ਚੰਡੀਗੜ੍ਹ 'ਚ ਅੱਜ ਰਾਤ ਤੋਂ ਕਰਫ਼ਿਊ ਖ਼ਤਮ, ਤਿੰਨ ਹਫ਼ਤੇ ਲਈ ਤਾਲਾਬੰਦੀ ਰਹੇਗੀ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਪ੍ਰਸ਼ਾਸਨ ਨੇ 3 ਮਈ ਅੱਧੀ ਰਾਤ ਤੋਂ ਬਾਅਦ ਸ਼ਹਿਰ ਵਿਚ ਕਰਫ਼ਿਊ ਖ਼ਤਮ ਕਰਨ

File Photo

ਚੰਡੀਗੜ੍ਹ, 2 ਮਈ (ਤਰੁਣ ਭਜਨੀ): ਚੰਡੀਗੜ੍ਹ ਪ੍ਰਸ਼ਾਸਨ ਨੇ 3 ਮਈ ਅੱਧੀ ਰਾਤ ਤੋਂ ਬਾਅਦ ਸ਼ਹਿਰ ਵਿਚ ਕਰਫ਼ਿਊ ਖ਼ਤਮ ਕਰਨ ਦੇ ਹੁਕਮ ਦਿਤੇ ਹਨ, ਪਰ 17 ਮਈ ਤਕ ਸ਼ਹਿਰ ਵਿਚ ਤਾਲਾਬੰਦੀ ਜਾਰੀ ਰਹੇਗੀ। ਹਾਲਾਂਕਿ ਸ਼ਹਿਰ ਵਿਚ ਜਿਸ ਇਲਾਕੇ ਵਿਚ ਕੋਰੋਨਾ ਵਾਇਰਸ ਫੈਲਿਆ ਹੋਇਆ ਹੈ, ਉਸ ਇਲਾਕੇ ਨੂੰ ਪਰੀ ਤਰ੍ਹਾਂ ਸੀਲ ਰਖਿਆ ਜਾਵੇਗਾ। ਕੋਰੋਨਾ ਪੀੜਤ ਇਲਾਕੇ ਵਿਚ ਇਸੇ ਤਰ੍ਹਾਂ ਪਾਬੰਦੀਆਂ ਜਾਰੀ ਰਹਿਣਗੀਆਂ।

ਇਸ ਤੋਂ ਇਲਾਵਾ ਕੋਰੋਨਾ ਮੁਕਤ ਇਲਾਕਿਆਂ ਵਿਚ ਹੁਣ ਦੁਕਾਨਾਂ ਸਵੇਰੇ 7 ਵਜੇ ਤੋਂ ਰਾਤੀ 7 ਵਜੇ ਤਕ ਖੁਲ੍ਹ ਸਕਣਗੀਆਂ ਅਤੇ ਇਸ ਸਮੇਂ ਦੌਰਾਨ ਹੀ ਲੋਕੀ ਬਿਨਾ ਪਾਸ ਸ਼ਹਿਰ ਵਿਚ ਵਾਹਨ ਚਲਾ ਸਕਦੇ ਹਨ। ਵਾਹਨ ਚਲਾਉਣ ਅਤੇ ਦੁਕਾਨਾਂ ਖੋਲ੍ਹਣ ਦੇ ਜਾਰੀ ਕੀਤੇ ਗਏ ਹੁਕਮ ਵਿਚ ਇਕ ਵੱਡੀ ਗੱਲ ਇਹ ਕਹੀ ਗਈ ਹੈ ਕਿ ਕੇਵਲ ਕੱਲੀ-ਜੋਟਾ ਦੇ ਅਧਾਰ 'ਤੇ ਹੀ ਦੁਕਾਨਾਂ ਅਤੇ ਵਾਹਨ ਚਲਾਏ ਜਾ ਸਕਣਗੇ।

ਸੋਮਵਾਰ ਨੂੰ ਜਿਨ੍ਹਾਂ ਦੁਕਾਨਾਂ ਦੇ ਨੰਬਰ ਵਿਚ 2, 4, 6 ਆਉਂਦਾ ਹੈ, ਉਹ ਦੁਕਾਨਾਂ ਅਤੇ ਵਾਹਨ ਹੀ ਚਲਣਗੇ। ਰੋਟੇਸ਼ਨ ਮੁਤਾਬਕ ਰੋਜ਼ਾਨਾ ਦੁਕਾਨਾਂ ਅਤੇ ਵਾਹਨ ਚਲਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਇਸੇ ਤਰ੍ਹਾਂ ਰੋਜ਼ਾਨਾ ਖੁਲ੍ਹ ਸਕਦੀਆਂ ਹਨ। ਲਾਕਡਾਉਨ ਚ ਇਹ ਥਾਵਾਂ ਬੰਦ ਪ੍ਰਸ਼ਾਸਨ ਦੇ ਆਦੇਸ਼ ਮੁਤਾਬਕ ਆਨਲਾਈਨ ਕੁਕਡ ਫੂਡ ਦੀ ਡਲੀਵਰੀ ਤੇ ਪੁਰੀ ਤਰਾਂ ਬੈਨ ਕੀਤਾ ਗਿਆ ਹੈ।

ਇਸਤੋਂ ਇਲਾਵਾ ਅਪਣੀ ਮੰਡੀ, ਹੋਟਲ, ਰੈਸਟੋਰੈਂਟ ਆਦੀ ਵੀ ਪੁਰੀ ਤਰਾਂ ਬੰਦ ਰਹਿਣਗੇ। ਇਸਤੋਂ ਇਲਾਵਾ ਵੱਡੇ ਸ਼ਾਪਿੰਗ ਮਾਲ ਅਤੇ ਸੈਕਟਰ 17 ਮਾਰਕੀਟ ਵੀ ਬੰਦ ਰਹੇਗੀ। ਬੱਸਾਂ ਵਿਚ ਸੱਬਜੀਆਂ ਅਤੇ ਫੱਲ ਇਸੇ ਤਰਾਂ ਲੋਕਾਂ ਤਕ ਪਹੁੰਚਦੇ ਰਹਿਣਗੇ।

ਇਹ ਥਾਵਾਂ ਖੁਲੀਆਂ
ਲਾਕਡਾਉਨ ਵਿਚ ਹੁਣ ਸਾਰੇ ਸਰਕਾਰੀ ਦਫ਼ਤਰ ਖੁਲ ਜਾਣਗੇ। ਇਸਤੋਂ ਇਲਾਵਾ ਲੋਕੀ ਸਵੇਰੇ 7 ਤੋਂ ਸ਼ਾਮੀ 7 ਵਜੇ ਤਕ ਅਪਣੇ ਦਫ਼ਤਰ ਅਤੇ ਹੋਰ ਜਰੂਰੀ ਕੰਮਾਂ ਤੇ ਜਾ ਸਕਦੇ ਹਨ। ਆਡ- ਈਵਨ ਨੰਬਰ ਮੁਤਾਬਕ ਦੁਕਾਨਾਂ ਖੁਲਣਗੀ ਅਤੇ ਵਾਹਨ ਵੀ ਇਸੇ ਮੁਤਾਬਕ ਚੱਲਣਗੇ।