ਚੰਡੀਗੜ੍ਹ 'ਚ ਪੁਲਿਸ ਮੁਸਤੈਦ ਹੋਣ ਦੇ ਬਾਵਜੂਦ ਨਸ਼ਿਆਂ ਦੀ ਤਸਕਰੀ 'ਚ ਵਾਧਾ
ਸਿਟੀ ਪੁਲਿਸ ਵਲੋਂ ਸ਼ਹਿਰ 'ਚ ਆਏ ਦਿਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਪਰ ਪਿਛਲੇ ਕੁੱਝ ਸਮੇਂ ਤੋਂ ਗ੍ਰਿਫ਼ਤਾਰ ਕੀਤੇ ਜਾ ਰਹੇ ਇਨ੍ਹਾਂ ਤਸਕਰਾਂ ਵਿਚ...
ਚੰਡੀਗੜ੍ਹ, 26 ਜੁਲਾਈ (ਸਰਬਜੀਤ ਸਿੰਘ ਢਿੱਲੋਂ): ਸਿਟੀ ਪੁਲਿਸ ਵਲੋਂ ਸ਼ਹਿਰ 'ਚ ਆਏ ਦਿਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਪਰ ਪਿਛਲੇ ਕੁੱਝ ਸਮੇਂ ਤੋਂ ਗ੍ਰਿਫ਼ਤਾਰ ਕੀਤੇ ਜਾ ਰਹੇ ਇਨ੍ਹਾਂ ਤਸਕਰਾਂ ਵਿਚ ਮੈਡੀਕਲ ਨਸ਼ੇ ਦੀ ਸਪਲਾਈ ਕਰਨ ਵਾਲੇ ਤਸਕਰਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਪੁਲਿਸ ਨੇ ਬੀਤੇ ਸਾਲ ਨਸ਼ੀਲੇ ਟੀਕਿਆਂ ਦੀਆਂ ਜਿੰਨ੍ਹੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ ਸਨ, ਉਸ ਤੋਂ ਜਿਆਦਾ ਸ਼ੀਸ਼ੀਆਂ ਇਸ ਸਾਲ ਸਤਵੇ ਮਹੀਨੇ ਤਕ ਹੀ ਬਰਾਮਦ ਹੋ ਚੁਕੀਆਂ ਹਨ ਜਿਸ ਤੋਂ ਇਹ ਸਾਫ਼ ਹੋ ਗਿਆ ਹੈ ਕਿ ਸ਼ਹਿਰ ਵਿਚ ਮੈਡੀਕਲ ਨਸ਼ੇ ਦੇ ਤਸਕਰਾਂ ਅਤੇ ਨਸ਼ਾ ਵਰਤਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਜਿਸ ਨਾਲ ਚੰਡੀਗੜ੍ਹ ਪੁਲਿਸ ਕਾਫ਼ੀ ਮੁਸਤੈਦ ਅਤੇ ਚਿੰਤਤ ਹੋ ਗਈ ਹੈ।
ਪੁਲਿਸ ਵਲੋਂ ਮਿਲੇ ਅੰਕੜਿਆਂ ਅਨੁਸਾਰ ਸਾਲ 2016 ਵਿਚ ਨਸ਼ੀਲੇ ਟੀਕਿਆਂ ਦੀਆਂ ਕੁਲ 2104 ਵਾਈਲਾਂ ਬਰਾਮਦ ਕੀਤੀਆਂ ਗਈਆਂ ਸਨ ਜਦਕਿ ਇਸ ਸਾਲ ਇਹ ਗਿਣਤੀ ਸਤਵੇਂ ਮਹੀਨੇ ਤਕ 2080 ਦੇ ਕਰੀਬ ਪਹੁੰਚ ਗਈ ਹੈ। ਸਾਲ ਖ਼ਤਮ ਹੋਣ ਨੂੰ ਫਿਲਹਾਲ 5 ਮਹੀਨੇ ਦਾ ਸਮਾਂ ਬਾਕੀ ਹੈ ਪਰ ਬਰਾਮਦ ਨਸ਼ਿਆਂ ਦੀ ਮਿਕਦਾਰ ਲਗਭਗ ਪਿਛਲੇ ਸਾਲ ਦੇ ਬਰਾਬਰ ਹੋ ਚੁਕੀ ਹੈ ਜਿਸ ਤੋਂ ਸਾਫ਼ ਪਤਾ ਲਗਦਾ ਹੈ ਕਿ ਮੈਡੀਕਲ ਨਸ਼ੇ ਦੀ ਵਰਤੋਂ ਵਧੇਰੇ ਹੋ ਰਹੀ ਹੈ। ਇਸ ਦੇ ਨਾਲ ਹੀ ਜੇ ਹੈਰੋਇਨ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਪੂਰੇ ਸਾਲ ਵਿਚ ਪੁਲਿਸ ਨੇ 453 ਗਰਾਮ ਹੈਰੋਇਨ ਬਰਾਮਦ ਕੀਤੀ ਸੀ ਜਦਕਿ ਇਸ ਸਾਲ ਬਰਾਮਦ ਕੀਤੀ ਗਈ ਹੈਰੋਇਨ 700 ਗਰਾਮ ਤਕ ਪਹੁੰਚ ਗਈ ਹੈ। ਜੇ ਅਫ਼ੀਮ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਦੌਰਾਨ ਚੰਡੀਗੜ੍ਹ ਪੁਲਿਸ ਵਲੋਂ ਤਿੰਨ ਕਿਲੋ ਅਫ਼ੀਮ ਬਰਾਮਦ ਕੀਤੀ ਗਈ ਸੀ ਜਦਕਿ ਇਸ ਵਾਰ ਸਿਰਫ਼ ਡੇਢ ਕਿਲੋ ਅਫ਼ੀਮ ਹੀ ਬਰਾਮਦ ਹੋਈ ਸੀ। ਇਸੇ ਤਰ੍ਹਾਂ ਸਾਲ 2016 ਵਿਚ 6.7 ਕਿਲੋ ਚਰਸ ਬਰਾਮਦ ਕੀਤੀ ਗਈ ਸੀ ਜਦਕਿ ਇਸ ਸਾਲ ਹੁਣ ਤਕ ਇਕ ਕਿਲੋ ਚਰਸ ਬਰਾਮਦ ਕੀਤੀ ਗਈ ਹੈ। ਇਨ੍ਹਾਂ ਅੰਕੜਿਆਂ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਦੂਜੇ ਨਸ਼ੇ ਅਸਾਨੀ ਨਾਲ ਨਾ ਮਿਲਣ ਕਰ ਕੇ ਤਸਕਰਾਂ ਨੇ ਮੈਡੀਕਲ ਨਸ਼ੇ ਦੀ ਤਸਕਰੀ ਵਲ ਜਾਣਾ ਸ਼ੁਰੂ ਕਰ ਦਿਤਾ ਹੈ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਚੰਡੀਗੜ੍ਹ ਦੇ ਨਾਲ ਲਗਦੇ ਇਲਾਕਿਆਂ ਵਿਚੋਂ ਨਸ਼ੀਲੇ ਟੀਕੇ ਲਿਆ ਕੇ ਚੰਡੀਗੜ੍ਹ 'ਚ ਮਹਿੰਗੀ ਕੀਮਤ 'ਤੇ ਵੇਚੇ ਜਾਂਦੇ ਹਨ। ਸੂਤਰਾਂ ਦੀ ਮੰਨੀਏ ਤਾ ਇਹ ਟੀਕੇ ਹਰਿਆਣਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਤੋਂ ਲਿਆਂਦੇ ਜਾਂਦੇ ਹਨ। ਪੰਜਾਬ ਵਿੱਚ ਅਜਿਹੇ ਨਸ਼ਿਆਂ ਦੀ ਸਪਲਾਈ 'ਤੇ ਸਖ਼ਤੀ ਨਾਲ ਕਾਰਵਾਈ ਕੀਤੇ ਜਾਣ ਦੇ ਬਾਅਦ ਹੁਣ ਤਸਕਰਾਂ ਨੇ ਉਨ੍ਹਾਂ ਇਲਾਕਿਆਂ ਨੂੰ ਚੁਨਣਾ ਸ਼ੁਰੂ ਕਰ ਦਿਤਾ ਹੈ ਜਿਨ੍ਹਾਂ ਇਲਾਕਿਆਂ ਵਿੱਚ ਸਖਤਾਈ ਘੱਟ ਹੈ। ਜੇਕਰ ਬੀਤੇ ਕੁਝ ਦਿਨਾਂ ਦੀ ਗੱਲ ਕੀਤੀ ਜਾਵੇ ਤਾ ਚੰਡੀਗੜ੍ਹ ਪੁਲਿਸ ਦੇ ਔਪਰੇਸ਼ਨ ਸੈਲ ਅਤੇ ਕ੍ਰਾਈਮ ਬ੍ਰਾਂਚ ਵੱਲੋਂ ਬੀਤੇ ਦਿਨ ਦੋ ਵਿਅਕਤੀਆਂ ਨੂੰ ਨਸ਼ੀਲੇ ਟੀਕਿਆਂ ਸਮੇਤ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਤੋਂ 41 ਨਸ਼ੀਲੇ ਟੀਕੇ ਬਰਾਮਦ ਹੋਏ ਹਨ। ਇਸੇ ਤਰ੍ਹਾਂ ਕ੍ਰਾਈਮ ਬ੍ਰਾਂਚ ਨੇ ਦੋ ਦਿਨ ਪਹਿਲਾ ਮਲੋਆ ਤੋਂ ਇਕ ਵਿਅਕਤੀ ਨੂੰ 50 ਨਸ਼ੀਲੇ ਟੀਕਿਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਚੰਡੀਗੜ੍ਹ ਪੁਲਿਸ ਨੇ ਨਸ਼ਾ ਤਸਕਰੀ ਦੇ 149 ਮਾਮਲੇ ਦਰਜ ਕੀਤੇ ਸਨ ਜਦਕਿ 158 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਇਸ ਸਾਲ ਜੁਲਾਈ ਮਹੀਨੇ ਦੀ ਸ਼ੁਰੂਆਤ ਤਕ ਅਜਿਹੇ 113 ਮਾਮਲੇ ਦਰਜ ਹੋ ਚੁਕੇ ਹਨ ਅਤੇ 115 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁਕਾ ਹੈ।