ਭਾਰਤ ਨੇ ਅਫ਼ਗ਼ਾਨਿਸਤਾਨ ਨੂੰ ਭੇਜੀ ਕਣਕ ਦੀ ਦੂਸਰੀ ਖੇਪ
ਕਸਟਮ ਕਮਿਸ਼ਨਰ ਅੰਮ੍ਰਿਤਸਰ ਰਾਹੁਲ ਨਾਗਰੇ ਨੇ ਦਿੱਤੀ ਹਰੀ ਝੰਡੀ
ਅਟਾਰੀ : ਭਾਰਤ ਸਰਕਾਰ ਨੇ ਅਫ਼ਗ਼ਾਨਿਸਤਾਨ ਵੱਲ ਦੋਸਤੀ ਦਾ ਹੱਥ ਅੱਗੇ ਵਧਾਉਂਦੇ ਹੋਏ ਕਣਕ ਦੀ ਦੂਜੀ ਖੇਪ ਪਾਕਿਸਤਾਨ ਦੇ ਰਸਤੇ ਰਵਾਨਾ ਕੀਤੀ ਹੈ। ਕਸਟਮ ਕਮਿਸ਼ਨਰ ਅੰਮ੍ਰਿਤਸਰ ਰਾਹੁਲ ਨਾਗਰੇ ਨੇ ਦੇਸ਼ ਦੀ ਸ਼ਾਨ ਤਿਰੰਗਾ ਝੰਡਾ ਦਿਖਾ ਕੇ 36 ਅਫ਼ਗਾਨੀ ਟਰੱਕਾਂ ਨੂੰ ਪਾਕਿਸਤਾਨ ਰਸਤੇ ਅਫ਼ਗ਼ਾਨਿਸਤਾਨ ਵੱਲ ਰਵਾਨਾ ਕੀਤਾ।
ਇਸ ਮੌਕੇ ਰਾਹੁਲ ਨਾਗਰੇ ਨੇ ਅਫ਼ਗ਼ਾਨਿਸਤਾਨ ਤੋਂ ਆਏ ਟਰੱਕ ਡਰਾਈਵਰਾਂ ਦਾ ਹੌਸਲਾ ਵਧਾਉਂਦੇ ਹੋਏ ਉਨ੍ਹਾਂ ਨਾਲ ਹੱਥ ਮਿਲਾਏ ਅਤੇ ਅਫ਼ਗ਼ਾਨਿਸਤਾਨ ਦੀ ਜਨਤਾ ਦਾ ਹਾਲ ਪੁੱਛਿਆ।
ਵਿਦੇਸ਼ ਮੰਤਰਾਲੇ ਦੇ ਮੁੱਖ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਵਲੋਂ ਮਾਨਵਵਾਦੀ ਸਹਾਇਤਾ ਦਾ ਦੂਜਾ ਕਾਫਲਾ 2000 ਮੀਟਰਿਕ ਟਨ ਕਣਕ ਲੈ ਕੇ ਅੱਜ ਅਟਾਰੀ, ਅੰਮ੍ਰਿਤਸਰ ਤੋਂ ਜਲਾਲਾਬਾਦ, ਅਫ਼ਗ਼ਾਨਿਸਤਾਨ ਲਈ ਰਵਾਨਾ ਹੋਇਆ।
ਇਹ ਅਫ਼ਗ਼ਾਨ ਲੋਕਾਂ ਲਈ 50,000 ਮੀਟਰਿਕ ਟਨ ਕਣਕ ਦੀ ਭਾਰਤ ਦੀ ਵਚਨਬੱਧਤਾ ਦਾ ਹਿੱਸਾ ਹੈ ਅਤੇ ਇਸ ਨੂੰ ਉਨ੍ਹਾਂ ਲੋਕਾਂ ਵਿਚ ਵੰਡਿਆ ਜਾਵੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਭਾਰਤ ਵਲੋਂ ਅਫ਼ਗ਼ਾਨਿਸਤਾਨ ਨੂੰ ਕਣਕ ਦੀ ਵੱਡੀ ਖੇਪ ਭੇਜੀ ਜਾ ਚੁੱਕੀ ਹੈ।