ਮਹਿਲਾ ਕਾਂਸਟੇਬਲ ਤੋਂ ਨਸ਼ਾ ਮਿਲਣ ਦਾ ਮਾਮਲਾ: ਅਮਨਦੀਪ ਕੌਰ ਨੂੰ ਨੌਕਰੀ ਤੋਂ ਕੀਤਾ ਬਰਖ਼ਾਸਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹਿਲਾ ਕਾਂਸਟੇਬਲ ਦੀ ਥਾਰ 'ਚੋਂ ਫੜ੍ਹਿਆ ਸੀ ਨਸ਼ਾ

Drug case: Amandeep Kaur dismissed from service

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੇ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਤੁਰੰਤ ਅਤੇ ਸਖ਼ਤ ਕਾਰਵਾਈ ਕਰਦਿਆਂ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਬੈਲਟ ਨੰ: 621/ਐਮਐਨਐਸ ਨੂੰ ਨਸ਼ਿਆਂ ਸਬੰਧੀ ਕੇਸ ਵਿੱਚ ਸ਼ਾਮਲ ਹੋਣ ਕਾਰਨ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਇੰਸਪੈਕਟਰ ਜਨਰਲ ਆਫ ਪੁਲਿਸ (ਆਈਜੀਪੀ) ਹੈਡਕੁਆਰਟਰ ਡਾ. ਸੁਖਚੈਨ ਸਿੰਘ ਗਿੱਲ ਨੇ ਦਿੱਤੀ।

ਇਹ ਕਾਰਵਾਈ ਬਠਿੰਡਾ ਪੁਲਿਸ ਦੀਆਂ ਟੀਮਾਂ ਵੱਲੋਂ ਮੁਲਜ਼ਮ ਅਮਨਦੀਪ ਕੌਰ ਨੂੰ ਉਸ ਦੀ ਕਾਲੇ ਰੰਗ ਮਹਿੰਦਰਾ ਥਾਰ, ਜਿਸਨੂੰ ਉਹ ਚਲਾ ਰਹੀ ਸੀ, ਵਿੱਚੋਂ 17.71 ਗ੍ਰਾਮ ਹੈਰੋਇਨ ਬਰਾਮਦ ਕਰਨ ਉਪਰੰਤ ਗ੍ਰਿਫ਼ਤਾਰ ਕਰਨ ਤੋਂ ਇਕ ਦਿਨ ਬਾਅਦ ਹੀ ਅਮਲ ਵਿੱਚ ਲਿਆਂਦੀ ਗਈ ਹੈ। ਪੁਲਿਸ ਟੀਮਾਂ ਨੇ ਉਸਦੀ ਥਾਰ ਗੱਡੀ, ਜਿਸ ਦਾ ਰਜਿਸਟ੍ਰੇਸ਼ਨ ਨੰਬਰ ਪੀਬੀ 05 ਏਕਿਊ 7720 ਹੈ, ਵੀ ਜ਼ਬਤ ਕਰ ਲਈ ਹੈ। ਦੋਸ਼ੀ ਮਹਿਲਾ ਕਾਂਸਟੇਬਲ ਆਰਜ਼ੀ ਤੌਰ 'ਤੇ ਪੁਲਿਸ ਲਾਈਨ ਬਠਿੰਡਾ ਵਿਖੇ ਤਾਇਨਾਤ ਸੀ।

ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨਾਲ ਸਬੰਧਤ ਕੇਸਾਂ ਵਿੱਚ ਸ਼ਾਮਲ ਪਾਏ ਜਾਣ ਵਾਲੇ ਹਰ ਮੁਲਾਜ਼ਮ ਨੂੰ ਬਰਖਾਸਤ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਤੁਰੰਤ ਕਾਰਵਾਈ ਕਰਦਿਆਂ ਮਾਨਸਾ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਭਾਗੀਰਥ ਮੀਨਾ ਨੇ ਬਣਦੀ ਕਾਰਵਾਈ ਕੀਤੀ ਅਤੇ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ।

ਆਈਜੀਪੀ ਨੇ ਅੱਗੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਮੁਲਜ਼ਮ ਦੀਆਂ ਜਾਇਦਾਦਾਂ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਨਜਾਇਜ਼ ਤੌਰ 'ਤੇ ਬਣਾਈ ਜਾਇਦਾਦ ਪਾਈ ਗਈ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਐਸਐਸਪੀ ਬਠਿੰਡਾ ਅਮਨੀਤ ਕੋਂਡਲ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਇਸ ਮਾਮਲੇ ਦੀ ਪੂਰੀ ਤਹਿ ਤੱਕ ਪਹੁੰਚਣ ਲਈ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