ਕਾਨੂੰਨ ਵਿਵਸਥਾ ਨੂੰ ਚੁਸਤ-ਦਰੁਸਤ ਬਣਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਸਿਆਸੀ ਗ਼ਲਬੇ ਤੋਂ ਮੁਕਤ ਕਰਨਾ ਜ਼ਰੂਰੀ : ਭਗਵੰਤ ਮਾਨ

ਏਜੰਸੀ

ਖ਼ਬਰਾਂ, ਪੰਜਾਬ

ਕਾਨੂੰਨ ਵਿਵਸਥਾ ਨੂੰ ਚੁਸਤ-ਦਰੁਸਤ ਬਣਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਸਿਆਸੀ ਗ਼ਲਬੇ ਤੋਂ ਮੁਕਤ ਕਰਨਾ ਜ਼ਰੂਰੀ : ਭਗਵੰਤ ਮਾਨ

image

ਚੰਡੀਗੜ੍ਹ, 2 ਮਾਰਚ (ਨਰਿੰਦਰ ਸਿੰਘ ਝਾਮਪੁਰ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ 'ਆਪ' ਦੀ ਸਰਕਾਰ ਸੂਬੇ ਦੇ ਪੁਲਿਸ ਮੁਲਾਜ਼ਮਾਂ ਸਮੇਤ ਸਰਕਾਰੀ ਮੁਲਾਜ਼ਮਾਂ ਦੇ ਮਾਮਲੇ ਪ੍ਰਮੁੱਖਤਾ ਨਾਲ ਵਿਚਾਰ ਕੇ ਹੱਲ ਕਰੇਗੀ | ਉਨ੍ਹਾਂ ਕਿਹਾ ਕਿ ਸੂਬੇ ਦੇ ਮੁਲਾਜ਼ਮ ਅਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਂਦੇ ਰਹੇ ਹਨ, ਪਰ ਰਿਵਾਇਤੀ ਸਿਆਸੀ ਪਾਰਟੀਆਂ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਮੁਲਾਜ਼ਮਾਂ ਦੇ ਮੁੱਦਿਆਂ ਨੂੰ  ਨਜ਼ਰ-ਅੰਦਾਜ਼ ਕੀਤਾ ਹੈ |
ਭਗਵੰਤ ਮਾਨ ਮੁਤਾਬਕ ਜਦੋਂ ਤਕ ਪੁਲਿਸ ਪ੍ਰਸ਼ਾਸਨ ਵਿਚ ਉਪਰ ਤੋਂ ਲੈ ਕੇ ਹੇਠਾਂ ਤਕ ਬੇਲੋੜੀ ਸਿਆਸੀ ਦਖ਼ਲ-ਅੰਦਾਜ਼ੀ ਖ਼ਤਮ ਨਹੀਂ ਹੁੰਦੀ, ਉਦੋਂ ਤਕ ਸੂਬੇ ਦੀ ਕਾਨੂੰਨ ਵਿਵਸਥਾ ਨੂੰ  ਚੁਸਤ-ਦੁਰਸਤ ਨਹੀਂ ਕੀਤਾ ਜਾ ਸਕਦਾ | ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵਿਧਾਨ ਸਭਾ ਚੋਣਾਂ ਸਮੇਂ ਅਪਣੀ ਕਾਰਜਕੁਸ਼ਲਤਾ ਦਾ ਸੁਚੱਜਾ ਸਬੂਤ ਦਿਤਾ ਹੈ | ਪੁਲਿਸ ਮੁਲਾਜ਼ਮਾਂ ਨੇ ਬੂਥ ਤੋਂ ਲੈ ਕੇ ਸਟ੍ਰਾਂਗ ਰੂਮ ਤਕ ਸੁਰੱਖਿਆ ਮਜ਼ਬੂਤ ਕੀਤੀ ਹੈ ਅਤੇ ਵੋਟਰਾਂ ਸਮੇਤ ਡਿਊਟੀ ਮੁਲਾਜ਼ਮਾਂ ਨੂੰ  ਸੁਰੱਖਿਆ ਪ੍ਰਦਾਨ ਕੀਤੀ ਹੈ ਅਤੇ ਲੋਕਤੰਤਰੀ ਪ੍ਰਣਾਲੀ ਨੂੰ  ਮਜ਼ਬੂਤ ਕਰਨ ਸਾਰਥਕ ਰੋਲ ਅਦਾ ਕੀਤਾ ਹੈ | ਭਗਵੰਤ ਮਾਨ ਨੇ ਸੱਤਾਧਾਰੀ ਕਾਂਗਰਸ ਅਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ  ਪੰਜਾਬ ਪੁਲਿਸ 'ਤੇ ਹੀ ਵਿਸ਼ਵਾਸ ਨਹੀਂ ਹੈ, ਕਿਉਂਕਿ ਬਾਦਲ ਅਤੇ ਕੈਪਟਨ ਨੇ ਅਪਣੀ, ਅਪਣੇ ਪ੍ਰਵਾਰਾਂ ਅਤੇ ਹੋਰ ਕਰੀਬੀਆਂ ਦੀ ਸੁਰੱਖਿਆ ਲਈ ਬਣਾਏ 'ਸਪੈਸ਼ਲ ਪ੍ਰੋਟੈਕਸ਼ਨ ਯੂਨਿਟ' ਵਿਚ ਹੋਰਨਾਂ ਰਾਜਾਂ ਦੇ 209 ਵਿਅਕਤੀਆਂ ਨੂੰ  ਨੌਕਰੀਆਂ ਦਿਤੀਆਂ, ਜਦੋਂ ਕਿ ਪੰਜਾਬ ਦੇ ਕੇਵਲ 19 ਨੌਜਵਾਨਾਂ ਨੂੰ  ਨੌਕਰੀ ਨਸੀਬ ਹੋਈ | ਉਨ੍ਹਾਂ ਦੋਸ਼ ਲਾਇਆ ਕਿ 'ਸਪੈਸ਼ਲ ਪ੍ਰੋਟੈਕਸ਼ਨ ਯੂਨਿਟ' ਵਿਚ ਹੋਰਨਾਂ ਰਾਜਾਂ ਤੋਂ ਡੀ.ਐਸ.ਪੀ, ਇੰਸਪੈਕਟਰ, ਸਬ ਇੰਸਪੈਕਟਰ ਅਤੇ ਜਵਾਨ ਭਰਤੀ ਕਰ ਕੇ ਬਾਦਲਾਂ ਅਤੇ ਕੈਪਟਨ ਨੇ ਨਾ ਸਿਰਫ਼ ਪੰਜਾਬੀਆਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ, ਸਗੋਂ ਪੰਜਾਬ ਦੇ ਖ਼ਜ਼ਾਨੇ ਨੂੰ  ਵੀ ਲੁੱਟਿਆ ਹੈ |
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪੰਜਾਬ ਪੁਲਿਸ ਦੇ ਮਾਣ- ਸਨਮਾਨ ਨੂੰ  ਮਜ਼ਬੂਤ ਕੀਤਾ ਜਾਵੇਗਾ ਅਤੇ ਪੁਲਿਸ ਮੁਲਾਜ਼ਮਾਂ ਦੀਆਂ ਮੰਗਾਂ ਨੂੰ  ਪੂਰਾ ਕੀਤਾ ਜਾਵੇਗਾ |