ਲੋਕ ਸਭਾ ਚੋਣਾਂ : ਫ਼ਰੀਦਕੋਟ ਤੋਂ ਇਸ ਵਾਰ ਮੁਕਾਬਲਾ ਫਸਵਾਂ ਰਹਿਣ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਸਪੋਕਸਮੈਨ ਟੀਵੀ' ਦੀ ਕੋਟਕਪੁਰਾ ਤੋਂ ਵਿਸ਼ੇਸ਼ ਰਿਪੋਰਟ

'Spokesman TV' at Kotkapura

ਫ਼ਰੀਦਕੋਟ : ਪੰਜਾਬ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਸ਼ਿਖ਼ਰਾਂ ਉੱਤੇ ਹੈ। ਸੂਬੇ 'ਚ ਨਾਮਜ਼ਦਗੀਆਂ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਫ਼ਰੀਦਕੋਟ ਲੋਕ ਸਭਾ ਸੀਟ 'ਤੇ ਇਸ ਵਾਰ ਅਕਾਲੀ ਦਲ, ਕਾਂਗਰਸ, 'ਆਪ' ਅਤੇ ਪੰਜਾਬ ਏਕਤਾ ਪਾਰਟੀ ਦੇ ਚਾਰ ਉਮੀਦਵਾਰਾਂ ਦੀ ਸਖ਼ਤ ਟੱਕਰ ਅਰਥਾਤ ਚਹੁਕੌਣੇ ਮੁਕਾਬਲੇ ਦੀ ਚਰਚਾ ਹੋਣੀ ਸ਼ੁਰੂ ਹੋ ਗਈ ਹੈ। ਚਾਰਾਂ ਪਾਰਟੀਆਂ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਆਪੋ-ਆਪਣੀ ਜਿੱਤ ਯਕੀਨੀ ਬਣਾਉਣ ਲਈ ਅੱਡੀ ਚੋਟੀ ਦਾ ਜ਼ਾਰ ਲਗਾ ਦਿੱਤਾ ਹੈ। ਇਸ ਹਲਕੇ ਤੋਂ 'ਆਪ' ਨੇ ਕਾਫੀ ਸਮਾਂ ਪਹਿਲਾਂ ਆਪਣੀ ਪਾਰਟੀ ਦੇ ਸੀਟਿੰਗ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ ਦਾ ਐਲਾਨ ਕਰ ਦਿੱਤਾ ਸੀ। ਫਿਰ ਸੁਖਪਾਲ ਸਿੰਘ ਖਹਿਰਾ ਨੇ ਜੈਤੋਂ ਹਲਕੇ ਤੋਂ ਵਿਧਾਇਕ ਮਾ. ਬਲਦੇਵ ਸਿੰਘ, ਕਾਂਗਰਸ ਨੇ ਸਾਬਕਾ ਵਿਧਾਇਕ ਮੁਹੰਮਦ ਸਦੀਕ ਅਤੇ ਅਕਾਲੀ ਦਲ ਬਾਦਲ ਨੇ ਸਭ ਤੋਂ ਅਖੀਰ 'ਚ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਨੂੰ ਮੈਦਾਨ 'ਚ ਉਤਾਰਿਆ। 

ਫ਼ਰੀਦਕੋਟ ਦਾ ਸਿਆਸੀ ਮਾਹੌਲ ਜਾਨਣ ਲਈ 'ਸਪੋਕਸਮੈਨ ਟੀਵੀ' ਨੇ ਹਲਕਾ ਕੋਟਕਪੁਰਾ 'ਚ ਚਾਰੇ ਸਿਆਸੀ ਪਾਰਟੀਆਂ ਦੇ ਖੇਤਰੀ ਆਗੂਆਂ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਦੱਸ ਦਈਏ ਕਿ ਬਰਗਾੜੀ ਕਾਂਡ ਤੋਂ ਬਾਅਦ ਕੋਰਕਪੁਰਾ 'ਚ ਮੋਰਚਾ ਲਗਾਇਆ ਗਿਆ ਸੀ ਅਤੇ ਉਦੋਂ ਹੋਈ ਗੋਲੀਬਾਰੀ 'ਚ ਦੋ ਨੌਜਵਾਨ ਸ਼ਹੀਦ ਹੋਏ ਸਨ। ਇਸ ਘਟਨਾ ਦਾ ਵੀ ਸਥਾਨਕ ਲੋਕਾਂ 'ਤੇ ਕਾਫ਼ੀ ਅਸਰ ਵੇਖਿਆ ਜਾ ਰਿਹਾ ਹੈ।

