‘ਜੇ ਖੇਤੀ ਕਾਨੂੰਨਾਂ ਦੀ ਵਕਾਲਤ ਨਹੀਂ ਸੀ ਕੀਤੀ ਤਾਂ ਅਪਣਾ ਲਿਖਤੀ ਬਿਆਨ ਜਾਰੀ ਕਰਨ’: ਸ਼ਵੇਤ ਮਲਿਕ
ਕਾਂਗਰਸੀ ਆਗੂਆਂ ਨੂੰ ਸ਼ਵੇਤ ਮਲਿਕ ਦਾ ਖੁੱਲ੍ਹਾ ਚੈਲੇਂਜ
ਲੁਧਿਆਣਾ: ਜਦੋਂ ਕੈਂਸਰ ਦਾ ਇਲਾਜ ਹੁੰਦਾ ਹੈ ਤਾਂ ਤਕਲੀਫ਼ ਜ਼ਰੂਰ ਹੁੰਦੀ ਹੈ ਪਰ ਜਦੋਂ ਇਲਾਜ ਹੋ ਜਾਂਦਾ ਹੈ ਤਾਂ ਸਰੀਰ ਨੂੰ ਆਰਾਮ ਵੀ ਮਿਲਦਾ ਹੈ। ਇਸੇ ਤਰ੍ਹਾਂ ਜਦੋਂ ਕੋਈ ਨਵੀਂ ਚੀਜ਼ ਆਉਂਦੀ ਹੈ ਤਾਂ ਤਕਲੀਫ਼ ਹੁੰਦੀ ਪਰ ਬਾਅਦ ਵਿਚ ਉਸ ਦੇ ਫ਼ਾਇਦੇ ਮਿਲਣ ਉਤੇ ਠੀਕ ਹੋ ਜਾਂਦਾ ਹੈ। ਜੀ.ਐਸ.ਟੀ ਸਮੇਂ ਵੀ ਅਜਿਹਾ ਹੀ ਹੋਇਆ ਸੀ। ਕਾਂਗਰਸ ਦੇ ਡਾ.ਮਨਮੋਹਣ ਸਿੰਘ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤਕ ਨੇ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਰਾਜ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੇ ਲੁਧਿਆਣਾ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਾਂਗਰਸੀ ਆਗੂਆਂ ਨੂੰ ਉਨ੍ਹਾਂ ਦਾ ਖੁਲ੍ਹਾ ਚੈਲੇਂਜ ਕਿ ਜੇਕਰ ਉਨ੍ਹਾਂ ਨੇ ਇਨ੍ਹਾਂ ਖੇਤੀ ਕਾਨੂੰਨਾਂ ਦਾ ਸਮਰਥਨ ਨਹੀਂ ਕੀਤਾ ਤਾਂ ਉਹ ਲਿਖਤੀ ਬਿਆਨ ਜਾਰੀ ਕਰਨ।
ਉਨ੍ਹਾਂ ਕੈਪਟਨ ਉਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਵੀ ਲਗਾਇਆ। ਪੰਜਾਬ ਸਰਕਾਰ ਉਤੇ ਨਿਸ਼ਾਨੇ ਸਾਧਦੇ ਹੋਇਆ ਸ਼ਵੇਤ ਮਲਿਕ ਨੇ ਕਿਹਾ ਕਿ ਚੋਣਾਂ ਦੌਰਾਨ ਵੱਡੇ-ਵੱਡੇ ਵਾਅਦੇ ਕਰਨ ਵਾਲੀ ਕਾਂਗਰਸ ਨੇ ਅਪਣੇ ਵਾਅਦੇ ਤਾਂ ਕੀ ਪੂਰੇ ਕਰਨੇ ਸੀ ਸਗੋਂ ਲੋਕਾਂ ਨੂੰ ਜੋ ਸਹੂਲਤਾਂ ਮਿਲਦੀਆਂ ਸੀ ਉਹ ਵੀ ਖੋਹ ਲਈਆਂ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਪੈਨਸ਼ਨਾਂ ਵਧਾ ਕੇ ਦਿਆਂਗੇ ਪਰ ਜਦੋਂ ਲੋਕਾਂ ਦੇ ਨੀਲੇ ਕਾਰਡ ਹੀ ਧੜਾਧੜ ਕੱਟ ਦਿਤੇ ਤਾਂ ਪੈਨਸ਼ਨਾਂ ਦੇਣੀਆਂ ਕਿਸਨੂੰ ਹਨ। ਉਨ੍ਹਾਂ ਕੈਪਟਨ ‘ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਵੀ ਲਗਾਇਆ।
ਉਨ੍ਹਾਂ ਸੂਬਾ ਸਰਕਾਰ ਵਿਰੁਧ ਭੜਾਸ ਕਢਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਵਲੋਂ ਚੋਣ ਵਰ੍ਹੇ ਦੌਰਾਨ ਗਿਣਾਈਆਂ ਜਾਣ ਵਾਲੀਆਂ ਪ੍ਰਾਪਤੀਆਂ ਨਿਰਾ ਝੂਠ ਦਾ ਪੁਲੰਦਾ ਹੈ ਕਿਉਂਕਿ ਨੌਜਵਾਨਾਂ, ਕਿਸਾਨਾਂ, ਆਮ ਲੋਕਾਂ, ਬਜ਼ੁਰਗਾਂ ਸਮੇਤ ਹਰ ਵਰਗ ਨਾਲ ਕੀਤੇ ਵਾਅਦੇ ਉਨ੍ਹਾਂ ਵਿਚੋਂ ਇਕ ਵੀ ਪੂਰਾ ਨਹੀਂ ਹੋਇਆ ਹੈ। ਹੁਣ, ਚੋਣ ਸਾਲ ਵਿਚ, ਕੈਪਟਨ ਪ੍ਰਸਾਂਤ ਕਿਸੋਰ ਦੇ ਮੋਢੇ ਉਤੇ ਸਵਾਰ ਹੋ ਕੇ ਅਪਣੀ ਕਿਸ਼ਤੀ ਨੂੰ ਪਾਰ ਕਰਨ ਦੀ ਫਿਰਾਕ ਵਿਚ ਹਨ ਪਰ ਹੁਣ ਰਾਜ ਦੇ ਲੋਕ ਜਾਗਰੂਕ ਹੋ ਗਏ ਹਨ। ਮਲਿਕ ਨੇ ਤਾਂ ਇਥੋਂ ਤਕ ਕਹਿ ਦਿਤਾ ਕਿ ਇਤਿਹਾਸ ਵਿਚ ਅਜਿਹੀ ਕੋਈ ਝੂਠੀ ਸਰਕਾਰ ਨਹੀਂ ਆਈ ਅਤੇ ਇਸ ਸਰਕਾਰ ਦਾ ਨਾਂਮ ਗਿਨੀਜ ਬੁੱਕ ਵਿਚ ਦਰਜ ਹੋਣਾ ਚਾਹੀਦਾ ਹੈ। ਕੈਪਟਨ ਸਰਕਾਰ ਨੇ ਰਾਜ ਦੇ ਤਿੰਨ ਕਰੋੜ ਲੋਕਾਂ ਦੇ ਭਵਿੱਖ ਉਤੇ ਤਾਲਾ ਲਗਾ ਦਿਤਾ ਹੈ। ਹੁਣ ਵੋਟਾਂ ਦੀ ਚਾਬੀ ਨਾਲ, ਕੈਪਟਨ ਲੋਕਾਂ ਦੇ ਤਾਲੇ ਖੋਲ੍ਹ ਕੇ ਸਰਕਾਰ ਚਲਾਉਣਗੇ।