ਭਾਜਪਾ ਆਗੂ ਕੇਂਦਰ ਤੋਂ ਦਾਲ ਦੀ ਸਪਲਾਈ ਕਰਵਾਉਣ : ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ ਹਾਲੇ ਕੇਂਦਰ ਨੇ ਕੋਟੇ ਦੀ 25 ਫ਼ੀ ਸਦੀ ਦਾਲ ਹੀ ਕੀਤੀ ਸਪਲਾਈ

File Photo

ਚੰਡੀਗੜ੍ਹ, 2 ਮਈ (ਗੁਰਉਪਦੇਸ਼ ਭੁੱਲਰ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਆਗੂਆਂ ਨੂੰ ਨਸੀਹਤ ਦਿਤੀ ਹੈ ਕਿ ਉਹ ਪੰਜਾਬ ਨੂੰ ਦਾਲ ਦੀ ਸਪਲਾਈ ਜਾਰੀ ਕਰਵਾਉਣ ਲਈ ਭਾਰਤ ਸਰਕਾਰ ਵਿਰੁਧ ਵਰਤ ਰੱਖ ਕੇ ਮੋਦੀ ਸਰਕਾਰ ’ਤੇ ਦਬਾਅ ਬਣਾਉਣ ਕਿ ਉਹ ਕੀਤੇ ਐਲਾਨ ਅਨੁਸਾਰ ਪੰਜਾਬ ਨੂੰ ਦਾਲ ਦਾ ਕੋਟਾ ਪੁੱਜਦਾ ਕਰੇ।

ਸੁਨੀਲ ਜਾਖੜ ਨੇ ਕਿਹਾ ਕਿ ਲਗਭਗ 40 ਦਿਨ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਦੇ ਲੋੜਵੰਦ ਲੋਕਾਂ ਨੂੰ ਵੰਡਣ ਲਈ 10800 ਮੀਟ੍ਰਿਕ ਟਨ ਦਾਲ ਸਪਲਾਈ ਕਰਨ ਦਾ ਐਲਾਨ ਕੀਤਾ ਸੀ ਪਰ ਹਾਲੇ ਤਕ ਸਿਰਫ਼ 2800 ਮੀਟ੍ਰਿਕ ਟਨ ਦਾਲ ਹੀ ਪੰਜਾਬ ਨੂੰ ਸਪਲਾਈ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜੋ ਦਾਲ ਕੇਂਦਰ ਤੋਂ ਮਿਲ ਰਹੀ ਹੈ ਨਾਲ ਦੀ ਨਾਲ ਉਸ ਦੀ ਵੰਡ ਕੀਤੀ ਜਾ ਰਹੀ ਹੈ।

ਉਨ੍ਹਾਂ ਭਾਜਪਾ ਆਗੂਆਂ ਨੂੰ ਵੰਗਾਰਿਆਂ ਕਿ ਉਹ ਵਰਤ ਰੱਖ ਕੇ ਪ੍ਰੋਪੇਗੰਡਾ ਕਰਨ ਦੀ ਬਜਾਏ ਤੱਥਾਂ ਨੂੰ ਜਾਣ ਲੈਣ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਉਸ ਦਾਲ ਦੀ ਵੰਡ ਲਈ ਵਰਤ ਰੱਖ ਰਹੇ ਹਨ ਜੋ ਦਾਲ ਪੰਜਾਬ ਨੂੰ ਮਿਲੀ ਹੀ ਨਹੀਂ ਹੈ। ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਦਾਰ ਦੀ ਏਂਜਸੀ ਨੈਫ਼ੈਡ ਨੇ ਦਾਲ ਸਪਲਾਈ ਕਰਨੀ ਹੈ ਪਰ ਪੰਜਾਬ ਨੂੰ ਸਪਲਾਈ ਹੀ ਨਾਮਾਤਰ ਮਿਲ ਰਹੀ ਹੈ ਤਾਂ ਪੰਜਾਬ ਅੱਗੋਂ ਇਸ ਦੀ ਵੰਡ ਕਿਵੇਂ ਕਰੇ।

ਉਨ੍ਹਾਂ ਨੇ ਕਿਹਾ ਕਿ ਇਸ ਲਈ ਭਾਜਪਾ ਦੀ ਕੇਂਦਰ ਸਰਕਾਰ ਜਿੰਮੇਵਾਰ ਹੈ। ਜਾਖੜ ਨੇ ਕਿਹਾ ਕਿ ਦੂਜੇ ਪਾਸੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਮਾਰਚ ਵਿਚ ਹੀ ਰਾਸ਼ਨ ਕਾਰਡ ਧਾਰਕ ਲੋਕਾਂ ਨੂੰ 6-6 ਮਹੀਨੇ ਦਾ ਅਨਾਜ ਤਕਸੀਮ ਕੀਤਾ ਜਾ ਚੁਕਾ ਸੀ ਜਦ ਕਿ ਗ਼ੈਰ-ਰਾਸ਼ਨ ਕਾਰਡ ਧਾਰਕ 15 ਲੱਖ ਪਰਵਾਰਾਂ ਨੂੰ ਵੀ ਪੰਜਾਬ ਸਰਕਾਰ ਨੇ ਰਾਸ਼ਨ ਦੀ ਵੰਡ ਵੱਖਰੇ ਤੌਰ ’ਤੇ ਕੀਤੀ ਹੈ। ਜਦ ਕਿ 3000 ਮੀਟ੍ਰਿਕ ਟਨ ਦਾਲ ਪੰਜਾਬ ਸਰਕਾਰ ਆਪਣੇ ਪੱਧਰ ਤੇ ਖਰੀਦ ਕੇ ਵੰਡ ਚੁੱਕੀ ਹੈ।