ਸਥਾਨਕ ਵਾਸੀਆਂ ਮੁਤਾਬਕ ਬੇਅਦਬੀ ਅਤੇ ਗੋਲੀਕਾਂਡ ਦੇ 5 ਸਾਲ ਬੀਤਣ ਮਗਰੋਂ ਵੀ ਅਸਲ ਦੋਸ਼ੀ ਨਹੀਂ ਫੜੇ ਗਏ। ਸੂਬੇ ਦੀ ਕਾਂਗਰਸ ਸਰਕਾਰ ਜਦੋਂ ਸੱਤਾ 'ਚ ਆਈ ਸੀ ਤਾਂ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਕਿ ਅਸਲ ਦੋਸ਼ੀਆਂ ਨੂੰ ਜੇਲਾਂ 'ਚ ਡੱਕਾਂਗੇ, ਪਰ ਹਾਲੇ ਤਕ ਕੋਈ ਵੱਡੀ ਕਾਰਵਾਈ ਨਜ਼ਰ ਨਹੀਂ ਆਈ ਹੈ। ਕੈਪਟਨ-ਬਾਦਲ ਆਪਸ 'ਚ ਮਿਲੇ ਹੋਏ ਹਨ। ਲੋਕਾਂ ਨੇ ਦੋਸ਼ ਲਗਾਇਆ ਕਿ ਬੇਅਦਬੀ ਮਗਰੋਂ ਆਪਣੇ ਡੇਢ ਸਾਲ ਦੇ ਕਾਰਜਕਾਲ 'ਚ ਬਾਦਲ ਨੇ ਕੋਈ ਕਾਰਵਾਈ ਨਹੀਂ ਕੀਤੀ। ਪੰਥਕ ਪਾਰਟੀ ਦੇ ਨਾਂ 'ਤੇ ਉਹ ਡੇਰਿਆਂ ਕੋਲੋਂ ਵੋਟਾਂ ਮੰਗ ਰਹੇ ਹਨ। ਜੇ ਪਰਕਾਸ਼ ਸਿੰਘ ਬਾਦਲ ਸੱਚੇ-ਸੁੱਚੇ ਹਨ ਤਾਂ ਉਹ ਸਿੱਟ ਦੀ ਜਾਂਚ 'ਚ ਸਹਿਯੋਗ ਕਿਉਂ ਨਹੀਂ ਕਰ ਰਹੇ। ਲੋਕਾਂ ਨੇ ਕੈਪਟਨ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ 'ਚ ਆਉਣ ਲਈ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਅਤੇ ਕਿਹਾ ਸੀ ਕਿ ਬੇਅਦਬੀ ਕਾਂਡ ਦੇ ਸਾਰੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇਗੀ ਪਰ ਹਾਲੇ ਤਕ ਅਸਲ ਦੋਸ਼ੀ ਆਜ਼ਾਦ ਘੁੰਮ ਰਹੇ ਹਨ। 

ਇਸ ਮੌਕੇ ਕਾਂਗਰਸੀ ਆਗੂ ਸ਼ਿਵਪਾਲ ਨੇ ਦੱਸਿਆ ਕਿ ਜਦੋਂ ਤੋਂ ਪੰਜਾਬ 'ਚ ਕਾਂਗਰਸ ਸਰਕਾਰ ਬਣੀ ਹੈ, ਉਦੋਂ ਤੋਂ ਸੂਬੇ 'ਚ ਨਸ਼ਿਆਂ ਵਿਚ ਕਮੀ ਆਈ ਹੈ। ਭ੍ਰਿਸ਼ਟਾਚਾਰ 'ਤੇ ਵੀ ਕਾਫ਼ੀ ਹੱਦ ਤਕ ਨੱਥ ਪਾਈ ਗਈ ਹੈ। ਉਨ੍ਹਾਂ ਐਤਕੀਂ 13 'ਚੋਂ 13 ਸੀਟਾਂ ਜਿੱਤਣ ਦਾ ਦਾਅਵਾ ਕੀਤਾ। 

