ਸੜਕ ਹਾਦਸੇ ਨੇ ਉਜਾੜਿਆ ਹੱਸਦਾ ਵੱਸਦਾ ਪਰਿਵਾਰ : ਐਕਟਿਵਾ ਸਵਾਰ ਪਤੀ-ਪਤਨੀ ਤੇ ਜਵਾਨ ਪੁੱਤ ਨੂੰ ਗੱਡੀ ਨੇ ਮਾਰੀ ਟੱਕਰ, ਤਿੰਨਾਂ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਨੌਜਵਾਨ ਪੁੱਤਰ ਆਪਣੇ ਮਾਂ-ਪਿਓ ਨੂੰ ਦਵਾਈ ਦਿਵਾਉਣ ਲਈ ਲਿਜਾ ਰਿਹਾ ਸੀ।

photo

 

ਹੁਸਿ਼ਆਰਪੁਰ : ਹੁਸਿ਼ਆਰਪੁਰ ਫਗਵਾੜਾ ਮਾਰਗ ’ਤੇ ਸਥਿਤ ਪਿੰਡ ਸਿੰਬਲੀ ਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ ’ਚ ਪਤੀ ਪਤਨੀ ਅਤੇ ਉਨ੍ਹਾਂ ਦੇ ਜਵਾਨ ਪੁੱਤ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਘਟਨਾ ਐਤਵਾਰ ਸਵੇਰੇ 11 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਇਕ ਨੌਜਵਾਨ ਪੁੱਤਰ ਆਪਣੇ ਮਾਂ-ਪਿਓ ਨੂੰ ਦਵਾਈ ਦਿਵਾਉਣ ਲਈ ਲਿਜਾ ਰਿਹਾ ਸੀ।

ਮ੍ਰਿਤਕਾਂ ਦਾ ਪਹਿਚਾਣ ਤਰਸੇਮ ਲਾਲ, ਚਰਨਜੀਤ ਕੌਰ ਅਤੇ ਸੰਨੀ ਕੁਮਾਰ ਵਜੋਂ ਹੋਈ ਹੈ। ਜੋ ਕਿ ਹੁਸਿ਼ਆਰਪੁਰ ਨਜ਼ਦੀਕੀ ਪਿੰਡ ਅਜੜਾਮ ਦੇ ਰਹਿਣ ਵਾਲੇ ਸਨ।
ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੇ ਕੱਲ੍ਹ 2 ਅਪ੍ਰੈਲ ਨੂੰ ਸੰਨੀ ਕੁਮਾਰ ਆਪਣੇ ਮਾਤਾ ਪਿਤਾ ਨੂੰ ਐਕਟਿਵਾ ਤੇ ਫਗਵਾੜਾ ’ਚ ਦਵਾਈ ਲੈਣ ਲਈ ਜਾ ਰਿਹਾ ਸੀ ਤੇ ਜਦੋਂ ਉਹ ਸਿੰਬਲੀ ਮੋੜ ਨਜ਼ਦੀਕ ਪਹੁੰਚੇ ਤਾਂ ਇਕ ਅਣਪਛਾਤੇ ਵਾਹਨ ਨੇ ਇਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਸੰਨੀ ਕੁਮਾਰ, ਤਰਸੇਮ ਲਾਲ ਅਤੇ ਚਰਨਜੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਐ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਵਾਹਨ ਦੀ ਪਹਿਚਾਣ ਹੋ ਸਕੇ। ਉਨ੍ਹਾਂ ਕਿਹਾ ਕਿ ਟੱਕਰ ਮਾਰਨ ਵਾਲੇ ਵਾਹਨ ਨੂੰ ਜਲਦ ਹੀ ਪੁਲਿਸ ਵਲੋਂ ਕਾਬੂ ਕਰ ਲਿਆ ਜਾਵੇਗਾ।