ਰਾਜਪੁਰਾ-ਮੋਹਾਲੀ/ਚੰਡੀਗੜ੍ਹ ਰੂਟ 'ਤੇ ਰੇਲ ਗੱਡੀ ਦੌੜਨਾ ਲਗਭਗ ਤੈਅ
ਡਾ. ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਦੀ ਅਗਵਾਈ ਵਿਚ ਇਕ ਵਫ਼ਦ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਅਤੇ...
ਪਟਿਆਲਾ, 25 ਜੁਲਾਈ (ਰਣਜੀਤ ਰਾਣਾ ਰੱਖੜਾ): ਡਾ. ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਦੀ ਅਗਵਾਈ ਵਿਚ ਇਕ ਵਫ਼ਦ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਅਤੇ ਰਾਜਪੁਰਾ-ਮੁਹਾਲੀ/ਚੰਡੀਗੜ੍ਹ ਨਵੇਂ ਬਣਨ ਵਾਲੇ ਰੇਲ ਮਾਰਗ ਲਈ 43.192 ਹੈਕਟੇਅਰ ਦੀ ਜ਼ਮੀਨ, 78.85 ਕਰੋੜ ਰੁਪੈ ਦੀ ਲਾਗਤ ਨਾਲ ਜ਼ਮੀਨ ਖ਼ਰੀਦਣ ਲਈ ਤੁਰਤ ਮਨਜ਼ੂਰੀ ਦੇਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਵਿੱਤ ਮੰਤਰੀ ਨੇ ਇਸ ਮੰਗ ਨੂੰ ਇਕ ਦੋ ਦਿਨਾਂ ਵਿਚ ਹੀ ਮੁੱਖ ਮੰਤਰੀ ਦੀ ਮਨਜ਼ੂਰੀ ਨਾਲ ਪਾਸ ਕਰ ਕੇ ਕੇਂਦਰੀ ਰੇਲ ਮੰਤਰੀ ਨੂੰ ਭੇਜਣ ਦਾ ਪੱਕਾ ਭਰੋਸਾ ਦਿਵਾਇਆ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਰੇਲ ਲਿੰਕ ਯਕੀਨਨ ਸਮੁੱਚੇ ਮਾਲਵਾ ਖੇਤਰ ਦਾ ਵਿਕਾਸ, ਟੂਰਿਜ਼ਮ ਤੇ ਸਨਅਤੀ ਵਿਕਾਸ ਲਈ ਇਕ ਮੀਲ ਦਾ ਪੱਥਰ ਸਾਬਤ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਅਤਿ ਮਹੱਤਵਪੂਰਨ ਪ੍ਰੋਜੈਕਟ ਲਈ ਪੈਸਾ ਦੇ ਕੇ ਬਹੁਤ ਤਸੱਲੀ 'ਤੇ ਖ਼ੁਸ਼ੀ ਹੋਵੇਗੀ। ਉਮੀਦ ਹੈ ਕਿ ਪੰਜਾਬ ਸਰਕਾਰ ਵਲੋਂ ਭੌਂ ਪ੍ਰਾਪਤੀ ਪ੍ਰੀਕ੍ਰਿਆ ਪੂਰੀ ਹੋਣ ਸਾਰ ਹੀ ਅਗਲੇ ਸਾਲ ਤੋਂ ਇਸ ਰੇਲ ਲਿੰਕ 'ਤੇ ਕੰਮ ਸ਼ੁਰੂ ਹੋ ਜਾਵੇਗਾ।
ਇਥੇ ਵਰਣਨਯੋਗ ਹੈ ਕਿ 1720 ਕਰੋੜ ਰੁਪਏ ਦੀ ਲਾਗਤ ਨਾਲ 172 ਕਿ.ਮੀ. ਲੰਬੇ ਰਾਜਪੁਰਾ-ਬਠਿੰਡਾ ਰੇਲ ਲਿੰਕ ਦੇ ਦੂਰੀ ਕਰਨ 'ਤੇ ਬਿਜਲਈਕਰਨ ਦਾ ਕੰਮ ਰੇਲਵੇ ਵਿਕਾਸ ਨਿਗਮ ਲਿਮ: (ਆਰ.ਵੀ.ਐਨ.ਐਲ) ਵਲੋਂ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਜਿਸ ਦਾ ਮਿਤੀਬੱਧ ਉਦਘਾਟਨ ਰੇਲ ਮੰਤਰੀ ਸੁਰੇਸ਼ ਪ੍ਰਭੂ ਵਲੋਂ ਮਾਰਚ ਮਹੀਨੇ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਡਾ. ਧਰਮਵੀਰ ਗਾਂਧੀ ਨੇ ਵਿੱਤ ਮੰਤਰੀ ਦਾ ਧਨਵਾਦ ਕੀਤਾ। ਇਸ ਵਫ਼ਦ ਵਿਚ ਡਾ. ਧਰਮਵੀਰ ਗਾਂਧੀ ਤੋਂ ਇਲਾਵਾ ਦਿਲਪ੍ਰੀਤ ਸਿੰਘ ਢਿੱਲੋਂ ਮੁਹਾਲੀ, ਅਨਿਲ ਗੋਇਲ, ਜਸਵੀਰ ਸਿੰਘ ਰੰਧਾਵਾ ਅਤੇ ਨਰਦੇਵ ਸਿੰਘ ਨੰਡਿਆਲੀ ਸ਼ਾਮਲ ਸਨ।