ਪੰਜ ਰਾਜਾਂ ਦੀਆਂ ਚੋਣਾਂ 'ਚ ਕਿਸੇ ਵੀ ਦਲ ਦਾ ਸਮਰਥਨ ਨਹੀਂ
ਪੰਜ ਰਾਜਾਂ ਦੀਆਂ ਚੋਣਾਂ 'ਚ ਕਿਸੇ ਵੀ ਦਲ ਦਾ ਸਮਰਥਨ ਨਹੀਂ
ਪਰ ਵੋਟਰ ਭਾਜਪਾ ਨੂੰ ਹਰਾ ਸਕਣ ਵਾਲੇ ਕਿਸੇ ਵੀ ਉਮੀਦਵਾਰ ਨੂੰ ਵੋਟ ਦੇ ਦੇਣ : ਸੰਯੁਕਤ ਕਿਸਾਨ ਮੋਰਚਾ
ਭਾਜਪਾ ਵਿਰੁਧ 12 ਮਾਰਚ ਨੂੰ ਕੋਲਕਾਤਾ 'ਚ ਕੀਤੀ ਜਾਵੇਗੀ ਰੈਲੀ
ਨਵੀਂ ਦਿੱਲੀ, 2 ਮਾਰਚ : ਪੰਜ ਸੂਬਿਆਂ ਵਿਚ ਵਿਧਾਨਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਰਾਜਨੀਤਕ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਸਾਰੀਆਂ ਪਾਰਟੀਆਂ ਦੀ ਕੋਸ਼ਿਸ਼ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਜਿੱਤ ਕੇ ਸੂਬੇ 'ਚ ਬਹੁਮਤ ਦੀ ਸਰਕਾਰ ਬਣਾਈ ਜਾਵੇ | ਇਸ ਵਿਚਾਲੇ ਸੰਯੁਕਤ ਕਿਸਾਨ ਮੋਰਚਾ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਸਾਡੇ ਮੋਰਚੇ ਵਲੋਂ ਚੋਣ ਸੂਬਿਆਂ ਵਿਚ ਟੀਮ ਭੇਜੀ ਜਾਵੇਗੀ |
ਇਹ ਐਲਾਨ ਕਰਦਿਆਂ ਪੈ੍ਰੱਸ ਕਾਨਫ਼ਰੰਸ ਵਿਚ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਟੀਮ ਦੇ ਮੈਂਬਰ ਕਿਸੇ ਪਾਰਟੀ ਨੂੰ ਅਪਣਾ ਸਮਰਥਨ ਨਹੀਂ ਦੇਣਗੇ ਪਰ ਲੋਕਾਂ ਵਿਚ ਜਾ ਕੇ ਇਹ ਸਮਝਾਉਣਗੇ ਕਿ ਉਨ੍ਹਾਂ ਉਮੀਦਵਾਰਾਂ ਨੂੰ ਵੋਟ ਪਾਉ ਜੋ ਭਾਜਪਾ ਨੂੰ ਹਰਾ ਸਕਦੇ ਹੋਣ | ਉਨ੍ਹਾਂ ਅਗਲੇ ਐਕਸ਼ਨ ਦਾ ਐਲਾਨ ਕਰਦਿਆਂ ਕਿਹਾ ਕਿ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਕਰ ਰਹੇ ਕਿਸਾਨ 6 ਮਾਰਚ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤਕ ਕੇ.ਐੱਮ.ਪੀ. ਐਕਸਪ੍ਰੈਸ ਵੇਅ 'ਤੇ ਵੱਖ-ਵੱਖ ਥਾਵਾਂ 'ਤੇ ਸੜਕ ਬੰਦ ਕਰਨਗੇ |
ਕਿਸਾਨ ਮੋਰਚੇ ਵਲੋਂ 8 ਮਾਰਚ ਨੂੰ ਮਹਿਲਾ ਕਿਸਾਨ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਹੈ | ਮੋਰਚੇ ਵਲੋਂ 12 ਮਾਰਚ ਨੂੰ ਕੋਲਕਾਤਾ ਵਿਚ ਕਿਸਾਨਾਂ ਵਲੋਂ ਇਕ ਰੈਲੀ ਨੂੰ ਸੰਬੋਧਤ ਕੀਤਾ
ਜਾਵੇਗਾ ਅਤੇ ਇਸਦੇ ਬਾਅਦ ਕਿਸਾਨ ਆਗੂ ਸਾਰੇ ਵਿਧਾਨਸਭਾ ਖੇਤਰ 'ਚ ਭਾਜਪਾ ਵਿਰੁਧ ਕਿਸਾਨਾਂ ਦੀ ਚਿੱਠੀ ਲੈ ਕੇ ਜਾਣਗੇ ਅਤੇ ਉਨ੍ਹਾਂ ਨਾਲ ਮੁਲਾਕਾਤ ਕਰਨਗੇ |
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, ਕਿਸਾਨ ਮੋਰਚਾ ਵਲੋਂ ਚੋਣ ਸੂਬਿਆਂ 'ਚ ਟੀਮ ਭੇਜੀ ਜਾਵੇਗੀ | ਟੀਮ ਦੇ ਮੈਂਬਰ ਉੱਥੇ ਪਹੁੰਚ ਕੇ ਕਿਸੇ ਪਾਰਟੀ
ਦਾ ਸਮਰਥਨ ਨਹੀਂ ਕਰਨਗੇ ਪਰ ਲੋਕਾਂ ਨੂੰ ਇਹ ਸਮਝਾਉਣਗੇ ਕਿ ਤੁਸੀਂ ਉਸੇ ਉਮੀਦਵਾਰ ਨੂੰ ਵੋਟ ਦਿਉ ਜੋ ਭਾਜਪਾ ਨੂੰ ਹਰਾ ਸਕੇ | ਟੀਮ ਦੇ ਮੈਂਬਰ ਲੋਕਾਂ ਨੂੰ ਇਹ ਸਮਝਾਉਣਗੇ ਕਿ ਕਿਸਾਨਾਂ ਪ੍ਰਤੀ ਮੋਦੀ ਸਰਕਾਰ ਦਾ ਕੀ ਰਵਈਆ ਹੈ |
ਕਿਸਾਨ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ 10 ਟ੍ਰੇਡ ਸੰਗਠਨਾਂ ਨਾਲ ਸਾਡੀ ਬੈਠਕ ਹੋਈ ਹੈ | ਸਰਕਾਰ ਜਨਤਕ ਖੇਤਰਾਂ ਦਾ ਜੋ ਨਿਜੀਕਰਨ ਕਰ ਰਹੀ ਹੈ ਉਸ ਦੇ ਵਿਰੋਧ ਵਿਚ 15 ਮਾਰਚ ਨੂੰ ਪੂਰੇ ਦੇਸ਼ ਦੇ ਮਜਦੂਰ ਅਤੇ ਕਰਮਚਾਰੀ ਸੜਕ 'ਤੇ ਉਤਰਨਗੇ ਅਤੇ ਰੇਲਵੇ ਸਟੇਸ਼ਨਾਂ ਦੇ ਬਾਹਰ ਜਾ ਕੇ ਧਰਨਾ ਪ੍ਰਦਰਸ਼ਨ ਕਰਣਗੇ | (ਏਜੰਸੀ)