੋਈ ਅਤੇ ਗੋਲਡੀ ਬਰਾੜ ਲੈਂਦੇ ਹਾਂ।