Punjab News : ਕਰਨਲ ਬਾਠ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪਣ ਤੋਂ ਬਾਅਦ ਜਸਵਿੰਦਰ ਕੌਰ ਬਾਠ ਦਾ ਬਿਆਨ
Punjab News : ਕਿਹਾ -ਸਾਨੂੰ ਹਾਈ ਕੋਰਟ ਦੇ ਫ਼ੈਸਲੇ ’ਤੇ ਸੰਤੁਸ਼ਟੀ ਹੋਈ, ਸਾਨੂੰ ਪੰਜਾਬ ਪੁਲਿਸ ’ਤੇ ਭਰੋਸਾ ਨਹੀਂ
Punjab News in Punjabi : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਟਿਆਲਾ ਵਿੱਚ ਪੰਜਾਬ ਪੁਲਿਸ ਵੱਲੋਂ ਫੌਜ ਦੇ ਕਰਨਲ ਪੁਸ਼ਪਿੰਦਰ ਬਾਠ ਦੀ ਕੁੱਟਮਾਰ ਦੇ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤੀ ਹੈ। ਇਹ ਜਾਂਚ 4 ਮਹੀਨਿਆਂ ’ਚ ਪੂਰੀ ਕਰਨੀ ਹੋਵੇਗੀ। 3 ਦਿਨਾਂ ਵਿੱਚ ਨਵੀਂ ਜਾਂਚ ਟੀਮ ਬਣਾਈ ਜਾਵੇਗੀ, ਜਿਸ ਵਿੱਚ ਪੰਜਾਬ ਕੇਡਰ ਦਾ ਕੋਈ ਅਧਿਕਾਰੀ ਸ਼ਾਮਲ ਨਹੀਂ ਹੋਵੇਗਾ। ਹਾਲਾਂਕਿ ਪੰਜਾਬ ਪੁਲਿਸ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦੇਣਾ ਹੋਵੇਗਾ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਐੱਸਆਈਟੀ ਦਾ ਗਠਨ ਕੀਤਾ ਸੀ, ਜਿਸ ਨੇ ਸਬੂਤ ਇਕੱਠੇ ਕੀਤੇ ਅਤੇ ਬਿਆਨ ਵੀ ਦਰਜ ਕੀਤੇ ਪਰ ਹਾਈਕੋਰਟ ਨੇ ਪੰਜਾਬ ਪੁਲਿਸ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ। ਇਹ ਪਟੀਸ਼ਨ ਕਰਨਲ ਬਾਠ ਨੇ ਸੀਬੀਆਈ ਜਾਂਚ ਲਈ ਦਾਇਰ ਕੀਤੀ ਸੀ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਹਰਪ੍ਰੀਤ ਸਿੰਘ ਬਰਾੜ ਦੀ ਅਦਾਲਤ ਨੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਹਮਲੇ ਦੇ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤੀ ਹੈ। ਕਰਨਲ ਪੁਸ਼ਪਿੰਦਰ ਸਿੰਘ ਬਾਠ ਵੱਲੋਂ ਸੀਬੀਆਈ ਜਾਂਚ ਦੀ ਮੰਗ ਕਰਨ ਦਾ ਇੱਕ ਕੇਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੂਚੀਬੱਧ ਹੈ। ਸੁਣਵਾਈ ਵਾਲੇ ਦਿਨ ਕੇਸ ਨੂੰ ਜਸਟਿਸ ਸੰਦੀਪ ਮੌਦਗਿਲ ਅਦਾਲਤ ਤੋਂ ਜਸਟਿਸ ਹਰਪ੍ਰੀਤ ਸਿੰਘ ਬਰਾੜ ਦੀ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ, ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਤਿੰਨ ਦਿਨਾਂ ਦੇ ਅੰਦਰ ਇੱਕ ਨਵੀਂ ਐੱਸਆਈਟੀ ਬਣਾਉਣ ਅਤੇ ਚਾਰ ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਨ ਲਈ ਕਿਹਾ ਹੈ। ਪੰਜਾਬ ਦਾ ਕੋਈ ਵੀ ਪੁਲਿਸ ਅਧਿਕਾਰੀ (ਡੈਪੂਟੇਸ਼ਨ 'ਤੇ) ਐੱਸਆਈਟੀ ਦਾ ਹਿੱਸਾ ਨਹੀਂ ਹੋਵੇਗਾ।
ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਦਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਨੇ ਕਿਹਾ ਕਿ ਉਹ ਅੱਜ ਦੇ ਫੈਸਲੇ ਤੋਂ ਖੁਸ਼ ਹੈ, ਸਾਨੂੰ ਹਾਈ ਕੋਰਟ ਦੇ ਫ਼ੈਸਲੇ ’ਤੇ ਸੰਤੁਸ਼ਟੀ ਹੋਈ, ਸਾਨੂੰ ਪੰਜਾਬ ਪੁਲਿਸ ’ਤੇ ਭਰੋਸਾ ਨਹੀਂ ਹੈ। ਹੁਣ ਸਾਨੂੰ ਇਨਸਾਫ਼ ਮਿਲਣ ਦੀ ਪੂਰੀ ਉਮੀਦ ਹੈ। ਕਿਉਂਕਿ ਜਾਂਚ ਕਰਨ ਵਾਲਿਆਂ ’ਚ ਪੰਜਾਬ ਕੇਡਰ ਦਾ ਕੋਈ ਅਧਿਕਾਰੀ ਨਹੀਂ ਹੋਵੇਗਾ। ਉਨ੍ਹਾਂ ਕਿਹਾ- 4 ਮਹੀਨਿਆਂ 'ਚ ਇਨਸਾਫ਼ ਨਾ ਮਿਲਿਆ ਤਾਂ ਸੁਪਰੀਮ ਕੋਰਟ ਜਾਵਾਂਗੇ। ਜਿੱਥੋਂ ਤੱਕ ਸੁਰੱਖਿਆ ਦਾ ਸਵਾਲ ਹੈ, ਮੈਂ ਵਾਹਨਾਂ ਦੇ ਅੱਗੇ ਅਤੇ ਪਿੱਛੇ ਕੈਮਰੇ ਲਗਾਉਣ ਜਾ ਰਹੀ ਹਾਂ ਕਿਉਂਕਿ ਇਹ ਲੋਕ ਕੁਝ ਵੀ ਕਰ ਸਕਦੇ ਹਨ। ਪੰਜਾਬ ਵਿੱਚ ਗਵਰਨਰ ਸ਼ਾਸਨ ਲਗਾਇਆ ਜਾਵੇ। ਸੂਬੇ ਦੇ ਹਾਲਾਤ ਬਹੁਤ ਮਾੜੇ ਹਨ।'
ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਬਾਹਰ ਇਲਜ਼ਾਮ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਸੀਐੱਮ ਮਾਨ ਨੇ ਉਨ੍ਹਾਂ ਦੀ ਪਟੀਸ਼ਨ 'ਤੇ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੀ ਅਤੇ ਵਾਅਦਾ ਕਰਦੇ ਸਮੇਂ ਉਨ੍ਹਾਂ ਦੇ ਸਿਰ 'ਤੇ ਹੱਥ ਰੱਖਿਆ ਸੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਇਨਸਾਫ਼ ਦੇਣ ਦਾ ਵਾਅਦਾ ਕੀਤਾ ਸੀ ਅਤੇ ਕਿਹਾ ਸੀ ਕਿ ਉਸ ਨੂੰ ਫੌਜੀ ਜਵਾਨਾਂ ਅਤੇ ਔਰਤਾਂ ਲਈ ਬਹੁਤ ਸਤਿਕਾਰ ਹੈ। ਪਰ ਉਹ ਸਾਰੇ ਵਾਅਦਿਆਂ ਤੋਂ ਮੁੱਕਰ ਗਏ। ਪੰਜਾਬ ਦੀਆਂ ਔਰਤਾਂ ਉਨ੍ਹਾਂ ਨੂੰ ਮੁਆਫ਼ ਨਹੀਂ ਕਰਨਗੀਆਂ ਕਿਉਂਕਿ ਉਹ ਮਹਿਲਾ ਸ਼ਕਤੀ ਨੂੰ ਨਹੀਂ ਸਮਝਦੇ।
ਜ਼ਿਕਰਯੋਗ ਹੈ ਕਿ 13 ਮਾਰਚ ਦੀ ਰਾਤ ਨੂੰ ਪਟਿਆਲਾ ’ਚ ਫੌਜ ਦੇ ਇੱਕ ਕਰਨਲ ਦੀ ਕੁੱਟਮਾਰ ਕੀਤੀ ਗਈ ਸੀ। ਪੀੜਤ ਪਰਿਵਾਰ ਮੁਤਾਬਿਕ ਕੁੱਟਮਾਰ ਮਾਮਲੇ ’ਚ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਜਦੋਂ ਇਹ ਮਾਮਲਾ ਰੱਖਿਆ ਮੰਤਰਾਲੇ ਅਤੇ ਆਰਮੀ ਹੈੱਡਕੁਆਰਟਰ ਤੱਕ ਪਹੁੰਚਿਆ ਤਾਂ 9 ਦਿਨਾਂ ਬਾਅਦ ਪੰਜਾਬ ਪੁਲਿਸ ਨੇ ਨਾਂ ਲੈ ਕੇ ਐੱਫਆਈਆਰ ਦਰਜ ਕਰਕੇ 12 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ। ਇਸ ਵਿੱਚ 5 ਇੰਸਪੈਕਟਰ ਵੀ ਸ਼ਾਮਲ ਹਨ।
(For more news apart from Jaswinder Kaur Bath's statement after handing over Colonel Bath case to Chandigarh Police News in Punjabi, stay tuned to Rozana Spokesman)