ਯੂ-ਟਿਊਬ ਤੋਂ ਤਰੀਕੇ ਸਿੱਖ ਕੇ ਬਣਾਉਂਦੇ ਸਨ ਨਾਜਾਇਜ਼ ਹਥਿਆਰ, ਦੋ ਕਾਬੂ
5 ਦੇਸੀ ਪਿਸਤੌਲ ਅਤੇ ਸੈਂਕੜਿਆਂ ਦੀ ਮਾਤਰਾ ਵਿਚ ਕਾਰਤੂਸ ਬਰਾਮਦ ਕੀਤੇ
ਬਟਾਲਾ : ਬਟਾਲਾ ਪੁਲਿਸ ਨੇ ਗ਼ੈਰ ਕਾਨੂੰਨੀ ਹਥਿਆਰ ਬਣਾਉਣ ਵਾਲੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਹਥਿਆਰ ਬਣਾਉਣ ਵਾਲੀ ਫ਼ੈਕਟਰੀ ਦਾ ਖ਼ੁਲਾਸਾ ਕੀਤਾ ਹੈ। ਫੜੇ ਗਏ ਦੋਵੇਂ ਨੌਜਵਾਨ ਬਟਾਲਾ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਵਿਚੋਂ ਇਕ ਕੰਪਿਊਟਰ ਇੰਜੀਨੀਅਰ ਅਤੇ ਦੂਜਾ ਖ਼ਰਾਦ ਫ਼ੈਕਟਰੀ ਦੇ ਮਾਲਕ ਦਾ ਬੇਟਾ ਦਸਿਆ ਜਾ ਰਿਹਾ ਹੈ। ਪੁਲਿਸ ਨੇ ਦੋਹਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਤਿਆਰ ਕੀਤੇ ਹੋਏ 5 ਦੇਸੀ ਪਿਸਤੌਲ ਅਤੇ ਸੈਂਕੜਿਆਂ ਦੀ ਮਾਤਰਾ ਵਿਚ ਕਾਰਤੂਸ ਬਰਾਮਦ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਦਸਿਆ ਕਿ ਸਥਾਨਕ ਬੀਕੋ ਕੰਪਲੈਕਸ ਵਿਖੇ ਇਕ ਫ਼ੈਕਟਰੀ ਵਿਖੇ ਗ਼ੈਰ ਕਾਨੂੰਨੀ ਹਥਿਆਰ ਬਣਾਉਣ ਦਾ ਕੰਮ ਚੱਲਣ ਬਾਰੇ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਵਲੋਂ ਉਕਤ ਫ਼ੈਕਟਰੀ 'ਤੇ ਛਾਪੇਮਾਰੀ ਕਰ ਕੇ ਦੋ ਲੋਕਾਂ ਨੂੰ ਤਿਆਰ ਕੀਤੇ ਗਏ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਉਨ੍ਹਾਂ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਰਾਜਨ ਸ਼ਰਮਾ (ਕੰਪਿਊਟਰ ਇੰਜੀਨੀਅਰ) ਵਾਸੀ ਕਪੂਰੀ ਗੇਟ ਅਤੇ ਪ੍ਰਿਤਪਾਲ ਸਿੰਘ ਵਾਸੀ ਬੀਕੋ ਕੰਪਲੈਕਸ ਦੋਵੇਂ ਵਾਸੀ ਬਟਾਲਾ ਸਿਟੀ। ਦੋਹਾਂ ਕੋਲੋਂ 3 ਪਿਸਤੌਲ 32 ਬੋਰ, 2 ਪਿਸਤੌਲ 12 ਬੋਰ, 1 ਏਅਰ ਗੰਨ, 41 ਜਿੰਦਾ ਕਾਰਤੂਸ, 81 ਚੱਲੇ ਹੋਏ ਕਾਰਤੂਸ ਅਤੇ ਹਥਿਆਰ ਬਣਾਉਣ ਵਾਲਾ ਸਮਾਨ ਬਰਾਮਦ ਕੀਤਾ ਗਿਆ ਹੈ।
ਐਸ.ਐਸ.ਪੀ ਘੁੰਮਣ ਨੇ ਦਸਿਆ ਕਿ ਉਕਤ ਦੋਵੇਂ ਨੌਜਵਾਨ ਪਿਛਲੇ ਇਕ ਸਾਲ ਤੋਂ ਇਹ ਕੰਮ ਕਰ ਰਹੇ ਸਨ ਅਤੇ ਇਹ ਲੋਕ ਯੂ ਟਿਊਬ ਤੋਂ ਵੇਖ ਕੇ ਦੇਸੀ ਪਿਸਤੌਲ ਤਿਆਰ ਕਰਦੇ ਸਨ। ਉਕਤ ਨੌਜਵਾਨਾਂ ਵਿੱਚੋਂ ਕੰਪਿਊਟਰ ਇੰਜੀਨੀਅਰ ਯੂ ਟਿਊਬ ਤੋਂ ਹਥਿਆਰ ਬਣਾਉਣ ਦਾ ਤਰੀਕਾ ਲਭਦਾ ਸੀ ਅਤੇ ਬਾਅਦ ਵਿਚ ਇਹ ਦੋਵੇਂ ਲੋਕ ਪ੍ਰਿਤਪਾਲ ਦੀ ਫ਼ੈਕਟਰੀ ਵਿਖੇ ਉਸ ਹਥਿਆਰ ਨੂੰ ਤਿਆਰ ਕਰਦੇ ਸਨ। ਇਹ ਲੋਕ ਫ਼ੈਕਟਰੀ ਵਿਚ ਉਸ ਵੇਲੇ ਕੰਮ ਕਰਦੇ ਸਨ ਜਦੋਂ ਪ੍ਰਿਤਪਾਲ ਦੇ ਪਿਤਾ ਘਰ ਵਾਪਸ ਚਲੇ ਜਾਂਦੇ ਸਨ। ਇਹ ਲੋਕ ਹਥਿਆਰ ਨੂੰ ਬਣਾ ਕੇ ਬਾਕਾਇਦਾ ਟੈਸਟ ਕਰਦੇ ਵੀ ਸਨ।