Gurdaspur News : ਕੋਲਡ ਡਰਿੰਕ ਅਤੇ ਕਨਫੈਕਸ਼ਨਰੀ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Gurdaspur News : ਫ਼ਾਇਰ ਬ੍ਰਿਗੇਡ ਦੀਆਂ 4 ਗੱਡੀਆਂ ਅਤੇ BSF ਨੇ ਮਿਲ ਕੇ ਬੁਝਾਈ ਅੱਗ, ਲੱਖਾਂ ਦਾ ਹੋਇਆ ਨੁਕਸਾਨ 

ਕੋਲਡ ਡਰਿੰਕ ਅਤੇ ਕਨਫੈਕਸ਼ਨਰੀ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ

Gurdaspur News in Punjabi : ਗੁਰਦਾਸਪੁਰ ਸ਼ਹਿਰ ਦੇ ਮੇਹਰ ਚੰਦ ਰੋਡ ’ਤੇ ਸਥਿਤ ਇੱਕ ਕੋਲਡ ਡਰਿੰਕ ਅਤੇ ਕਨਫੈਕਸ਼ਨਰੀ ਆਇਟਮਸ ਦੇ ਗੋਦਾਮ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਜਦੋਂ ਗੁਦਾਮ ਨੂੰ ਅੱਗ ਲੱਗੀ ਤਾਂ ਅੰਦਰੋਂ ਪਟਾਕੇ ਵਰਗੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਕੁਝ ਲੋਕਾਂ ਨੇ ਇਹ ਅਫ਼ਵਾਹ ਫੈਲਾ ਦਿੱਤੀ ਕਿ ਪਟਾਕੇ ਦੇ ਗੁਦਾਮ ਨੂੰ ਅੱਗ ਲੱਗੀ ਹੈ ਜਦਕਿ ਅਸਲੀਅਤ ਇਹ ਸੀ ਕਿ ਕੋਲਡ ਡਰਿੰਕ ਦੀਆਂ ਬੋਤਲਾਂ ਫ਼ਟਣ ਨਾਲ ਪਟਾਕਿਆ ਵਰਗੀ ਆਵਾਜ਼ ਆਈ ਸੀ।

ਉੱਥੇ ਹੀ ਮੌਕੇ ’ਤੇ ਫ਼ਾਇਰ ਬ੍ਰਿਗੇਡ ਦੀਆਂ 4 ਗੱਡੀਆਂ ਅਤੇ ਬੀਐਸਐਫ ਦੀ ਗੱਡੀ ਵੀ ਪਹੁੰਚ ਗਈ। ਅੱਗ ਇੰਨੀ ਭਿਆਨਕ ਸੀ ਕਿ ਬਟਾਲਾ ਤੋਂ ਵੀ ਫ਼ਾਇਰ ਬ੍ਰਿਗੇਡ ਦੀ ਗੱਡੀ ਮੰਗਾਉਣੀ ਪਈ ਅਤੇ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਜਿਸ ਵਿੱਚ ਬੀਐਸਐਫ ਦਾ ਵੀ ਭਰਪੂਰ ਸਹਿਯੋਗ ਰਿਹਾ। ਹਾਲਾਂਕਿ ਭਿੰਅੰਕਰ ਅੱਗ ਕਾਰਨ ਗੋਦਾਮ ਦੇ ਉੱਪਰਲੀ ਮੰਜ਼ਿਲ’ ਤੇ ਸਾਰੇ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ, ਪਰ ਹੇਠਾਂ ਵਾਲੀ ਮੰਜ਼ਿਲ ਤੱਕ ਅੱਗ ਫ਼ੈਲਣ ਤੋਂ ਫ਼ਾਇਰ ਬ੍ਰਿਗੇਡ ਤੇ ਬੀਐਸਐਫ ਨੇ ਬਚਾ ਲਈ ।

ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਆਗੂ ਅਤੇ ਐਸਡੀਐਮ ਵੀ ਪਹੁੰਚੇ ਸਨ। ਫ਼ਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉੱਥੇ ਹੀ ਦੁਕਾਨਦਾਰ ਸਤਪਾਲ ਸ਼ਰਮਾ ਦੇ ਭਤੀਜੇ ਅਨਮੋਲ ਸ਼ਰਮਾ ਨੇ ਦੱਸਿਆ ਕਿ ਸਵੇਰੇ 9 ਵਜੇ ਦੇ ਕਰੀਬ ਉਹਨਾਂ ਨੂੰ ਖ਼ਬਰ ਮਿਲੀ ਕਿ ਗੁਦਾਮ ਵਿੱਚ ਭਿਅੰਕਰ ਅੱਗ ਲੱਗ ਗਈ ਹੈ।

ਉਹ ਮੌਕੇ ’ਤੇ ਪਹੁੰਚੇ ਅਤੇ ਫ਼ਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਕੁਝ ਦੇਰ ਬਾਅਦ ਹੀ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਆਉਣੀਆਂ ਸ਼ੁਰੂ ਹੋ ਗਈਆਂ। ਉੱਥੇ ਬੀਐਸਐਫ ਅਧਿਕਾਰੀ ਵੀ ਪਹੁੰਚ ਗਏ ਤੇ ਲਗਭਗ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਬੀਐਸਐਫ ਮੁਲਾਜ਼ਮਾਂ ਦੇ ਸਹਿਯੋਗ ਨਾਲ ਫ਼ਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾ ਲਿਆ। ਫ਼ਿਲਹਾਲ ਨੁਕਸਾਨ ਦਾ ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਪਰ ਨੁਕਸਾਨ ਲੱਖਾ ਵਿੱਚ ਹੈ।

(For more news apart from A massive fire broke out at cold drink and confectionery warehouse News in Punjabi, stay tuned to Rozana Spokesman)