ਢੀਂਡਸਾ ਅਤੇ ਬ੍ਰਹਮਪੁਰਾ ਵਲੋਂ ਅੱਜ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰਨ ਦੀ ਸੰਭਾਵਨਾ
ਇਹ ਜਾਣਕਾਰੀ ਟਕਸਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਦਿਤੀ।
ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ): ਸੀਨੀਅਰ ਅਕਾਲੀ-ਟਕਸਾਲੀ ਆਗੂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਵਲੋਂ ਆਪੋ-ਅਪਣੇ ਰਾਜਨੀਤਕ ਦਲਾਂ ਨੂੰ ਭੰਗ ਕਰਨ ਮਗਰੋਂ 3 ਮਈ ਦਿਨ ਸੋਮਵਾਰ ਨੂੰ ਇਕ ਨਵੀਂ ਰਾਜਨੀਤਕ ਪਾਰਟੀ ਦਾ ਐਲਾਨ ਕਰਨ ਦੀ ਸੰਭਾਵਨਾ ਹੈ। ਇਹ ਜਾਣਕਾਰੀ ਟਕਸਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਦਿਤੀ।
ਉਨ੍ਹਾਂ ਕਿਹਾ ਕਿ ਦੋਵੇਂ ਨੇਤਾ ਸੋਮਵਾਰ ਨੂੰ ਇਕ ਨਵੀਂ ਰਾਜਨੀਤਿਕ ਪਾਰਟੀ ਦਾ ਐਲਾਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੋਹਾਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਬਾਦਲਾਂ ਦੇ ਚੁੰਗਲ ਤੋਂ ਆਜ਼ਾਦ ਕਰਵਾਉਣ ਲਈ ਇਹ ਇਕ ਸਲਾਹੁਣਯੋਗ ਕਦਮ ਹੈ ਜੋ ਦਹਾਕਿਆਂ ਤੋਂ ਰਾਜ ਕਰ ਰਹੀਆਂ ਹਨ ਅਤੇ ਇਹ ਪੰਜਾਬ ਨੂੰ ਤਬਾਹ ਕਰ ਰਹੇ ਹਨ।
ਇਸ ਨਵੀਂ ਰਾਜਨੀਤਿਕ ਪਾਰਟੀ ਵਿਚ ਨਵਜੋਤ ਸਿੰਘ ਸਿੱਧੂ, ਸੁਖਪਾਲ ਸਿੰਘ ਖਹਿਰਾ, ਬੈਂਸ ਭਰਾਵਾਂ, ਪ੍ਰਗਟ ਸਿੰਘ ਅਤੇ ਧਰਮਵੀਰ ਗਾਂਧੀ ਵਰਗੇ ਕੁੱਝ ਹੋਰ ਸੀਨੀਅਰ ਨੇਤਾਵਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਦੋਵੇਂ ਸੀਨੀਅਰ ਨੇਤਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਸਿਧਾਂਤਕ ਤੌਰ ਉਤੇ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਲਈ ਸਹਿਮਤ ਹੋ ਗਏ ਹਨ ਅਤੇ ਪੰਜਾਬ ਦੇ ਲੋਕਾਂ ਵਿਚ ਵੀ ਇਸ ਗੱਲ ਦਾ ਭਾਰੀ ਉਤਸ਼ਾਹ ਹੈ।
ਲੋਕ ਹੁਣ ਬਾਦਲਾਂ ਅਤੇ ਕਾਂਗਰਸ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ ਅਤੇ ਇਹ ਫ਼ੈਸਲਾ ਸੂਬੇ ਦੇ ਹਿੱਤ ਵਿਚ ਹੋਵੇਗਾ। ਇਸ ਦਲ ਵਿਚ ਬਹੁਜਨ ਸਮਾਜ ਪਾਰਟੀ (ਬਸਪਾ), ਆਮ ਆਦਮੀ ਪਾਰਟੀ (ਆਪ) ਅਤੇ ਹੋਰ ਹਮਖਿਆਲ ਸੋਚ ਰੱਖਣ ਵਾਲੀਆਂ ਪਾਰਟੀਆਂ ਦੇ ਸਾਰੇ ਆਗੂ ਸਾਂਝੇ ਪਲੇਟਫ਼ਾਰਮ ਉਤੇ ਆਉਣਗੇ ਅਤੇ ਇਕ ਨਵਾਂ ਸਿਆਸੀ ਫ਼ਰੰਟ ਤਿਆਰ ਕਰਨਗੇ ਜੋ ਦੇ ਲੋਕਾਂ ਦੀ ਸੇਵਾ ਕਰੇਗਾ।
ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਹੁਣ ਕੁੱਝ ਕਰਨ ਦਾ ਇਹ ਢੁਕਵਾਂ ਸਮਾਂ ਹੈ। ਇਸ ਲਈ ਦੋਹੇਂ ਨੇਤਾ ਰਵਾਇਤੀ ਰਾਜਨੀਤਿਕ ਪਾਰਟੀਆਂ ਵਿਰੁਧ ਲੜਨ ਲਈ ਸਾਰੀਆਂ ਇਕ ਸਮਾਨ ਸੋਚ ਰੱਖਣ ਵਾਲੀਆਂ ਪਾਰਟੀਆਂ ਨੂੰ ਇਕ ਸਾਂਝਾ ਮੰਚ ਪ੍ਰਦਾਨ ਕਰਨ ਲਈ ਬਹੁਤ ