ਵਿੱਤ ਮੰਤਰੀ ਵਲੋਂ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦੇ ਰਸਤੇ 'ਤੇ ਨਾ ਪੈਣ ਦੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਅਗਲੇ ਪੰਜ ਸਾਲਾਂ ਦੌਰਾਨ 25 ਲੱਖ ਵਿਅਕਤੀਆਂ ਲਈ ਰੁਜਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ ਅਤੇ ਆਪਣੀ ਗੱਡੀ, ਅਪਣਾ ਰੁਜ਼ਗਾਰ ਸਕੀਮ ਤਹਿਤ ਹਰ ਸਾਲ ਇਕ ਲੱਖ ਨੌਜਵਾਨਾਂ

Manpreet Badal

 

ਐਸ.ਏ.ਐਸ. ਨਗਰ, 25 ਜੁਲਾਈ (ਪਰਦੀਪ ਸਿੰਘ ਹੈਪੀ): ਪੰਜਾਬ ਵਿਚ ਅਗਲੇ ਪੰਜ ਸਾਲਾਂ ਦੌਰਾਨ 25 ਲੱਖ ਵਿਅਕਤੀਆਂ ਲਈ ਰੁਜਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ ਅਤੇ ਆਪਣੀ ਗੱਡੀ, ਅਪਣਾ ਰੁਜ਼ਗਾਰ ਸਕੀਮ ਤਹਿਤ ਹਰ ਸਾਲ ਇਕ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿੱਤ ਤੇ ਯੋਜਨਾਂ ਅਤੇ ਰੁਜ਼ਗਾਰ ਉਤਪਤੀ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਈ.ਐਸ.ਬੀ. (ਇੰਡੀਅਨ ਸਕੂਲ ਆਫ਼ ਬਿਜਨਸ) ਦੇ ਆਡੀਟੋਰੀਅਮ ਵਿਖੇ 'ਅਪਣੀ ਗੱਡੀ-ਅਪਣਾ ਰੋਜ਼ਗਾਰ' ਸਕੀਮ ਤਹਿਤ ਉਬਰ ਇੰਡੀਆ ਵਲੋਂ ਪੰਜਾਬ ਵਿਚ  ਉਬਰਮੋਟੋ ਸੇਵਾ ਨੂੰ ਲਾਂਚ ਕਰਦਿਆਂ 100 ਮੋਟਰਸਾਈਕਲਾਂ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ  ਕਰਵਾਏ ਗਏ  ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਤੋਂ ਪਹਿਲਾਂ ਸਮਾਗਮ ਮੌਕੇ ਮੁੱਖ ਮੰਤਰੀ ਦੀ ਮਾਤਾ ਰਾਜਮਾਤਾ ਮੋਹਿੰਦਰ ਕੌਰ ਨੂੰ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਸ਼ਰਧਾਂਜਲੀ ਭੇਂਟ ਕੀਤੀ।
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਅਪਣੇ ਚੋਣ ਮਨੋਰਥ ਪੱਤਰ ਵਿਚ ਰਾਜ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕੀਤੇ ਵਾਅਦੇ ਮੁਤਾਬਿਕ ਪੰਜਾਬ ਵਿਚ ਆਪਣੀ ਗੱਡੀ, ਆਪਣਾ ਰੁਜ਼ਗਾਰ ਸਕੀਮ ਨੂੰ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਰਾਜ ਦੇ ਲੋਕਾਂ ਨੂੰ ਵੀ ਫ਼ਾਇਦਾ ਹੋਵੇਗਾ ਅਤੇ ਇਸ ਸੇਵਾ ਨਾਲ ਜਿਥੇ ਚਾਰ ਪਹੀਆ ਵਾਹਨ ਨਹੀਂ ਪਹੁੰਚ ਸਕਦਾ ਉੱਥੇ  ਤਕ ਪਹੁੰਚ ਵੀ ਬਣੇਗੀ। ਉਨ੍ਹਾਂ ਰਾਜ ਦੇ ਕਿਸਾਨਾਂ ਨੂੰ ਅਪੀਲ ਕੀਤੀ  ਕਿ ਉਹ ਖ਼ੁਦਕੁਸ਼ੀਆਂ ਕਰਨ ਦੇ ਰਾਸਤੇ 'ਤੇ ਨਾ ਪੈਣ। ਸਰਕਾਰ ਰਾਜ ਦੇ ਕਿਸਾਨਾਂ ਨੂੰ ਹਰ ਮੁਸ਼ਕਲ ਵਿਚੋਂ ਕੱਢਣ ਲਈ ਪੂਰੀ ਤਰ੍ਹਾਂ ਵਚਨਬਧ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਰਾਜ  ਦੇ ਕਿਸਾਨਾਂ ਲਈ ਤਿਆਰ  ਕੀਤੀ ਜਾ ਰਹੀ ਕਰਜ਼ਾ ਮੁਆਫ਼ੀ ਨੀਤੀ ਲਈ ਅਗਲੇ 15-20 ਦਿਨਾਂ ਵਿਚ ਵੱਡਾ ਕਦਮ ਚੁੱਕਣ ਜਾ ਰਹੀ ਹੈ।
ਇਸ ਮੌਕੇ ਉਬਰ ਇੰਡੀਆ ਦੇ ਜਨਰਲ ਮੈਨੇਜਰ ਦਿੱਲੀ ਐਨ.ਸੀ.ਆਰ ਅਤੇ ਉਤਰੀ ਭਾਰਤ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਆਪਣੀ ਗੱਡੀ, ਆਪਣਾ ਰੁਜਗਾਰ ਸਕੀਮ ਤਹਿਤ ਇਸ ਸਾਲ 40 ਹਜਾਰ ਨੌਜਵਾਨਾਂ ਲਈ ਰੁਜਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਉਬਰ ਇੰਡੀਆਂ ਰਾਜ ਵਿਚ ਪੰਜਾਬ ਸਰਕਾਰ ਨਾਲ ਮਿਲ ਕੇ ਨਵੀਂ ਤਕਨਾਲੋਜੀ  ਰਾਂਹੀ ਰਾਜ ਦੇ ਲੋਕਾਂ ਲਈ ਵੱਧ ਤੋਂ ਵੱਧ ਰੁਜਗਾਰ ਦੇ ਮੌਕੇ ਪੈਦਾ ਕਰਨ ਲਈ ਵਚਨਬੱਧ ਹੈ ਅਤੇ ਰਾਜ ਵਿਚ ਉਬਰ ਇੰਡੀਆ ਦੇ ਘੇਰੇ ਨੂੰ ਹੋਰ ਵਿਸ਼ਾਲ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਬਲਬੀਰ ਸਿੰਘ ਸਿੱਧੂ, ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ ਪੰਜਾਬ ਸਰਬਜੀਤ ਸਿੰਘ, ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ, ਜ਼ਿਲ੍ਹਾ ਪੁਲਿਸ ਮੁਖੀ  ਕੁਲਦੀਪ ਸਿੰਘ ਚਾਹਲ, ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ, ਉਬਰ ਇੰਡੀਆ ਦੇ ਜਨਰਲ ਮੈਨੇਜਰ ਚੰਡੀਗੜ੍ਹ ਨੀਤੀਸ ਭੁਸ਼ਣ, ਸਵੇਤਾ ਰਾਜਪਾਲ ਕੋਹਲੀ, ਰਾਜਵੇਰੀ ਬਿਜਨੈਸ ਹੈਡ ਇੰਡੀਆ, ਹਲਕਾ ਵਿਧਾਇਕ ਦੇ ਸਿਆਸੀ ਸਲਾਹਕਾਰ ਹਰਕੇਸ ਚੰਦ ਸ਼ਰਮਾਂ ਮੱਛਲੀਕਲਾਂ ਆਦਿ ਹਾਜ਼ਰ ਸਨ।