ਪੰਜਾਬ ਏਕਤਾ ਪਾਰਟੀ ਦੇ ਆਗੂ ਨੇ ਦੱਸਿਆ ਕਿ ਅਕਾਲੀ-ਕਾਂਗਰਸੀ ਦੋਵੇਂ ਮਿਲੇ ਹੋਏ ਹਨ ਅਤੇ ਵਾਰੋ-ਵਾਰੀ 5-5 ਸਾਲ ਸੂਬੇ 'ਤੇ ਰਾਜ ਕਰ ਕੇ ਆਪਣੇ ਖ਼ਜ਼ਾਨੇ ਭਰ ਰਹੇ ਹਨ। ਜੇ ਕਾਂਗਰਸ ਪਾਰਟੀ ਦੀ ਨੀਅਤ ਸਾਫ਼ ਹੁੰਦੀ ਤਾਂ ਹੁਣ ਤਕ ਬੇਅਦਬੀ ਦੇ ਅਸਲ ਦੋਸ਼ੀ ਜੇਲ 'ਚ ਹੁੰਦੇ। 

ਭਾਜਪਾ ਆਗੂ ਨੇ ਦੱਸਿਆ ਕਿ ਸਿੱਟ ਜਾਂਚ ਨੂੰ ਭਾਜਪਾ ਵੱਲੋਂ ਪ੍ਰਭਾਵਤ ਕਰਨ ਦਾ ਦੋਸ਼ ਝੂਠਾ ਹੈ। ਚੋਣਾਂ ਸਮੇਂ ਸਾਰੀਆਂ ਸ਼ਕਤੀਆਂ ਚੋਣ ਕਮੀਸ਼ਨ ਦੇ ਹੱਥ 'ਚ ਆ ਜਾਂਦੀ ਹੈ। ਕੁੰਵਰ ਵਿਜੇ ਪ੍ਰਤਾਪ ਦੀ ਬਦਲੀ ਚੋਣ ਕਮੀਸ਼ਨ ਨੇ ਕੀਤੀ ਹੈ, ਭਾਜਪਾ ਨੇ ਨਹੀਂ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇਸ਼ ਭਗਤਾਂ ਦੀ ਪਾਰਟੀ ਹੈ ਅਤੇ ਕੋਈ ਗ਼ਲਤ ਕੰਮ ਨਹੀਂ ਕਰਦੀ। ਉਨ੍ਹਾਂ ਦੋਸ਼ ਲਗਾਇਆ ਕਿ ਦਰਬਾਰ ਸਾਹਿਬ ਅੰਦਰ ਗੋਲੀਆਂ ਚਲਾ ਕੇ ਕਾਂਗਰਸ ਨੇ ਬੇਅਦਬੀ ਕੀਤੀ ਸੀ ਅਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਮੋਦੀ ਸਰਕਾਰ ਦੀ ਰਾਜ 'ਚ ਹੀ ਸੱਜਣ ਕੁਮਾਰ ਨੂੰ ਸਜ਼ਾ ਮਿਲੀ ਹੈ। ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਸਾਡੀ ਸਰਕਾਰ ਵੱਲੋਂ ਨੌਜਵਾਨਾਂ ਲਈ ਸਕਿਲਡ ਡਿਵੈਲਪਮੈਂਟ ਦੇ ਪ੍ਰੋਗਰਾਮ ਚਲਾਏ ਗਏ ਹਨ।

