ਚੀਫ਼ ਖ਼ਾਲਸਾ ਦੀਵਾਨ ਨੇ ਜਥੇਦਾਰ ਨੂੰ ਲਿਖਤੀ ਤੌਰ ’ਤੇ ਸਪੱਸ਼ਟੀਕਰਨ ਭੇਜਿਆ
ਚੀਫ਼ ਖ਼ਾਲਸਾ ਦੀਵਾਨ ਨੇ ਜਥੇਦਾਰ ਨੂੰ ਲਿਖਤੀ ਤੌਰ ’ਤੇ ਸਪੱਸ਼ਟੀਕਰਨ ਭੇਜਿਆ
ਅੰਮਿ੍ਰਤਸਰ 2 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ) : ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੀਤੇ ਦਿਨੀ ਹੋਈ ਮੀਟਿੰਗ ਦੌਰਾਨ ਦੀਵਾਨ ਦੇ ਅਹੁਦੇਦਾਰਾਂ ਨੂੰ ਹੋਏ ਆਦੇਸ਼ਾਂ ਦੀ ਪਾਲਣਾ ਸਬੰਧੀ ਚੀਫ਼ ਖ਼ਾਲਸਾ ਦੀਵਾਨ ਵਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਰਾਹੀਂ ਲਿਖਤੀ ਰੂਪ ਵਿਚ ਜਾਣਕਾਰੀ ਭੇਜੀ ਗਈ। ਇਸ ਦੇ ਨਾਲ ਹੀ ਚੀਫ਼ ਖ਼ਾਲਸਾ ਦੀਵਾਨ ਮੈਂਬਰ ਸਾਹਿਬਾਨ ਦੇ ਅੰਮਿ੍ਰਤਧਾਰੀ ਹੋਣ ਦਾ ਲਿਖਤੀ ਇਕਰਾਰਨਾਮਾ ‘ੳ’ ਤੇ ‘ੳੳ’ ਫਾਰਮ ਵੀ ਭੇਜੇ ਗਏ। ਚੀਫ਼ ਖ਼ਾਲਸਾ ਦੀਵਾਨ ਪ੍ਰਧਾਨ ਨਿਰਮਲ ਸਿੰਘ ਦੇ ਦਸਤਖ਼ਤਾਂ ਹੇਠ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਸੁਖਜਿੰਦਰ ਸਿੰਘ ਪਿ੍ਰੰਸ ਵਲੋਂ ਜਥੇਦਾਰ ਹਰਪ੍ਰੀਤ ਸਿੰਘ ਦੇ ਨਿਜੀ ਸਹਾਇਕ ਰਣਜੀਤ ਸਿੰਘ ਨੂੰ ਸੌਂਪੇ ਗਏ ਪੱਤਰ ਵਿਚ ਚੀਫ਼ ਖ਼ਾਲਸਾ ਦੀਵਾਨ ਦੇ ਗ਼ੈਰ ਅੰਮਿ੍ਰਤਧਾਰੀ ਮੈਂਬਰ ਸਾਹਿਬਾਨ ਦੇ ਮਸਲੇ ਬਾਬਤ ਜਾਣਕਾਰੀ ਸਾਂਝੀ ਕੀਤੀ ਗਈ ਕਿ ਚੀਫ਼ ਖ਼ਾਲਸਾ ਦੀਵਾਨ ਵਿਚ ਮੈਂਬਰ ਬਣਨ ਸਮੇਂ ਉਨ੍ਹਾਂ ਦੇ ਅੰਮਿ੍ਰਤਧਾਰੀ ਹੋਣ ਬਾਰੇ ਲਿਖਤੀ ਇਕਰਾਰਨਾਮਾ “ੳ”, “ੳੳ” ਲਿਆ ਜਾਂਦਾ ਹੈ ਅਤੇ ਜੇਕਰ ਕਿਸੇ ਵਿਅਕਤੀ ਨੂੰ ਕਿਸੇ ਵੀ ਮੈਂਬਰ ਦੇ ਅੰਮਿ੍ਰਤਧਾਰੀ ਨਾ ਹੋਣ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਸਬੂਤਾਂ ਸਮੇਤ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਸਿੱਧਾ ਚੀਫ਼ ਖ਼ਾਲਸਾ ਦੀਵਾਨ ਨੂੰ ਦੇ ਸਕਦਾ ਹੈ ਅਤੇ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ ਅਤੇ ਬਗ਼ੈਰ ਕਿਸੇ ਸਬੂਤ ਜਾਂ ਜਾਣਕਾਰੀ ਦੇ ਇਸ ਸੰਬੰਧੀ ਕਾਰਵਾਈ ਕਰਨੀ ਅਸੰਭਵ ਹੈ। ਚੀਫ਼ ਖ਼ਾਲਸਾ ਦੀਵਾਨ ਦੇ ਸੰਵਿਧਾਨ ਨੂੰ ਸੋਧ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਬਹਾਲ ਕਰਨ ਦੀ ਹਦਾਇਤ ਸਬੰਧੀ ਪੱਤਰ ਵਿਚ ਦਸਿਆ ਗਿਆ ਕਿ ਪਿਛਲੇ ਸਮੇਂ ਜਦੋਂ ਚੀਫ਼ ਖ਼ਾਲਸਾ ਦੀਵਾਨ ਦੇ ਸੰਵਿਧਾਨ ਵਿਚ ਸੋਧ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਖ਼ਤਮ ਕੀਤੀ ਗਈ ਸੀ ਤਾਂ ਇਹ ਮਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਪਰੰਤੂ ਉਸ ਸਮੇਂ ਸਿਆਸੀ ਪ੍ਰਭਾਵ ਹੇਠ ਜਿੰੰਮੇਵਾਰ ਵਿਅਕਤੀਆਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ। ਵਰਤਮਾਨ ਸਮੇਂ ਵਿਚ 31 ਮਾਰਚ ਦੀ ਜਥੇਦਾਰਾਂ ਦੀ ਇਕੱਤਰਤਾ ਵਿਚ ਦਿਤੇ ਆਦੇਸ਼ ਨੂੰ ਲਾਗੂ ਕਰਨ ਲਈ ਸੁਝਾਅ ਲੈ ਕੇ ਚੀਫ਼ ਖ਼ਾਲਸਾ ਦੀਵਾਨ ਵਲੋਂ ਕਾਨੂੰਨ ਅਤੇ ਨਿਯਮਾਂ ਅਨੁਸਾਰ ਕਾਰਵਾਈ ਕਰ ਦਿਤੀ ਜਾਵੇਗੀ। ਪੱਤਰ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਮਿਤੀ 30-6-20 ਨੂੰ ਰੋਕ ਲਗਾਉਣ ਦੇ ਬਾਵਜੂਦ ਵੀ ਨਵੇਂ ਮੈਂਬਰ ਸ਼ਾਮਲ ਕਰਨ ਬਾਰੇ ਇਹ ਵੀ ਦਸਿਆ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮਿਤੀ 30-6-2020 ਦੇ ਪੱਤਰ ਮਿਲਣ ਤੋ ਪਹਿਲਾਂ ਹੀ ਮੀਟਿੰਗ ਵਿਚ ਨਵੇਂ ਮੈਂਬਰ ਸ਼ਾਮਲ ਕਰ ਲਏ ਗਏ ਸਨ। ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਸਾਹਿਬਾਨ ਦੇ ਇਕਰਾਰਨਾਮਾ ਫ਼ਾਰਮ “ੳ ਅਤੇ “ੳੳ” ਦੀਆਂ ਕਾਪੀਆਂ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸੰਗਠਤ ਜਾਂਚ ਕਮੇਟੀ ਨੂੰ ਦੇ ਦਿਤੀਆਂ ਗਈਆਂ ਸਨ ਅਤੇ ਫਿਰ ਵੀ ਇਸ ਦੀਆਂ ਕਾਪੀਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦੁਬਾਰਾ ਭੇਜੀਆਂ ਗਈਆਂ ਹਨ। ਸਤਨਾਮ ਸਿੰਘ ਮੁੰਬਈ ਅਤੇ ਅਵਤਾਰ ਸਿੰਘ ਅੰਮਿ੍ਰਤਸਰ ਦੀ ਮੈਂਬਰਸ਼ਿਪ ਰੱਦ ਕਰਨ ਦਾ ਸਪਸ਼ਟੀਕਰਨ ਸਬੰਧੀ ਜਾਣਕਾਰੀ ਦਿਤੀ ਗਈ ਕਿ ਸਤਨਾਮ ਸਿੰਘ ਅਤੇ ਅਵਤਾਰ ਸਿੰਘ ਦਾ ਅੰਮਿ੍ਰਤਸਰ ਸਿਵਿਲ ਕੋਰਟ ਵਿਚ ਦਾਅਵਾ ਚਲ ਰਿਹਾ ਹੈ, ਜੋ ਕੋਰਟ ਫ਼ੈਸਲਾ ਕਰੇਗੀ ਉਸ ਪ੍ਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੂਚਿਤ ਕਰ ਦਿਤਾ ਜਾਏਗਾ।