ਰਿਸ਼ਵਤਖੋਰੀ ਮਾਮਲੇ 'ਚ ਸੇਵਾਮੁਕਤ ਨਾਇਬ ਤਹਿਸੀਲਦਾਰ ਨੂੰ 5 ਸਾਲ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨਾ

ਏਜੰਸੀ

ਖ਼ਬਰਾਂ, ਪੰਜਾਬ

8 ਸਾਲ ਪੁਰਾਣੇ ਰਿਸ਼ਵਤਖੋਰੀ ਮਾਮਲੇ 'ਚ ਹੋਈ ਕਾਰਵਾਈ

Retired Naib Tehsildar sentenced to 5 years in prison and fined Rs 50,000 in bribery case

2015 'ਚ ਜ਼ਮੀਨ ਦੇ ਇੰਤਕਾਲ ਲਈ ਕਾਗ਼ਜ਼ੀ ਕਾਰਵਾਈ ਬਦਲੇ ਮੰਗੇ ਸਨ 50 ਹਜ਼ਾਰ ਰੁਪਏ

ਸਜ਼ਾ ਹੋਣ 'ਤੇ ਹੁਣ ਨਹੀਂ ਮਿਲੇਗੀ ਪੈਨਸ਼ਨ

ਬਠਿੰਡਾ : ਰਿਸ਼ਵਤਖੋਰੀ ਦੇ 8 ਸਾਲ ਪੁਰਾਣੇ ਮਾਮਲੇ ਵਿਚ ਸੇਵਾਮੁਕਤ ਨਾਇਬ ਤਹਿਸੀਲਦਾਰ ਨੂੰ 5 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਇਹ ਫੈਸਲਾ ਐਡੀਸ਼ਨਲ ਸੈਸ਼ਨਜ਼ ਜੱਜ ਦਿਨੇਸ਼ ਕੁਮਾਰ ਵਧਵਾ ਦੀ ਅਦਾਲਤ ਵਲੋਂ ਸੁਣਾਇਆ ਗਿਆ।

ਇਹ ਵੀ ਪੜ੍ਹੋ : ਦਿੱਲੀ ਦੇ ਸੁਲਤਾਨਪੁਰੀ ਇਲਾਕੇ 'ਚ ਲੱਗੀ ਝੁੱਗੀਆਂ ਨੂੰ ਭਿਆਨਕ ਅੱਗ 

ਜਾਣਕਾਰੀ ਅਨੁਸਾਰ ਦੋਸ਼ੀ ਕਰਾਰ ਦਿਤੇ ਗਏ ਤਤਕਾਲੀ ਨਾਇਬ ਤਹਿਸੀਲਦਾਰ ਸੁਭਾਸ਼ ਮਿੱਤਰ ਨੇ ਜ਼ਮੀਨ ਦੇ ਇੰਤਕਾਲ ਲਈ ਕਾਗਜ਼ੀ ਕਾਰਵਾਈ ਕਰਨ ਬਦਲੇ ਕਿਸਾਨ ਤੋਂ 50 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ ਜਿਸ ਨੂੰ ਵਿਜੀਲੈਂਸ ਨੇ ਸਾਲ 2015 ਵਿਚ 40 ਹਜ਼ਾਰ ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ।

ਪੀੜਤ ਕਿਸਾਨ ਇਕਬਾਲ ਸਿੰਘ ਵਾਸੀ ਗਹਿਰੀ ਬੁੱਟਰ ਨੇ ਵਿਜੀਲੈਂਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਸੀ ਕਿ ਸੰਗਤ ਮੰਡੀ 'ਚ ਤੈਨਾਤ ਨਾਇਬ ਤਹਿਸੀਲਦਾਰ ਨੇ ਜ਼ਮੀਨ ਦੇ ਇੰਤਕਾਲ ਲਈ ਉਸ ਤੋਂ 50 ਹਜ਼ਾਰ ਰੁਪਏ ਬਤੌਰ ਰਿਸ਼ਵਤ ਮੰਗੀ ਸੀ। ਬਗੈਰ ਪੈਸੇ ਦਿਤੇ ਇੰਤਕਾਲ ਦੇ ਕਾਗਜ਼ ਕਲੀਅਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।ਕਿਸੇ ਤਰ੍ਹਾਂ ਕਿਸਾਨ ਨੇ ਉਸ ਨੂੰ 10 ਹਜ਼ਾਰ ਰੁਪਏ ਦਿਤੇ ਸਨ ਅਤੇ ਉਸ ਤੋਂ ਬਾਅਦ ਕਿਸਾਨ ਨੇ ਇਸ ਮਾਮਲੇ ਦੀ ਸਾਰੀ ਜਾਣਕਾਰੀ ਸ਼ਿਕਾਇਤ ਦੇ ਰੂਪ ਵਿਚ ਵਿਜੀਲੈਂਸ ਨੂੰ ਦਿਤੀ ਸੀ।

ਇਹ ਵੀ ਪੜ੍ਹੋ :  ਟ੍ਰੇਨਿੰਗ ਲਈ ਸਿੰਗਾਪੁਰ ਰਵਾਨਾ ਹੋਇਆ 30 ਪ੍ਰਿੰਸੀਪਲਾਂ ਦਾ ਦੂਜਾ ਬੈਚ 

ਵਿਜੀਲੈਂਸ ਨੇ ਨਾਇਬ ਤਹਿਸੀਲਦਾਰ ਸੁਭਾਸ਼ ਮਿੱਤਲ ਨੂੰ ਜਾਲ ਵਿਛਾ ਕੇ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿਚ 40 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਸੀ। 10 ਹਜ਼ਾਰ ਰੁਪਏ ਦੋਸ਼ੀ ਪਹਿਲਾਂ ਹੀ ਹੜੱਪ ਕਰ ਚੁੱਕਿਆ ਸੀ। ਉਸ ਵਿਰੁੱਧ ਕੇਸ ਦਰਜ ਕਰ ਅਦਾਲਤ 'ਚ ਸੁਭਾਸ਼ ਮਿੱਤਲ ਖਿਲਾਫ ਚਲਾਨ ਪੇਸ਼ ਕੀਤਾ ਗਿਆ। ਵੀਰਵਾਰ ਨੂੰ ਐਡੀਸ਼ਨਲ ਸੈਸ਼ਨਜ਼ ਜੱਜ ਦਿਨੇਸ਼ ਕੁਮਾਰ ਵਧਵਾ ਨੇ ਇਸ ਮਾਮਲੇ ਵਿਚ ਫੈਸਲਾ ਕਰਦਿਆਂ ਦੋਸ਼ੀ ਨੂੰ ਸਜ਼ਾ ਸੁਣਾਈ ਹੈ। ਹੁਣ ਸਜ਼ਾ ਹੋਣ ਮਗਰੋਂ ਸੇਵਾਮੁਕਤ ਨਾਇਬ ਤਹਿਸੀਲਦਾਰ ਨੂੰ ਪੈਨਸ਼ਨ ਵੀ ਨਹੀਂ ਮਿਲੇਗੀ।