ਬਠਿੰਡਾ, 2 ਮਾਰਚ (ਸੁਖਜਿੰਦਰ ਮਾਨ) : ਜ਼ਿਲ੍ਹੇ ਦੇ ਕਸਬਾ ਮੌੜ ਮੰਡੀ ’ਚ ਬੀਤੀ ਰਾਤ ਇਕ ਝੁੱਗੀ ਨੂੰ ਅੱਗ ਲੱਗਣ ਕਾਰਨ ਇਥੇ ਰਹਿਣ ਵਾਲੇ ਇਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਹੈ। ਹਾਲਾਂਕਿ ਲਾਸ਼ ਦੇ ਬੁਰੀ ਤਰ੍ਹਾਂ ਸੜਣ ਕਾਰਨ ਇਸ ਗੱਲ ਦੀ ਹਾਲੇ ਤਕ ਪੁਸ਼ਟੀ ਨਹੀਂ ਹੋ ਸਕੀ ਕਿ ਮਰਨ ਵਾਲਾ ਪੁਰਸ਼ ਸੀ ਜਾਂ ਔਰਤ।
ਥਾਣਾ ਮੋੜ ਦੇ ਮੁਖੀ ਇੰਸਪੈਕਟਰ ਹਰਜੀਤ ਸਿੰਘ ਮਾਨ ਨੇ ਦਸਿਆ ਕਿ ਲਾਸ਼ ਨੂੰ ਸ਼ਨਾਖਤ ਲਈ 72 ਘੰਟੇ ਵਾਸਤੇ ਤਲਵੰਡੀ ਸਾਬੋ ਦੇ ਮੁਰਦਾਘਰ ਵਿਚ ਰਖਿਆ ਗਿਆ ਹੈ ਜਿਸ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ। ਮਿਲੀ ਸੂਚਨਾ ਮੁਤਾਬਕ ਮੋੜ ਮੰਡੀ ਸ਼ਹਿਰ ਵਿਚਕਾਰ ਗੁਜ਼ਰਦੀ ਰੇਲਵੇ ਲਾਈਨ ਦੇ ਨੇੜੇ ਇਕ ਦਿਵਿਆਂਗ ਗ਼ਰੀਬ ਵਿਅਕਤੀ ਰਹਿੰਦਾ ਸੀ। ਇਥੇ ਹੀ ਉਸ ਨਾਲ ਇਕ ਔਰਤ ਵੀ ਰਹਿੰਦੀ ਸੀ। ਪਤਾ ਲਗਿਆ ਹੈ ਕਿ ਉਕਤ ਜੋੜਾ ਭੀਖ ਮੰਗ ਕੇ ਅਪਣਾ ਗੁਜ਼ਾਰਾ ਕਰਦਾ ਸੀ। ਕੁੱਝ ਸਮਾਂ ਪਹਿਲਾਂ ਸ਼ਹਿਰ ਦੇ ਹੀ ਕੁੱਝ ਦੁਕਾਨਦਾਰਾਂ ਨੇ ਇਸ ਵਿਅਕਤੀ ਨੂੰ ਠੰਢ ਤੋਂ ਬਚਣ ਲਈ ਝੋਪੜੀ ਪਾ ਕੇ ਦਿਤੀ ਸੀ। ਮੁਢਲੀ ਸੂਚਨਾ ਮੁਤਾਬਕ ਬੀਤੀ ਰਾਤ ਝੋਪੜੀ ਨੂੰ ਅੱਗ ਲੱਗ ਗਈ ਤੇ ਇਥੇ ਰਹਿਣ ਵਾਲੇ ਇਸ ਜੋੜੇ ਵਿਚੋਂ ਇਕ ਜੀਅ ਦੀ ਵੀ ਅੱਗ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਇਸ ਘਟਨਾ ਦਾ ਪਤਾ ਆਸ-ਪਾਸ ਦੇ ਲੋਕਾਂ ਨੂੰ ਅੱਜ ਸਵੇਰ ਸਮੇਂ ਹੀ ਲਗਾ।
image