ਮਹਾਰਾਸ਼ਟਰ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਵਿਸ਼ੇਸ਼ ਪੈਕੇਜ ਦੀ ਲੋੜ: ਵਿੱਤ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ ਤੋਂ ਕਰਜ਼ਾ ਮਾਫ਼ੀ ਦਾ ਦੂਜਾ ਪੜਾਅ ਸ਼ੁਰੂ 

Finance Minister

ਬਠਿੰਡਾ, 2 ਮਈ (ਸੁਖਜਿੰਦਰ ਮਾਨ): ਕੇਂਦਰ ਦੀ ਮੋਦੀ ਸਰਕਾਰ ਵਲੋਂ ਮਹਾਰਾਸ਼ਟਰ ਦੇ 14 ਜ਼ਿਲ੍ਹਿਆਂ ਨੂੰ 13,650 ਕਰੋੜ ਦੇ ਵਿਸ਼ੇਸ਼ ਪੈਕੇਜ ਦੇਣ 'ਤੇ ਟਿਪਣੀ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਇਸ ਵਿਸ਼ੇਸ਼ ਪੈਕਜ ਦੀ ਜ਼ਿਆਦਾ ਲੋੜ ਸੀ।ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬਾਦਲ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਵਿਅੰਗ ਕਸਦਿਆਂ ਕਿਹਾ ਕਿ ਬੇਸ਼ੱਕ ਮੋਦੀ ਸਾਹਿਬ ਨੂੰ ਮਹਾਰਾਸ਼ਟਰ ਨਾਲ ਵਿਸ਼ੇਸ਼ ਪਿਆਰ ਹੈ ਪਰ ਦੇਸ਼ ਦਾ ਪੇਟ ਭਰਨ 'ਚ ਵਡੇਰੇ ਯੋਗਦਾਨ ਨੂੰ ਦੇਖਦਿਆਂ ਪੰਜਾਬ ਨੂੰ ਇਹ ਪਹਿਲ ਮਿਲਣੀ ਚਾਹੀਦੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਮੁਕਾਬਲੇ ਮਹਾਰਾਸ਼ਟਰ 'ਚ ਉਦਯੋਗਿਕ ਕ੍ਰਾਂਤੀ ਵੀ ਜ਼ਿਆਦਾ ਹੈ।  ਵਿੱਤ ਮੰਤਰੀ ਨੇ ਇਹ ਵੀ ਦਸਿਆ ਕਿ ਪੰਜਾਬ ਦੇ ਕਿਸਾਨਾਂ ਵਿਸ਼ੇਸ਼ ਪੈਕੇਜ ਤੋਂ ਇਲਾਵਾ 31 ਹਜ਼ਾਰ ਕਰਜ਼ਾ ਲਿਮਟ  ਆਦਿ ਮੁੱਦਿਆਂ ਨੂੰ ਕੇਂਦਰ ਕੋਲ ਉਠਾਇਆ ਜਾ ਰਿਹਾ। ਸ: ਬਾਦਲ ਅੱਜ ਸਥਾਨਕ ਮਾਡਲ ਟਾਊਨ ਦੇ ਕਮਿਊਨਟੀ ਸੈਂਟਰ 'ਚ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵਲੋਂ ਕਿਸਾਨਾਂ ਦੀ ਕਰਜ਼ਾ ਮਾਫ਼ੀ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਦੇ ਦੂਜੇ ਪੜਾਅ ਨੂੰ ਸ਼ੁਰੂ ਕਰਨ ਆਏ ਹੋਏ ਸਨ। ਉਨ੍ਹਾਂ ਇਸ ਮੌਕੇ ਕਈ ਕਿਸਾਨਾਂ ਨੂੰ ਕਰਜ਼ਾ ਮਾਫ਼ੀ ਸਰਟੀਫ਼ੀਕੇਟ ਵੀ ਵੰਡੇ।

 ਸਮਾਗਮ ਦੌਰਾਨ 7213 ਕਿਸਾਨਾਂ ਨੂੰ ਰੁਪਏ 29.17 ਕਰੋੜ ਦੀ ਕਰਜ਼ਾ ਮਾਫ਼ੀ ਦਿਤੀ। ਵਿੱਤ ਮੰਤਰੀ ਸ: ਬਾਦਲ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਸੂਬਾ ਸਰਕਾਰ ਵਲੋਂ ਕਿਸਾਨਾਂ ਦਾ ਕਰਜ਼ਾ ਉਤਾਰਨ ਲਈ ਖ਼ੁਦ ਬੈਂਕਾਂ ਕੋਲੋ 10 ਹਜ਼ਾਰ ਕਰੋੜ ਦਾ ਕਰਜ਼ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਤੰਬਰ 2018 ਤਕ ਸੂਬੇ ਦੇ ਕਰੀਬ ਸਵਾ ਦਸ ਲੱਖ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਿਤਾ ਜਾਵੇਗਾ।ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦੇ ਕਿਸਾਨਾਂ ਦਾ ਦੂਜਾ ਸਰ ਛੋਟੂ ਰਾਮ ਹੋਣ ਦਾ ਖ਼ਿਤਾਬ ਵੀ ਦਿਤਾ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਜੇਕਰ ਕਾਂਗਰਸ ਦੀ ਸਰਕਾਰ ਨਾ ਬਣਦੀ ਤਾਂ ਕਿਸਾਨਾਂ ਦੀ ਇਹ ਕਰਜ਼ਾ ਮਾਫ਼ੀ ਨਹੀਂ ਹੋ ਸਕਣੀ ਸੀ। ਉਨ੍ਹਾਂ ਕਿਹਾ ਕਿ ਜੇ ਕੈਪਟਨ ਸਾਹਿਬ ਨਾ ਹੁੰਦੇ ਤਾਂ ਪੰਜਾਬ ਦੀ ਐਸ.ਵਾਈ.ਐਲ ਦਾ ਪਾਣੀ ਹੁਣ ਤਕ ਹਰਿਆਣਾ ਨੂੰ ਚਲਿਆ ਜਾਂਦਾ।