ਅਸ਼ਵਨੀ ਸ਼ਰਮਾ ਨੇ ਅਜਨਾਲਾ ਕਾਂਡ 'ਤੇ ਘੇਰੀ ਪੰਜਾਬ ਸਰਕਾਰ, ਪੁੱਛਿਆ- ਅਜੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ?  

ਏਜੰਸੀ

ਖ਼ਬਰਾਂ, ਪੰਜਾਬ

ਅਜਨਾਲਾ ਘਟਨਾ ਤੋਂ ਬਾਅਦ ਪੂਰੇ ਪੰਜਾਬ ਵਿਚ ਸਹਿਮ ਦਾ ਮਾਹੌਲ ਹੈ

Ashwani Sharma

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸੈਸ਼ਨ ਦੀ ਸ਼ੁਰੂਆਤ ਰਾਜਪਾਲ ਬਨਵਾਰੀਲਾਲ ਪੁਰੋਹਿਤ ਦੇ ਭਾਸ਼ਣ ਨਾਲ ਹੋਈ। ਇਸ ਦੇ ਨਾਲ ਹੀ ਵਿਰੋਧੀ ਧਿਰ ਵੱਲੋਂ ਹੰਗਾਮਾ ਵੀ ਕੀਤਾ ਗਿਆ। ਬਜਟ ਦੇ ਪਹਿਲੇ ਦਿਨ ਅਸ਼ਵਨੀ ਸ਼ਰਮਾ ਨੇ ਅਜਨਾਲਾ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ। ਉਹਨਾਂ ਨੇ ਕਿਹਾ ਕਿ ਪੰਜਾਬ ਦਾ ਬਜਟ ਸੈਸ਼ਨ ਇਸ ਸਮੇਂ ਹੋ ਰਿਹਾ ਹੈ ਜਦੋਂ ਪੰਜਾਬ ਵਿਚ ਕਾਨੂੰਨ ਅਵਸਥਾ ਢਹਿ ਢੇਰੀ ਹੋ ਰਿਹਾ ਹੈ ਤੇ ਸਰਕਾਰ ਨੇ ਅਪਣੇ ਹਥਿਆਰ ਸੁੱਟ ਦਿੱਤੇ ਹਨ। 

ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਇਹ ਜਵਾਬ ਦੇਣਾ ਪਏਗਾ ਕਿ ਪੰਜਾਬ ਦੇ ਲੋਕ ਕਿਵੇਂ ਅਪਣਏ ਆਪ ਨੂੰ ਸੁਰੱਖਿਅਤ ਮੰਨਣਗੇ। ਉਹ ਨੇ ਸਰਕਾਰ 'ਤੇ ਇਲਜ਼ਾਮ ਲਗਾਇਆ ਕਿ ਸਰਕਾਰ ਦੇ ਬੰਦੇ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿਚ ਲਿਪਤ ਹਨ। ਉਹਨਾਂ ਨੇ ਦਿੱਲੀ ਸ਼ਰਾਬ ਨੀਤੀ ਨੂੰ ਲੈ ਕੇ ਕਿਹਾ ਕਿ ਜੋ ਸ਼ਰਾਬ ਨੀਤੀ ਦਿੱਲੀ ਵਿਚ ਹੈ ਉਹੀ ਪੰਜਾਬ ਵਿਚ ਵੀ ਲਾਗੂ ਹੋਈ ਹੈ ਤੇ ਇਸ ਨੂੰ ਲੈ ਕੇ ਸੀਬੀਆਈ ਨੂੰ ਵੀ ਚਾਹੀਦਾ ਹੈ ਕਿ ਉਹ ਅਪਣੀ ਜਾਂਚ ਦਾ ਘੇਰਾ ਵੱਡਾ ਕਰੇ ਅਤੇ ਪੰਜਾਬ ਦੀ ਸ਼ਰਾਬ ਨੀਤੀ ਵੀ ਅਪਣੀ ਜਾਂਚ ਦੇ ਘੇਰੇ ਵਿਚ ਲਵੇ। ਜਿਵੇਂ ਦਾ ਭ੍ਰਿਸ਼ਟਾਚਾਰ ਦਿੱਲੀ ਵਿਚ ਹੈ ਉਵੇਂ ਦਾ ਹੀ ਪੰਜਾਬ ਵਿਚ ਵੀ ਨਿਕਲੇਗਾ। 

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਜਨਾਲਾ ਘਟਨਾ ਤੋਂ ਬਾਅਦ ਪੂਰੇ ਪੰਜਾਬ ਵਿਚ ਸਹਿਮ ਦਾ ਮਾਹੌਲ ਹੈ ਤੇ ਸਰਕਾਰ ਅਪਣਏ ਹੱਥ ਬੰਨ੍ਹ ਕੇ ਬੈਠੀ ਹੈ ਕਿਉਂਕਿ ਅਜਨਾਲਾ ਘਟਨਾ ਨੂੰ ਇੰਨਾ ਸਮਾਂ ਹੋ ਗਿਆ ਪਰ ਸਰਕਾਰ ਨੇ ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਕਰਵਾਇਆ ਗਿਆ।