ਬਾਪ-ਬੇਟੇ ਦੀ ਵਿਧਾਇਕ ਜੋੜੀ ਪਹਿਲੀ ਵਾਰ ਵਿਧਾਨ ਸਭਾ ਵਿਚ

ਏਜੰਸੀ

ਖ਼ਬਰਾਂ, ਪੰਜਾਬ

ਬਾਪ-ਬੇਟੇ ਦੀ ਵਿਧਾਇਕ ਜੋੜੀ ਪਹਿਲੀ ਵਾਰ ਵਿਧਾਨ ਸਭਾ ਵਿਚ

image

ਰਾਣਾ ਗੁਰਜੀਤ ਤੇ ਰਾਣਾ ਇੰਦਰ ਪ੍ਰਤਾਪ ਦੋਵੇਂ 

ਚੰਡੀਗੜ੍ਹ, 2 ਅਪ੍ਰੈਲ (ਜੀ.ਸੀ. ਭਾਰਦਵਾਜ): ਪੰਜਾਬ ਵਿਧਾਨ ਸਭਾ ਦੇ 10 ਮਾਰਚ ਨੂੰ ਨਤੀਜੇ ਆਉਣ ਉਪਰੰਤ ਦੋ ਹਫ਼ਤੇ ਪਹਿਲਾਂ 19 ਮਾਰਚ ਨੂੰ ਸਹੁੰ ਚੁੱਕ ਸਮਾਗਮ ਖਟਕੜ ਕਲਾਂ ਵਿਚ ਕਰਵਾਉਣ ਬਾਅਦ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੰਨ ਦਿਨਾ ਇਜਲਾਸ ਦੌਰਾਨ, ਕਈ ਤਰ੍ਹਾਂ ਦੇ ਐਲਾਨ ਕੀਤੇ ਤਾਂ ਰਾਣਾ ਗੁਰਜੀਤ ਤੇ ਉਨ੍ਹਾਂ ਦੇ ਸਪੁੱਤਰ ਰਾਣਾ ਇੰਦਰ ਪ੍ਰਤਾਪ ਜ਼ਿਆਦਾ ਨਜ਼ਰਾਂ ਵਿਚ ਨਹੀਂ ਆਏ, ਪਰ ਇਕ ਅਪ੍ਰੈਲ ਵਾਲੇ ਵਿਸ਼ੇਸ਼ ਵਿਧਾਨ ਸਭਾ ਸਮਾਗਮ ਵਿਚ ਤਾਂ ਦੋਵੇਂ ਆਪੋ ਅਪਣੇ ਕਿਰਦਾਰ ਵਿਚ ਖ਼ੂਬ ਚਮਕਦੇ ਦਿਖਾਈ ਦਿਤੇ ਸਨ।
65 ਸਾਲਾ ਬਾਪ ਰਾਣਾ ਗੁਰਜੀਤ ਸਿੰਘ ਕਪੂਰਥਲਾ ਤੋਂ ਐਤਕੀਂ ਚੌਥੀ ਵਾਰ ਕਾਂਗਰਸ ਦੇ ਵਿਧਾਇਕ 7304 ਵੋਟਾਂ ਦੇਫ਼ਫਰਕ ਨਾਲ ‘ਆਪ’ ਦੀ ਮੰਜੂ ਰਾਣਾ ਨੂੰ ਜਦੋਂ ਕਿ ਸਪੁੱਤਰ 40 ਸਾਲਾ ਰਾਣਾ ਇੰਦਰ ਪ੍ਰਤਾਪ, ‘ਆਪ’ ਦੇ ਸੱਜਣ ਸਿੰਘ ਚੀਮਾ ਨੂੰ  11434 ਵੋਟਾਂ ਨਾਲ ਮਾਤ ਦੇ ਕੇ ਪੰਜਾਬ ਵਿਧਾਨ ਸਭਾ ਵਿਚ ਪਹਿਲੀ ਵਾਰ ਦਾਖ਼ਲ ਹੋਏ ਹਨ। ਸਦਨ ਵਿਚ ਜਦੋਂ ਚੰਡੀਗੜ੍ਹ ਰਾਜਧਾਨੀ ਕੇਂਦਰ ਤੋਂ ਲੈਣ ਲਈ ਵਿਸ਼ੇਸ਼ ਮਤੇ ਤੇ ਬਹਿਸ ਹੋ ਰਹੀ ਸੀ ਤਾਂ ਤਜਰਬੇਕਾਰ ਵਜ਼ੀਰ ਰਹੇ ਰਾਣਾ ਗੁਰਜੀਤ ਨੇ ਰਾਜਧਾਨੀ ਦੇ ਇਸ  ਕਾਨੂੰਨੀ ਹੱਕਦਾਰ ਪੰਜਾਬ ਵਾਸਤੇ ਸੂਝ ਬੂਝ ਵਾਲਾ ਤਰਕ ਰਖਿਆ ਤੇ ਕਿਹਾ ਕਿ ਕਿਸੇ ਵੀ ਕੀਮਤ ਉੱਤੇ ਕੇਂਦਰ ਸਰਕਾਰ ਪੰਜਾਬੀਆਂ ਨਾਲ ਧੋਖਾ ਨਹੀਂ ਕਰ ਸਕਦੀ ਜਦੋਂ ਕਿ ਜੋਸ਼ ਭਰੇ ਸ਼ਬਦਾਂ ਵਿਚ ਬੇਟੇ ਰਾਣਾ ਇੰਦਰ ਪ੍ਰਤਾਪ ਨੇ ਬਤੌਰ ਆਜ਼ਾਦ ਵਿਧਾਇਕ ਅਪਣੇ ਹਲਕੇ ਵਿਚ ਕਿਸਾਨਾਂ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਐਕੁਆਇਰ ਕੀਤੀਆਂ ਜ਼ਮੀਨਾਂ ਦਾ ਘੱਟ ਮੁਆਵਜ਼ਾ ਦੇਣ ’ਤੇ ਮੁੱਦਾ ਉਠਾਉਣਾ ਚਾਹਿਆ ਪਰ ਸਪੀਕਰ ਨੇ ਸਮਾਂ ਨਹੀਂ ਦਿਤਾ।
ਜ਼ਿਕਰਯੋਗ ਹੈ ਕਿ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵਲੋਂ ਮਾਰਸ਼ਲਾਂ ਨੂੰ ਪਹਿਲੀ ਵਾਰ ਸਦਨ ਵਿਚ ਚੁਣ ਕੇ ਆਏ ਇਸ ਵਿਧਾਇਕ ਨੂੰ ਬਾਹਰ ਕੱਢਣ ਦਾ ਹੁਕਮ ਦੇਣਾ ਪਿਆ। ਅੱਜ ਇਥੇ ਅਪਣੀ ਰਿਹਾਇਸ਼ ਉਤੇ ਰਾਣਾ ਗੁਰਜੀਤ ਨੇ ਇਕ ਵਿਸ਼ੇਸ਼ ਇੰਟਰਵਿਊ  ਰਾਹੀਂ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਬੇਟੇ ਨੇ ਦਿੱਲੀ ਮਾਡਲ ਸਕੂਲ ਤੋਂ ਮੁਢਲੀ ਪੜ੍ਹਾਈ ਕਰ ਕੇ ਅਮਰੀਕਾ ’ਚ ਹੋਰ ਵਾਧੂ ਪੜ੍ਹਾਈ ਤੇ ਸਿਖਲਾਈ ਪ੍ਰਾਪਤ ਕੀਤੀ। ਵਿਦੇਸ਼ ਦੀ ਲਈ ਹੋਈ ਨਾਗਰਿਕਤਾ ਛੱਡ ਕੇ ਹੁਣ ਭਾਰਤ ਦੇ ਸਿਟੀਜ਼ਨ ਯਾਨੀ ਕਾਨੂੰਨੀ ਤੌਰ ’ਤੇ ਨਾਗਰਿਕਤਾ ਲੈ ਕੇ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਸੀਟ ਜਿੱਤ ਕੇ ਬੇਟੇ ਨੇ ਪੰਜਾਬ ਦਾ ਮਾਣ ਵਧਾਇਆ। ਅੰਗਰੇਜ਼ੀ ਪੰਜਾਬੀ ਦੋਨੋਂ ਭਾਸ਼ਾਵਾਂ ਵਿਚ ਪ੍ਰਪੱਕ ਨੌਜਵਾਨ ਸਪੁੱਤਰ ਦਾ ਕਹਿਣਾ ਹੈ ਕਿ ਵਿਧਾਨ ਸਭਾ ਵਿਚ ਤਿੰਨ ਚੌਥਾਈ ਤੋਂ ਵੀ ਵੱਧ ਬਹੁਮਤ ਯਾਨੀ 80 ਪ੍ਰਤੀਸ਼ਤ ਵਾਲੀ, 92 ਮੈਂਬਰੀ ਸਰਕਾਰ ਦੇ ਮੁੱਖ ਮੰਤਰੀ ਤੇ ਸਪੀਕਰ ਜੇ ਪਹਿਲੀ ਵਾਰ ਦੇ ਵਿਧਾਇਕ ਨੂੰ ਕੁੱਝ ਮਿੰਟਾਂ ਲਈ ਵੀ ਅਪਣੇ ਹਲਕੇ ਦੀਆਂ ਸਮੱਸਿਆਵਾਂ ਤੇ ਮੁਸ਼ਕਲਾਂ ਨੂੰ ਸਦਨ ਵਿਚ ਨਹੀਂ ਚੁਕਣ ਦਿੰਦੇ ਤਾਂ ਇਹ ਕਿਸੇ ਤਰ੍ਹਾਂ ਦੀ ਡੈਮੋਕ੍ਰੇਸੀ ਤੇ ਲੋਕਤੰਤਰ ਹੈ?
ਰਾਣਾ ਇੰਦਰ ਪ੍ਰਤਾਪ ਨੇ ਦਸਿਆ ਕਿ ਉਹ ਲੋਕ ਸੇਵਾ ਵਾਸਤੇ ਅਮਰੀਕਾ ਨੂੰ ਛੱਡ ਆਏ ਹਨ ਅਤੇ ਪੂਰੇ ਜੋਸ਼ ਤੇ ਸਮਰਪਣ ਭਾਵਨਾ ਨਾਲ ਪੰਜਾਬ ਦੀ ਸੇਵਾ ਵਿਚ ਆਉਂਦੇ 5 ਸਾਲ ਜੁਟੇ ਰਹਿਣਗੇ। ਕਾਂਗਰਸ ਦੇ ਕੁਲ 18 ਵਿਧਾਇਕ ਬਤੌਰ ਵਿਰੋਧੀ ਧਿਰ ਚੁਣ ਕੇ ਆਏ ਹਨ ਪਰ ਚਾਰ ਵਾਰ ਵਿਧਾਇਕ ਤੇ ਇਕ ਵਾਰ ਲੋਕ ਸਭਾ ਜਲੰਧਰ ਸੀਟ ਤੋਂ ਐੱਮ ਪੀ ਰਾਣਾ ਗੁਰਜੀਤ ਦੇ ਹੋਣਹਾਰ ਬੇਟੇ ਇੰਦਰ ਪ੍ਰਤਾਪ ਇਕੱਲੇ ਪਹਿਲੀ ਵਾਰ ‘ਆਪ’ ਦੀ ਪੰਜਾਬ ਵਿਚ ਜਿੱਤ ਦੀ ਵੱਡੀ ਹਨ੍ਹੇਰੀ ਵਿਚੋਂ 11434 ਵੋਟਾਂ ਦੇ ਫ਼ਰਕ ਨਾਲ ਕਾਮਯਾਬ ਹੋਏ ਹਨ। ਐਤਕੀਂ ‘ਆਪ’ ਦੇ ਉਮੀਦਵਾਰ ਨੇ ਵੱਡੇ ਵੱਡੇ ਬੋਹਡੀ ਰੂਪੀ ਸਿਆਸੀ ਨੇਤਾ ਮੁੱਖ ਮੰਤਰੀ ਹਰਾ ਦਿਤੇ ਪਰ ਰਾਣਾ ਗੁਰਜੀਤ ਨੇ ਪਾਰਟੀ ਹਾਈਕਮਾਂਡ ਨੂੰ ਵਿਸ਼ਵਾਸ ਵਿਚ ਲੈ ਕੇ ਬੇਟੇ ਨੂੰ ਕਾਂਗਰਸੀ ਉਮੀਦਵਾਰ ਨਵਤੇਜ ਚੀਮਾ ਵਿਰੁਧ, ਵੱਡੀ ਜਿੱਤ ਦਿਵਾਈ। ਇਹ ਆਉਣ ਵਾਲੇ ਸਮੇਂ ਵਿਚ ਸਫ਼ਲਤਾ ਦੀ ਨਿਵੇਕਲੀ ਉਦਾਹਰਣ ਵਜੋਂ ਚਮਕ ਕੇ ਨੌਜਵਾਨਾਂ ਨੂੰ  ਸੇਧ ਦਿੰਦੀ ਰਹੇਗੀ।
ਪੰਜਾਬ ਦੇ ਵਿਧਾਨ ਸਭਾ ਇਤਿਹਾਸ ਵਿਚ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਬਾਦਲ 2017-19  ਤਕ ਕੇਵਲ ਦੋ ਸਾਲ ਬਾਪ ਬੇਟਾ ਵਿਧਾਇਕ ਜੋੜੀ ਉਪਰੰਤ 2022-27 ਵਾਲੀ ਇਹ ਮੌਜੂਦਾ ‘ਡਬਲ ਠੁੱਕ’ ਜੋੜੀ ਲਗਦਾ ਹੈ ਖ਼ੂਬ ਚਮਕੇਗੀ।

ਫੋਟੋ :- ਫ਼ੋਟੋ ਰਾਣਾ ਗੁਰਜੀਤ, ਰਾਣਾ ਇੰਦਰ ਪ੍ਰਤਾਪ।