ਭੇਤਭਰੇ ਹਾਲਾਤ 'ਚ ਲੱਗੀ ਅੱਗ ਨੇ 125 ਏਕੜ ਜੰਗਲਾਤ ਰਕਬਾ ਲਪੇਟ 'ਚ ਲਿਆ
ਸਾਰੀ ਰਾਤ ਜੰਗਲਾਤ ਅਧਿਕਾਰੀ ਤੇ ਮੁਲਾਜ਼ਮਾਂ ਜੁਟੇ ਰਹੇ ਅੱਗ ਬੁਝਾਉਣ 'ਚ
ਤਲਵਾੜਾ, 2 ਮਈ (ਸੁਰੇਸ਼ ਕੁਮਾਰ): ਬੀਤੀ ਸ਼ਾਮ ਕੰਢੀ ਖੇਤਰ ਦੇ ਸਾਂਡਪੁਰ ਇਲਾਕੇ 'ਚ ਭੇਤਭਰੇ ਹਾਲਾਤਾਂ 'ਚ ਲੱਗੀ ਅੱਗ ਨੇ ਕਰੀਬ 125 ਏਕੜ ਰਕਬੇ ਨੂੰ ਅਪਣੀ ਲਪੇਟ 'ਚ ਲੈ ਲਿਆ। ਬੀਤੀ ਸ਼ਾਮ ਕਰੀਬ 3 ਵਜੇ ਲੱਗੀ ਇਸ ਅੱਗ ਨੂੰ ਜੰਗਲਾਤ ਵਿਭਾਗ ਦੇ ਡੀਐਫ਼ਓ ਅਟੱਲ ਮਹਾਜਨ ਅਤੇ ਰੇਂਜ ਅਫ਼ਸਰ ਪਰਮਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਭਾਰੀ ਜੱਦੋ ਜਹਿਦ ਉਪਰੰਤ ਅੱਜ ਸਵੇਰੇ ਕਰੀਬ 5 ਵਜੇ ਕਾਬੂ ਪਾਇਆ ਜਾ ਸਕਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਪਰ ਇਕੋ ਵਾਰ ਕਰੀਬ 4 ਥਾਵਾਂ ਤੋਂ ਲੱਗੀ ਅੱਗ ਸ਼ੱਕੀ ਜਾਪਦੀ ਹੈ। ਜੰਗਲਾਤ ਵਿਭਾਗ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਆਰੰਭ ਦਿਤੀ ਹੈ। ਜਾਣਕਾਰੀ ਅਨੁਸਾਰ ਬੀਤੀ ਸ਼ਾਮ ਕਰੀਬ 3 ਵਜੇ ਹੜਿੰਬਾ ਮੰਦਰ ਵਾਲੀ ਸਾਈਡ ਤੋਂ ਰੋਡ ਕਿਨਾਰੇ ਤੋਂ ਲੱਗੀ ਅੱਗ ਨੇ ਸਾਂਡਪੁਰ ਵਿਚਲੇ ਵਿਭਾਗ ਦੇ ਰੈਸਟ ਹਾਊਸ ਤਕ ਦਾ ਖੇਤਰ ਅਪਣੀ ਲਪੇਟ 'ਚ ਲੈ ਲਿਆ।
ਅੱਗ ਨਾਲ ਕਰੀਬ 125 ਏਕੜ ਰਕਬੇ ਅੰਦਰ ਜ਼ਮੀਨੀ ਪੱਧਰ ਦੇ ਪੌਦਿਆਂ ਨੂੰ ਨੁਕਸਾਨ ਪਹੁੰਚਾਇਆ ਪਰ ਜੰਗਲਾਤ ਦਾ ਵੱਡਾ ਨੁਕਸਾਨ ਹੋਣੋਂ ਬਚਾਅ ਹੋ ਗਿਆ। ਇਸ ਦਾ ਪਤਾ ਲੱਗਣ 'ਤੇ ਜੰਗਲਾਤ ਵਿਭਾਗ ਦੇ ਡੀਐਫ਼ਓ ਅਟੱਲ ਮਹਾਜਨ, ਰੇਂਜ ਅਫ਼ਸਰ ਪਰਮਜੀਤ ਸਿੰਘ ਤੇ ਦਲਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਵਿਭਾਗੀ ਫ਼ਾਇਰ ਬ੍ਰਿਗੇਡ ਤੇ ਬੀਬੀਐਮਬੀ ਤੋਂ ਫ਼ਾਇਰ ਬ੍ਰਿਗੇਡ ਦੀਆਂ ਟੀਮਾਂ ਬੁਲਾ ਕੇ ਅੱਗ 'ਤੇ ਕਾਬੂ ਪਾਉਣ ਦੇ ਯਤਨ ਆਰੰਭੇ। ਭਾਰੀ ਮੁਸ਼ੱਕਤ ਤੋਂ ਬਾਅਦ ਕਰੀਬ 14 ਘੰਟਿਆਂ ਬਾਅਦ ਅੱਜ ਸਵਰੇ ਕਰੀਬ 5 ਵਜੇ ਅੱਗ 'ਤੇ ਕਾਬੂ ਪਾਇਆ ਜਾ ਸਕਿਆ।
ਫੋਟੋ ਕੈਪਸ਼ਨ: 2 ਤਲਵਾੜਾ ਸੁਰੇਸ਼ ਕੁਮਾਰ ਫ਼ੋਟੋ
ਕੰਢੀ ਖੇਤਰ ਦੇ ਜੰਗਲ 'ਚ ਲੱਗੀ ਅੱਗ ਦਾ ਦ੍ਰਿਸ਼