ਆਮ ਆਦਮੀ ਪਾਰਟੀ ਦੇ ਆਗੂ ਨੇ ਦੱਸਿਆ ਕਿ ਕਾਂਗਰਸ ਅਤੇ ਭਾਜਪਾ ਦੋਵੇਂ ਮਿਲ ਕੇ ਦੇਸ਼ ਨੂੰ ਲੁੱਟ ਰਹੇ ਹਨ। ਦੋਵੇਂ ਪਾਰਟੀਆਂ ਸਿਰਫ਼ ਧਰਮ ਦੇ ਨਾਂ 'ਤੇ ਲੋਕਾਂ ਨੂੰ ਲੜਵਾ ਰਹੀਆਂ ਹਨ। ਲੋਕਾਂ ਨੂੰ ਰੁਜ਼ਗਾਰ, ਮੁਢਲੀਆਂ ਸਹੂਲਤਾਂ ਆਦਿ ਦੇਣ ਦੇ ਨਾਂ 'ਤੇ ਸਿਰਫ਼ ਝੂਠੇ ਵਾਅਦੇ ਹੀ ਕੀਤੇ ਜਾਂਦੇ ਹਨ। ਪ੍ਰਧਾਨ ਮੰਤਰੀ ਮੋਦੀ ਰੁਜ਼ਗਾਰ ਦੀ ਥਾਂ ਨੌਜਵਾਨਾਂ ਨੂੰ ਪਕੌੜੇ ਵੇਚਣ ਦੀ ਸਲਾਹ ਦੇ ਰਹੇ ਹਨ। ਕਾਲਜ-ਯੂਨੀਵਰਸਿਟੀਆਂ ਬਣਾਉਣ ਦੀ ਥਾਂ ਮੂਰਤੀਆਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸੂਬੇ 'ਚ ਨਸ਼ਾ ਸਰ੍ਹੇਆਮ ਵਿੱਕ ਰਿਹਾ ਹੈ ਅਤੇ ਕੋਈ ਪਾਬੰਦੀ ਨਹੀਂ ਲੱਗੀ ਹੈ। 

ਸਥਾਨਕ ਵਾਸੀ ਨੇ ਦੱਸਿਆ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਸਿਰਫ਼ ਧਰਮ ਦੇ ਨਾਂ 'ਤੇ ਸਿਆਸਤ ਕਰ ਰਹੀਆਂ ਹਨ। ਉਨ੍ਹਾਂ ਨੂੰ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਕੋਈ ਮਤਲਬ ਨਹੀਂ ਹੈ, ਸਿਰਫ਼ ਕੁਰਸੀ ਪ੍ਰਾਪਤੀ ਹੀ ਉਨ੍ਹਾਂ ਦੇ ਅਸਲ ਮਕਸਦ ਹੈ। ਮੋਦੀ ਸਰਕਾਰ ਦੀ ਕਾਰਗੁਜਾਰੀ 'ਤੇ ਸਵਾਲ ਚੁੱਕਦਿਆਂ ਲੋਕਾਂ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਇਨ੍ਹਾਂ ਤੋਂ ਸਵਾਲ ਪੁੱਛਦਾ ਹੈ, ਉਸ ਦੇ ਘਰ ਸੀਬੀਆਈ, ਇਨਕਮ ਟੈਕਸ ਦਾ ਛਾਪਾ ਮਰਵਾ ਦਿੱਤਾ ਜਾਂਦਾ ਹੈ। ਉਸ ਨੂੰ ਦੇਸ਼ ਧ੍ਰੋਹੀ ਐਲਾਨ ਦਿੱਤਾ ਜਾਂਦਾ ਹੈ। ਕਿਸਾਨ ਕਰਜ਼ੇ ਲਈ ਬੈਂਕਾਂ ਦੇ ਗੇੜੇ ਲਗਾਉਂਦਾ ਥੱਕ-ਹਾਰ ਜਾਂਦਾ ਹੈ ਅਤੇ ਨੀਰਵ ਮੋਦੀ-ਵਿਜੇ ਮਾਲਿਆ ਵਰਗੇ ਕਾਰੋਬਾਰੀ ਅਰਬਾਂ ਰੁਪਏ ਲੈ ਕੇ ਵਿਦੇਸ਼ਾਂ 'ਚ ਐਸ਼ ਕਰ ਰਹੇ ਹਨ। ਭਾਜਪਾ ਨੇ ਸੱਤਾ ਪ੍ਰਾਪਤ ਕਰਨ ਲਈ 15-15 ਲੱਖ ਰੁਪਏ, 2 ਕਰੋੜ ਨੌਕਰੀਆਂ, ਰਾਮ ਮੰਦਰ, ਕਾਲਾ ਧਨ, ਧਾਰਾ-370, ਪਟਰੌਲ ਕੀਮਤਾਂ 35 ਰੁਪਏ ਕਰਨ, ਡਾਲਰ 38 ਰੁਪਏ ਜਿਹੇ ਕਈ ਵਾਅਦੇ ਕੀਤੇ, ਪਰ ਅੱਜ ਵੇਖਿਆ ਜਾ ਸਕਦਾ ਹੈ ਕਿ ਕਿੰਨੇ ਵਾਅਦੇ ਪੂਰੇ ਹੋਏ। 

