ਸਰਹੱਦੀ ਖੇਤਰ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦਾ ਵੱਡਾ ਕਦਮ, ਤਿਆਰ ਕੀਤੀਆਂ ਜਾਣਗੀਆਂ 2 ਆਰਮਡ ਬਟਾਲੀਅਨਾਂ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜਿਆ ਆਰਮਡ ਬਟਾਲੀਅਨ ਦਾ ਪ੍ਰਸਤਾਵ

Punjab police will form battalions for districts adjacent to Pakistan



ਚੰਡੀਗੜ੍ਹ: ਪਾਕਿਸਤਾਨ ਸਰਹੱਦ ਨਾਲ ਲਗਦੇ ਜ਼ਿਲ੍ਹਿਆਂ ਵਿਚ ਤੈਨਾਤ ਬੀਐਸਐਫ ਦੀ ਤਰ੍ਹਾਂ ਹੁਣ ਪੰਜਾਬ ਪੁਲਿਸ ਵੀ ਸਰਹੱਦ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਦੀ ਸੁਰੱਖਿਆ ਕਰੇਗੀ। ਪੰਜਾਬ ਸਰਕਾਰ ਨੇ ਪੁਲਿਸ ਦੀਆਂ ਦੋ ਆਰਮਡ ਬਟਾਲੀਅਨ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਸਰਹੱਦੀ ਖੇਤਰ ਦੇ 20 ਕਿਲੋਮੀਟਰ ਦੇ ਦਾਇਰੇ ਵਿਚ ਆਉਣ ਵਾਲੇ ਪੁਲਿਸ ਥਾਣਿਆਂ ਨੂੰ ਅਤਿਅਧੁਨਿਕ ਉਪਕਰਨਾਂ ਨਾਲ ਲੈਸ ਕੀਤਾ ਜਾਵੇਗਾ।

Punjab Police

ਉੱਥੇ ਤੈਨਾਤ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵਿਸ਼ੇਸ਼ ਕਮਾਂਡੋ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਵਿਚ ਤੈਨਾਤ ਜਵਾਨ ਥਾਣੇ ਦਾ ਕੰਮ ਨਹੀਂ ਕਰਨਗੇ ਸਿਰਫ ਬਾਰਡਰ ਦੀ ਸੁਰੱਖਿਆ ਦਾ ਕੰਮ ਹੀ ਦੇਖਣਗੇ। ਪੰਜਾਬ ਸਰਕਾਰ ਨੇ ਬਟਾਲੀਅਨ ਨੂੰ ਅੰਤਿਮ ਮਨਜ਼ੂਰੀ ਦੇਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਕ ਪ੍ਰਸਤਾਵ ਵੀ ਭੇਜਿਆ ਹੈ, ਜਿਸ ਦਾ ਫੈਸਲਾ ਜਲਦ ਹੀ ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿਚ ਹੋਣ ਵਾਲੀ ਬੈਠਕ ਵਿਚ ਲਿਆ ਜਾਵੇਗਾ।

Amit Shah

ਪੰਜਾਬ ਪੁਲਿਸ ਦੇ ਡੀਜੀਪੀ ਵੀਕੇ ਭਾਵਰਾ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਹੱਦ ਦੇ ਨਾਲ ਲੱਗਣ ਵਾਲੇ ਜ਼ਿਲ੍ਹਿਆਂ ਵਿਚ ਪੁਲਿਸ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਅਤਿਵਾਦੀ ਗਤੀਵਿਧੀਆਂ ਅਤੇ ਤਸਕਰਾਂ ਖਿਲਾਫ਼ ਸਖ਼ਤੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸੂਬਾ ਪੁਲਿਸ ਬਾਰਡਰ ਰੇਂਜ ਨੂੰ ਮਜ਼ਬੂਤ ਕਰਨ ਲਈ ਵੱਖਰਾ ਬਾਰਡਰ ਕਾਰਡ ਬਣਾਉਣ ਸਬੰਧੀ ਵੀ ਵਿਚਾਰ ਕਰ ਰਹੀ ਹੈ। ਹਾਲਾਂਕਿ ਇਸ ਦਾ ਫੈਸਲਾ 10 ਮਾਰਚ ਤੋਂ ਬਾਅਦ ਪੰਜਾਬ ਦੀ ਵਾਗਡੋਰ ਸੰਭਾਲਣ ਵਾਲੀ ਸਰਕਾਰ ਹੀ ਕਰੇਗੀ।

Punjab Police

ਡੀਜੀਪੀ ਦਫ਼ਤਰ ਦੇ ਇੰਟੈਲੀਜੈਂਸ ਦੇ ਆਲਾ ਅਧਿਕਾਰੀਆਂ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਬਾਰਡਰ ਬਟਾਲੀਅਨ ਬਣਾਉਣ ਸਬੰਧੀ ਖਾਕਾ ਤਿਆਰ ਕੀਤਾ ਗਿਆ ਹੈ। ਇਹ ਪ੍ਰਸਤਾਵ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਹੈ। ਇਕ ਬਟਾਲੀਅਨ ਵਿਚ 6 ਤੋਂ 7 ਕੰਪਨੀਆਂ ਹੁੰਦੀਆਂ ਹਨ, ਜਿਸ ਵਿਚ ਲਗਭਗ 800 ਤੋਂ 900 ਦੇ ਕਰੀਬ ਜਵਾਨ ਤੈਨਾਤ ਰਹਿੰਦੇ ਹਨ। ਯਾਨੀ ਦੋ ਬਟਾਲੀਅਨ ਵਿਚ ਲਗਭਗ 1800 ਜਵਾਨਾਂ ਨੂੰ ਸਰਹੱਦੀ ਜ਼ਿਲ੍ਹਿਆਂ ਵਿਚ ਤੈਨਾਤ ਕੀਤਾ ਜਾਵੇਗਾ।

BSF

ਮੰਤਰਾਲੇ ਤੋਂ ਬਟਾਲੀਅਨ ਸਥਾਪਤ ਕਰਨ ਦੀ ਮਨਜ਼ੂਰੀ ਤੋਂ ਬਾਅਦ ਨਵੇਂ ਸਿਰੇ ਤੋਂ ਜਵਾਨਾਂ ਦੀ ਭਰਤੀ ਸ਼ੁਰੂ ਕੀਤੀ ਜਾਵੇਗੀ। ਇਹ ਸ਼ੁਰੂਆਤ ਸਰਹੱਦੀ ਖੇਤਰਾਂ ਵਿਚ ਪੁਲਿਸ ਨੂੰ ਮਜ਼ਬੂਤ ਕਰਨ ਲਈ ਕੀਤੀ ਜਾ ਰਹੀ ਹੈ। ਪੰਜਾਬ ਵਿਚ ਪਾਕਿਸਤਾਨ ਦਾ 553 ਕਿਲੋਮੀਟਰ ਬਾਰਡਰ ਲੱਗਦਾ ਹੈ। ਇਸ ਵਿਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਜਲਾਲਾਬਾਦ, ਫਾਜ਼ਿਲਕਾ ਆਦਿ ਸ਼ਾਮਲ ਜਿਲ੍ਹੇ ਹਨ, ਇਹਨਾਂ ਦੇ ਥਾਣੇ ਅਪਗ੍ਰੇਡ ਕੀਤੇ ਜਾਣਗੇ।