ਹੰਸ ਰਾਜ ਹੰਸ ਦੀ ਪਤਨੀ ਪੰਜ ਤੱਤਾਂ 'ਚ ਵਿਲੀਨ, ਕਈ ਮਸ਼ਹੂਰ ਹਸਤੀਆਂ ਨੇ ਕੀਤੀ ਸ਼ਿਰਕਤ
ਪੁੱਤਰ ਯੁਵਰਾਜ ਹੰਸ ਅਤੇ ਨਵਰਾਜ ਹੰਸ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ
ਜਲੰਧਰ: ਪੰਜਾਬੀ ਸੂਫ਼ੀ ਗਾਇਕ ਪਦਮਸ਼੍ਰੀ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਨੂੰ ਅੱਜ ਅੰਤਿਮ ਵਿਦਾਈ ਦਿੱਤੀ ਗਈ। ਰੇਸ਼ਮ ਕੌਰ ਦਾ ਅੰਤਿਮ ਸੰਸਕਾਰ ਹੰਸ ਰਾਜ ਹੰਸ ਦੇ ਜੱਦੀ ਪਿੰਡ ਸਫ਼ੀਪੁਰ ਵਿਚ ਕੀਤਾ ਗਿਆ। ਦੱਸ ਦੇਈਏ ਕਿ ਪੁੱਤਰ ਯੁਵਰਾਜ ਹੰਸ ਅਤੇ ਨਵਰਾਜ ਹੰਸ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ। ਇਸ ਮੌਕੇ ਪਾਲੀਵੁੱਡ ਗਾਇਕ ਮਾਸਟਰ ਸਲੀਮ, ਜੱਸੀ ਗਿੱਲ, ਬੱਬਲ ਰਾਏ ਸਮੇਤ ਕ੍ਰਿਕਟ ਜਗਤ ਤੋਂ ਸ਼ਿਖ਼ਰ ਧਵਨ ਅਤੇ ਸਿਆਸੀ ਲੀਡਰ ਸੁਸ਼ੀਲ ਰਿੰਕੂ ਸਮੇਤ ਹੋਰ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।
ਪਿਛਲੇ ਕਾਫੀ ਸਮੇਂ ਤੋਂ ਚੱਲ ਰਹੇ ਸੀ ਬਿਮਾਰ
ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਰੇਸ਼ਮਾ ਕੌਰ ਨੇ ਬੀਤੇ ਦਿਨ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਅੰਤਿਮ ਸਾਹ ਲਿਆ। ਇਸ ਦੌਰਾਨ ਉਨ੍ਹਾਂ ਦੇ ਪਤੀ ਰਾਜ ਗਾਇਕ ਹੰਸ ਰਾਜ ਹੰਸ ਅਤੇ ਪਰਿਵਾਰ ਦੇ ਬਾਕੀ ਮੈਂਬਰ ਵੀ ਮੌਜੂਦ ਸਨ। ਜਿਵੇਂ ਹੀ ਪੰਜਾਬੀ ਸੰਗੀਤ ਨਾਲ ਜੁੜੀਆਂ ਸ਼ਖ਼ਸੀਅਤਾਂ ਅਤੇ ਵੱਖ-ਵੱਖ ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਸ ਸਬੰਧੀ ਸੂਚਨਾ ਮਿਲੀ ਤਾਂ ਹੰਸ ਰਾਜ ਹੰਸ ਦੇ ਜਲੰਧਰ ਸਥਿਤ ਨਿਵਾਸ ਸਥਾਨ ’ਤੇ ਲੋਕਾਂ ਨੇ ਵੱਡੀ ਗਿਣਤੀ ’ਚ ਪਹੁੰਚ ਕੇ ਉਨ੍ਹਾਂ ਨਾਲ ਦੁੱਖ਼ ਸਾਂਝਾ ਕੀਤਾ।