ਸਹਿਕਾਰੀ ਤੇ ਖੇਤੀ ਬੈਂਕਾਂ ਦਾ 13 ਕਰੋੜ ਦਾ ਕਰਜ਼ਾ ਬਕਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

23 ਸਿਆਸੀ ਨੇਤਾਵਾਂ ਵਿਚ 12 ਅਕਾਲੀ, 3 ਕਾਂਗਰਸੀ ਤੇ 2 ਆਮ ਆਦਮੀ ਪਾਰਟੀ ਦੇ

Cooperative and Agriculture Banks owe Rs 13 crore loan

ਚੰਡੀਗੜ੍ਹ, 2 ਮਈ (ਜੀ.ਸੀ. ਭਾਰਦਵਾਜ) : ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅਪਣੇ ਵਿਭਾਗ ਹੇਠ ਆਉਂਦੇ ਦੋ ਵੱਡੇ ਅਦਾਰੇ ਮਾਰਕਫ਼ੈੱਡ ਤੇ ਮਿਲਕਫ਼ੈੱਡ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕਰ ਕੇ ਲਾਭ-ਹਾਨੀ ਦਾ ਜਾਇਜ਼ਾ ਲਿਆ ਅਤੇ ਪ੍ਰਬੰਧਕੀ ਸੁਧਾਰਾਂ 'ਤੇ ਚਰਚਾ ਕੀਤੀ। 
ਕੁਲ 50 ਹਜ਼ਾਰ ਕਰੋੜ ਦੇ ਕਰੀਬ ਇਨ੍ਹਾਂ ਦੋਹਾਂ ਅਦਾਰਿਆਂ ਦੇ ਕਾਰੋਬਾਰ ਵਿਚ ਆ ਰਹੀਆਂ ਕਮਜ਼ੋਰੀਆਂ  ਤੇ ਨੁਕਸ ਬਾਰੇ ਵੀ ਜਾਂਚ ਕੀਤੀ ਅਤੇ ਇਸ ਮੁੱਦੇ 'ਤੇ ਵੀ ਗੰਭੀਰਤਾ ਨਾਲ ਵਿਚਾਰ ਕੀਤਾ ਕਿ ਕਿਵੇਂ ਮਾਰਕਫ਼ੈੱਡ ਨੂੰ ਕਣਕ-ਝੋਨੇ ਦੀ ਖ਼ਰੀਦ ਤੋਂ ਵੱਖ ਕੀਤਾ ਜਾਵੇ ਕਿਉਂਕਿ ਹਰ ਛੇ ਮਹੀਨੇ ਬਾਅਦ ਫ਼ਸਲਾਂ ਦੀ ਖ਼ਰੀਦ ਵਿਚ ਮਾਰਕਫ਼ੈੱਡ ਨੂੰ ਕਾਫ਼ੀ ਘਾਟਾ ਪੈਂਦਾ ਹੈ ਅਤੇ ਪ੍ਰੇਸ਼ਾਨੀ ਵਾਧੂ ਹੁੰਦੀ ਹੈ। ਚਰਚਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੰਧਾਵਾ ਨੇ ਦਸਿਆ ਕਿ ਪੰਜਾਬ ਦੇ ਪਿੰਡਾਂ ਤਕ 3537 ਸਹਿਕਾਰੀ ਸਭਾਵਾਂ ਵਿਚੋਂ 1990 ਹੀ ਫ਼ਾਇਦੇ ਵਿਚ ਹਨ ਅਤੇ ਬਾਕੀ ਘਾਟੇ ਵਿਚ ਚਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ, ਸਹਿਕਾਰੀ ਬੈਂਕਾਂ, ਖੇਤੀਬਾੜੀ ਨਾਲ ਸਬੰਧਤ ਕ੍ਰਿਸ਼ੀ ਗ੍ਰਾਮੀਣ ਬੈਂਕਾਂ ਦੀ ਕਰੋੜਾਂ ਦੀ ਰਕਮ ਖ਼ੁਰਦ-ਬੁਰਦ ਕਰਨ ਲਈ ਬੈਂਕ ਮੈਨੇਜਰਾਂ ਤੇ ਸਿਆਸੀ ਨੇਤਾਵਾਂ ਦੀ ਮਿਲੀਭੁਗਤ ਦਾ ਪਰਦਾਫਾਸ਼ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਕੁਲ 13 ਕਰੋੜ ਦੀ ਰਕਮ ਪਿਛਲੇ ਛੇ ਸਾਲਾਂ ਵਿਚ 23 ਸਿਆਸੀ ਨੇਤਾਵਾਂ ਦੇ ਕਰਜ਼ੇ ਦੇ ਰੂਪ ਵਿਚ ਇਨ੍ਹਾਂ ਸਹਿਕਾਰੀ ਅਦਾਰਿਆਂ ਤੋਂ ਲਈ, ਕੋਈ ਕਿਸ਼ਤ ਵਾਪਸ ਨਹੀਂ ਕੀਤੀ। ਉਨ੍ਹਾਂ ਡਿਫ਼ਾਲਟਰਾਂ ਵਿਰੁਧ ਕੇਸ ਰਜਿਸਟਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ 23 ਸਿਆਸੀ ਨੇਤਾਵਾਂ ਵਿਚ 12 ਅਕਾਲੀ, ਤਿੰਨ ਕਾਂਗਰਸੀ ਅਤੇ ਦੋ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਛੇ ਬਾਕੀ ਉਚੀ ਪਹੁੰਚ ਵਾਲੇ ਹਨ। ਮਲੋਟ ਦੇ ਅਕਾਲੀ ਨੇਤਾ ਦਿਆਲ ਸਿੰਘ ਕੋਲਿਆਂਵਾਲੀ ਬਾਰੇ ਰੰਧਾਵਾ ਨੇ ਕਿਹਾ ਕਿ ਉਸ ਨੇ ਇਕ ਕਰੋੜ ਤੋਂ ਵੱਧ ਦਾ ਕਰਜ਼ਾ ਲਿਆ ਹੋਇਆ ਹੈ, ਉਸ ਦੇ ਵਿਰੁਧ ਕੇਸ ਦਰਜ ਕੀਤਾ ਜਾ ਰਿਹਾ ਹੈ।

ਇਸ ਡਿਫ਼ਾਲਟਰ ਲਿਸਟ ਵਿਚ ਕਾਂਗਰਸੀ ਨੇਤਾ ਰਮਨ ਭੱਲਾ ਪਠਾਨਕੋਟ ਤੋਂ ਕਪੂਰਥਲਾ ਤੋਂ ਸਾਬਕਾ ਟਰਾਂਸਪੋਰਟ ਮੰਤਰੀ ਰਘਬੀਰ ਸਿੰਘ ਅਤੇ ਫ਼ਾਜ਼ਿਲਕਾ ਤੋਂ 78 ਲੱਖ ਦੇ ਕਰਜ਼ੇ ਵਾਲਾ 'ਆਪ' ਨੇਤਾ ਗੁਰਮੀਤ ਸਿੰਘ ਬਰਾੜ ਵੀ ਸ਼ਾਮਲ ਹੈ। ਮੁਕੇਰੀਆਂ, ਹਾਜ਼ੀਪੁਰ ਤੋਂ ਬਲਰਾਜ ਸਿੰਘ ਭਾਜਪਾ ਵੀ ਲੱਖਾਂ ਦਾ ਡਿਫ਼ਾਲਟਰ ਹੈ। ਕਿਸਾਨ ਯੂਨੀਅਨ ਰਾਜੇਵਾਲ ਗੁਟ ਤੋਂ ਸਾਹਿਬ ਸਿੰਘ ਸ਼ੇਰਖਾਨ ਵਾਲਾ ਵੀ 16 ਲੱਖ ਸਹਿਕਾਰੀ ਕਰਜ਼ੇ ਦਾ ਦੇਣਦਾਰ ਹੈ। ਸਹਿਕਾਰਤਾ ਮੰਤਰੀ ਨੇ ਦਸਿਆ ਕਿ ਢਾਈ ਏਕੜ ਤਕ ਜ਼ਮੀਨ ਦੇ ਕਿਸਾਨਾਂ ਦਾ ਕਰੋੜਾਂ ਦਾ ਕਰਜ਼ਾ ਮਾਫ਼ ਕੀਤਾ ਜਾ ਚੁੱਕਾ ਹੈ ਅਤੇ ਹੁਣ ਪੰਜ ਏਕੜ ਤਕ ਦੀ ਜ਼ਮੀਨ ਦੇ ਕਿਸਾਨਾਂ ਦਾ ਸਹਿਕਾਰੀ ਕਰਜ਼ਾ ਮਾਫ਼ ਕੀਤਾ ਜਾਵੇਗਾ। ਰੰਧਾਵਾ ਨੇ ਕਿਹਾ ਕਿ ਤਿੰਨ ਹਜ਼ਾਰ ਰੁਪਏ ਤਕ ਦੇ ਛੋਟੇ ਕਰਜ਼ਿਆਂ 'ਤੇ ਲੀਕ ਮਾਰਨ ਦਾ ਫ਼ੈਸਲਾ ਲੈ ਲਿਆ ਹੈ। ਸਹਿਕਾਰੀ ਚੀਨੀ ਮਿੱਲਾਂ ਨੂੰ ਮੁੜ ਮਜ਼ਬੂਤ ਕਰਨ ਤੇ ਨਵੀਆਂ ਨੂੰ ਸਥਾਪਤ ਕਰਨ ਲਈ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਕਿਸਾਨਾਂ ਨੂੰ ਕਣਕ ਝੋਨੇ ਦੇ ਚੱਕਰ ਵਿਚੋਂ ਕੱਢਣ ਲਈ ਗੰਨਾ ਉਤਪਾਦਕਾਂ ਨੂੰ ਉਤਸ਼ਾਹਤ ਕੀਤਾ ਜਾਵੇਗਾ ਅਤੇ ਮਿੱਲ ਮਾਲਕਾਂ ਵਲੋਂ ਗੰਨੇ ਦੀ ਬਕਾਇਆ ਰਕਮ ਵੀ ਦੁਆਈ ਜਾਵੇਗੀ ਅਤੇ ਸਹਿਕਾਰੀ ਮਿੱਲਾਂ ਦੀ ਪੁਨਰ ਸਥਾਪਤੀ ਬਾਰੇ ਕਈ ਸੂਬਿਆਂ ਦੇ ਮਾਹਰਾਂ ਦੀ ਰਾਏ ਲਈ ਗਈ ਹੈ। ੂਮਿਲਕਫ਼ੈੱਡ ਬਾਰੇ ਸਹਿਕਾਰਤਾ ਮੰਤਰੀ ਦਾ ਕਹਿਣਾ ਸੀ ਕਿ ਦਿੱਲੀ ਦੇ ਲੋਕਾਂ ਦੀ ਇਕ ਕਰੋੜ ਲਿਟਰ ਰੋਜ਼ਾਨਾ ਦੁਧ ਦੀ ਲੋੜ ਨੂੰ ਪੂਰਾ ਕਰਨ ਲਈ ਵੇਰਕਾ ਦੁਧ ਫ਼ਿਲਹਾਲ 15 ਹਜ਼ਾਰ ਲਿਟਰ ਸਪਲਾਈ ਕੀਤਾ ਜਾ ਰਿਹਾ ਹੈ ਜੋ ਆਉਂਦੇ ਸਮੇਂ ਵਿਚ ਦੋ ਲੱਖ ਲਿਟਰ ਤਕ ਵਧਾ ਦਿਤਾ ਜਾਵੇਗਾ। ਮਿਲਕਫ਼ੈੱਡ ਵਲੋਂ ਰੋਜ਼ਾਨਾ ਪੰਜਾਬ ਵਿਚੋਂ 18 ਲੱਖ ਲਿਟਰ ਦੁਧ ਇਕੱਠਾ ਕੀਤਾ ਜਾਂਦਾ ਹੈ ਜਿਸ ਵਿਚੋਂ 11 ਲੱਖ ਲਿਟਰ ਬੂਥਾਂ ਤੋਂ ਵੇਚਿਆ ਜਾਂਦਾ ਹੈ ਜਦਕਿ ਬਾਕੀ ਦਾ ਦਹੀ, ਲੱਸੀ ਤੇ ਹੋਰ ਵਸਤਾਂ ਵਿਚ ਵਰਤਿਆ ਜਾਂਦਾ ਹੈ। ਉਨ੍ਹਾਂ ਇੱਛਾ ਪ੍ਰਗਟਾਈ ਕਿ ਕਿਸੇ ਵੇਲੇ ਸਹਿਕਾਰੀ ਖੇਤਰ ਵਿਚ ਪੰਜਾਬ ਪਹਿਲੇ ਨੰਬਰ 'ਤੇ ਸੀ ਜੋ ਖਿਸਕ ਕੇ ਚੌਥੇ 'ਤੇ ਆ ਗਿਆ ਹੈ, ਇਸ ਨੂੰ ਨੰਬਰ ਇਕ 'ਤੇ ਮੁੜ ਤੋਂ ਲਿਜਾਣਾ ਹੈ।