ਕੇਜਰੀਵਾਲ ਖਿਲਾਫ਼ ਵਿਵਾਦਿਤ ਟਵੀਟ ਕਰਨ ਨੂੰ ਲੈ ਕੇ ਮੋਹਾਲੀ ਪੁਲਿਸ ਨੇ BJP ਆਗੂ ਤਜਿੰਦਰਪਾਲ ਬੱਗਾ ਨੂੰ ਕੀਤਾ ਤਲਬ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਉਹਨਾਂ ਦੀ ਭਾਲ ਵਿਚ ਦਿੱਲੀ ਵੀ ਗਈ। ਹਾਲਾਂਕਿ ਬੱਗਾ ਉਸ ਸਮੇਂ ਲਖਨਊ ਵਿਚ ਸਨ।

Tajinder Pal Singh Bagga, Arvind Kejriwal

 

ਮੁਹਾਲੀ - ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਸਰਕਾਰ ਨੇ ਦਿੱਲੀ ਭਾਜਪਾ ਦੇ ਆਗੂ ਤੇਜਿੰਦਰ ਬੱਗਾ ਖਿਲਾਫ਼ ਪੰਜਾਬ ਵਿਚ ਕੇਸ ਦਰਜ ਕਰਵਾਇਆ ਹੈ। ਬੱਗਾ 'ਤੇ ਕੇਜਰੀਵਾਲ ਖਿਲਾਫ਼ ਵਿਵਾਦਿਤ ਟਵੀਟ ਕਰਨ ਦਾ ਦੋਸ਼ ਹੈ। ਇਹ ਮਾਮਲਾ 'ਆਪ' ਦੇ ਬੁਲਾਰੇ ਸੰਨੀ ਆਹਲੂਵਾਲੀਆ ਦੇ ਬਿਆਨ 'ਤੇ ਮੋਹਾਲੀ ਸਾਈਬਰ ਕ੍ਰਾਈਮ ਸੈੱਲ 'ਚ ਦਰਜ ਕੀਤਾ ਗਿਆ ਹੈ। 

 

ਇਹ ਮਾਮਲਾ ਬੱਗਾ ਸਮੇਤ ਹੋਰ ਭਾਜਪਾ ਆਗੂਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 153ਏ, 505, 505(2) ਅਤੇ 506 ਤਹਿਤ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਪੁਲਿਸ ਉਹਨਾਂ ਦੀ ਭਾਲ ਵਿਚ ਦਿੱਲੀ ਵੀ ਗਈ। ਹਾਲਾਂਕਿ ਬੱਗਾ ਉਸ ਸਮੇਂ ਲਖਨਊ ਵਿਚ ਸਨ। ਹੁਣ ਪੁਲਿਸ ਨੇ ਬੱਗਾ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦਾ ਕੋਈ ਵੀ ਅਧਿਕਾਰੀ ਇਸ ਸਬੰਧੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। 

ਸ਼ਿਕਾਇਤਕਰਤਾ ਸੰਨੀ ਆਹਲੂਵਾਲੀਆ ਨੇ ਤੇਜਿੰਦਰ ਬੱਗਾ 'ਤੇ ਕੇਜਰੀਵਾਲ 'ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਬੱਗਾ ਵੱਲੋਂ ਕੀਤੇ ਗਏ ਇੱਕ ਵਿਵਾਦਤ ਟਵੀਟ ਦਾ ਹਵਾਲਾ ਦਿੱਤਾ ਗਿਆ ਹੈ। ਜੋ ਕਿ ਬੱਗਾ ਨੇ ਦਿੱਲੀ ਵਿਧਾਨ ਸਭਾ 'ਚ ਕਸ਼ਮੀਰ ਫਾਈਲਜ਼ ਫਿਲਮ 'ਤੇ ਕੇਜਰੀਵਾਲ ਦੇ ਬਿਆਨ ਤੋਂ ਬਾਅਦ ਕੀਤਾ ਸੀ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਬੱਗਾ ਨੇ ਧਮਕੀ ਭਰੇ ਲਹਿਜੇ ਵਿਚ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ। 

 

ਭਾਜਪਾ ਆਗੂ ਬੱਗਾ ਨੇ ਇਹ ਵੀ ਦੱਸਿਆ ਕਿ ਪੰਜਾਬ ਪੁਲਿਸ ਉਨ੍ਹਾਂ ਦੇ ਘਰ ਆਈ ਹੈ। ਹਾਲਾਂਕਿ ਅਜੇ ਤੱਕ ਇਹ ਨਹੀਂ ਪਤਾ ਕਿ ਉਨ੍ਹਾਂ ਖਿਲਾਫ ਕੀ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਇਸ ਬਾਰੇ ਦਿੱਲੀ ਪੁਲਿਸ ਨੂੰ ਵੀ ਸੂਚਿਤ ਨਹੀਂ ਕੀਤਾ। ਬੱਗਾ ਨੇ ਦਾਅਵਾ ਕੀਤਾ ਕਿ ਉਹ ਇਸ ਸਮੇਂ ਦਿੱਲੀ ਵਿੱਚ ਨਹੀਂ ਸਗੋਂ ਲਖਨਊ ਵਿਚ ਹਨ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਉਨ੍ਹਾਂ ਦੇ ਘਰ ਦੇ ਅੰਦਰ ਨਹੀਂ ਆਈ, ਸਗੋਂ ਆਲੇ-ਦੁਆਲੇ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਵਾਪਸ ਚਲੀ ਗਈ।