ਸਟੇਟ ਬੈਂਕ ਦੀ ਸ਼ਾਖ਼ਾ 'ਚ ਦਿਨ ਦਿਹਾੜੇ ਡਾਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਉਦਯੋਗਿਕ ਖੇਤਰ ਫ਼ੇਜ਼-7 ਵਿਚ ਦੇ ਸ਼ੋਅਰੂਮਾਂ ਵਿਚ ਸਥਿਤ ਸਟੇਟ ਬਂੈਕ ਆਫ਼ ਇੰਡੀਆ ਦੀ ਬ੍ਰਾਂਚ ਵਿਚ ਅੱਜ ਦੁਪਹਿਰ ਵੇਲੇ ਇਕ ਅਣਪਛਾਤੇ ਨੌਜਵਾਨ ਵਲੋਂ ਦਿਨ-ਦਿਹਾੜੇ..

Robber

 

ਐਸ.ਏ.ਐਸ. ਨਗਰ, 25 ਜੁਲਾਈ (ਗੁਰਮੁਖ ਵਾਲੀਆ): ਸਥਾਨਕ ਉਦਯੋਗਿਕ ਖੇਤਰ ਫ਼ੇਜ਼-7 ਵਿਚ ਦੇ ਸ਼ੋਅਰੂਮਾਂ ਵਿਚ ਸਥਿਤ ਸਟੇਟ ਬਂੈਕ ਆਫ਼ ਇੰਡੀਆ ਦੀ  ਬ੍ਰਾਂਚ ਵਿਚ ਅੱਜ ਦੁਪਹਿਰ ਵੇਲੇ ਇਕ ਅਣਪਛਾਤੇ  ਨੌਜਵਾਨ ਵਲੋਂ ਦਿਨ-ਦਿਹਾੜੇ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ। ਬੈਂਕ ਵਿਚੋਂ ਲੁੱਟੀ ਗਈ ਰਕਮ ਬਾਰੇ ਜਾਣਕਾਰੀ ਹਾਸਲ ਨਹੀਂ ਹੋ ਪਾਈ ਪਰ ਇਹ ਰਕਮ ਲੱਖਾਂ ਵਿਚ ਦੱਸੀ ਜਾ ਰਹੀ ਹੈ। ਬੈਂਕ ਅਧਿਕਾਰੀਆਂ ਵਲੋਂ  ਨਕਦੀ ਦਾ ਹਿਸਾਬ ਲਗਾਇਆ ਜਾ ਰਿਹਾ ਹੈ ਅਤੇ ਪੁਲਿਸ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਫ਼ਿਲਮੀ ਅੰਦਾਜ ਵਿਚ ਲੁੱਟ ਦੀ ਇਸ ਵਾਰਦਾਤ ਨੂੰ 2:15 ਵਜੇ ਦੇ ਕਰੀਬ ਬਂੈਕ ਵਿਚ ਦਾਖ਼ਲ ਹੋਏ ਇਕ ਅਣਪਛਾਤੇ ਨੌਜਵਾਨ ਵਲੋਂ ਅੰਜਾਮ ਦਿਤਾ ਗਿਆ, ਜਿਸ ਨੇ ਅਪਣਾ ਮੂੰਹ ਕਪੜੇ ਨਾਲ ਢਕਿਆ ਹੋਇਆ ਸੀ। ਇਸ ਨੌਜਵਾਨ ਨੇ ਬੈਂਕ ਵਿਚ ਦਾਖ਼ਲ ਹੁੰਦੇ ਸਾਰ ਪਿਸਤੌਲ ਕੱਢ ਕੇ ਫ਼ਾਇਰ ਕਰ ਦਿਤਾ ਅਤੇ ਬੈਂਕ ਕਰਮਚਾਰੀਆਂ ਨੂੰ ਇਕ ਪਾਸੇ ਖੜੇ ਹੋਣ ਦੀ ਚਿਤਾਵਨੀ ਦੇ ਕੇ ਨਕਦੀ ਉਸ ਦੇ ਹਵਾਲੇ ਕਰਨ ਲਈ ਕਿਹਾ। ਇਸ ਲੁਟੇਰੇ (ਜਿਸ ਨੇ ਪਿੱਠ ਤੇ ਬੈਗ ਟੰਗਿਆ ਹੋਇਆ ਸੀ) ਨੇ ਕੈਸ਼ ਕਾਊਂਟਰ ਤੇ ਜਾ ਕੇ ਕੈਸ਼ ਇਕੱਠਾ ਕਰ ਕੇ ਬੈਗ ਵਿਚ ਪਾਇਆ ਅਤੇ ਤੁਰਤ-ਫੁਰਤ ਵਿਚ ਨਕਦੀ ਲੈ ਕੇ ਬਾਹਰ ਨਿਕਲ ਗਿਆ। ਬਂੈਕ ਦੇ ਇਕ ਕਰਮਚਾਰੀ ਅਸ਼ਵਨੀ ਕੁਮਾਰ ਅਨੁਸਾਰ ਉਸ ਨੇ ਲੁਟੇਰੇ ਦੇ ਪਿਛੇ ਭੱਜ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਵੇਲੇ ਤਕ ਲੁਟੇਰਾ ਅਪਣੀ ਗੱਡੀ ਵਿਚ ਬੈਠ ਗਿਆ ਸੀ ਅਤੇ ਲੁਟੇਰੇ ਵਲੋਂ ਉਸ ਨੂੰ ਕਾਰ ਨਾਲ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਸ ਦੀ ਲੱਤ 'ਤੇ ਸੱਟ ਲੱਗੀ ਅਤੇ ਇਸ ਦੌਰਾਨ ਲੁਟੇਰਾ ਉੱਥੋਂ ਫ਼ਰਾਰ ਹੋ ਗਏ।
ਬੈਂਕ ਲੁੱਟਣ ਵਾਲੇ ਇਸ ਸ਼ਖ਼ਸ ਦੀ ਉਮਰ 25-26 ਸਾਲ ਦੇ ਕਰੀਬ ਦੱਸੀ  ਜਾ ਰਹੀ ਹੈ। ਜਿਸ ਨੇ ਨੀਲੀ ਕਮੀਜ ਅਤੇ ਲਾਲ ਟੋਪੀ ਪਾਈ ਹੋਈ ਸੀ। ਇਸਨੇ ਮੂੰਹ ਤੇ ਰੁਮਾਲ ਬੰਨ੍ਹਿਆ ਹੋਇਆ ਸੀ ਅਤੇ ਇਸ ਦੀ ਤਸਵੀਰ ਬੈਂਕ ਦੇ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਮੌਕੇ ਤੇ ਪੁਲਿਸ ਅਧਿਕਾਰੀਆਂ ਵਲੋਂ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਸੀ। ਸੰਪਰਕ ਕਰਨ 'ਤੇ ਮੌਕੇ 'ਤੇ ਪਹੁੰਚੇ ਐਸ.ਪੀ. ਸਿਟੀ ਜਗਜੀਤ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਲੁੱਟ ਦੀ ਰਕਮ ਦੇ ਵੇਰਵੇ ਹਾਸਲ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।