1984 ਕਤਲੇਆਮ ਪੀੜਤ ਪਰਵਾਰ ਦੇ ਇਕ ਮੈਂਬਰ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਭਾਜਪਾ ਵੱਲੋਂ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਤਲੇਆਮ ਪੀੜਤਾਂ ਦੇ ਪਰਵਾਰਾਂ ਨੂੰ 5-5 ਲੱਖ ਰੁਪਏ ਦਿੱਤੇ ਗਏ ਹਨ, ਜਦਕਿ ਉਨ੍ਹਾਂ ਨੂੰ ਤਾਂ 5 ਰੁਪਏ ਵੀ ਨਹੀਂ ਮਿਲੇ। ਡਾ. ਮਨਮੋਹਨ ਸਿੰਘ ਦੀ ਸਰਕਾਰ ਸਮੇਂ ਸਾਡੇ ਪਰਵਾਰ ਨੂੰ 2 ਲੱਖ ਰੁਪਏ ਜ਼ਰੂਰ ਮਿਲੇ ਸਨ। ਸੱਜਣ ਕੁਮਾਰ ਨੂੰ ਸਜ਼ਾ ਭਾਜਪਾ ਨੇ ਨਹੀਂ, ਸੁਪਰੀਮ ਕੋਰਟ ਨੇ ਦਿਵਾਈ ਹੈ। ਭਾਜਪਾ ਸਿਆਸੀ ਲਾਹਾ ਲੈਣ ਲਈ ਆਪਣੀ ਪਿੱਠ ਥਾਪੜ ਰਹੀ ਹੈ।  ਇਨਸਾਫ਼ ਦਿਵਾਉਣ ਦੇ ਨਾਂ 'ਤੇ ਸਾਰੀਆਂ ਪਾਰਟੀਆਂ ਵੱਲੋਂ ਸਿਰਫ਼ ਸਿਆਸਤ ਕੀਤੀ ਜਾ ਰਹੀ ਹੈ। ਕਿਸੇ ਪਾਰਟੀ ਨੂੰ ਇਨਸਾਫ਼ ਦਿਵਾਉਣ ਨਾਲ ਮਤਲਬ ਨਹੀਂ ਹੈ, ਸਿਰਫ਼ ਵੋਟਾਂ ਇਕੱਠੀਆਂ ਕਰਨੀਆਂ ਹਨ। ਉਨ੍ਹਾਂ ਦੱਸਿਆ ਕਿ ਚੋਣਾਂ ਨੇੜੇ ਆਉਣ 'ਤੇ ਸਾਰੀਆਂ ਪਾਰਟੀਆਂ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਦਾਅਵੇ ਕਰ ਰਹੀਆਂ ਹਨ, ਜਦਕਿ ਚੋਣਾਂ ਬੀਤਣ ਮਗਰੋਂ ਸਾਰੇ ਹੱਥ 'ਤੇ ਹੱਥ ਰੱਖ ਕੇ ਬੈਠ ਜਾਣਗੇ।

ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਅੱਜ ਦੇਸ਼ ਦੀ ਮੁੱਖ ਸਮੱਸਿਆ ਰੁਜ਼ਗਾਰ ਹੈ। ਹਰ ਸਾਲ ਲੱਖਾਂ ਵਿਦਿਆਰਥੀ ਯੂਨੀਵਰਸਿਟੀਆਂ 'ਚੋਂ ਪੜ੍ਹ ਕੇ ਨਿਕਲ ਰਹੇ ਹਨ ਅਤੇ ਉਨ੍ਹਾਂ ਨੂੰ ਰੁਜ਼ਗਾਰ ਨੂੰ ਮਿਲ ਰਿਹਾ। ਪੰਜਾਬ ਦੇ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ ਜੋ ਚਿੰਤਾ ਦਾ ਵਿਸ਼ਾ ਹੈ। ਕੋਟਕਪੂਰਾ 'ਚ ਗੰਧਲਾ ਪਾਣੀ ਸਪਲਾਈ ਹੋ ਰਿਹਾ ਹੈ। ਲੋਕਾਂ ਨੇ ਕਿਹਾ ਕਿ ਮੌਜੂਦਾ ਸੰਸਦ ਮੈਂਬਰ ਸਾਧੂ ਸਿੰਘ ਧਰਮਸੋਤ ਨੇ ਕਦੇ ਲੋਕਾਂ ਦੀ ਸਾਰ ਨਹੀਂ ਲਈ।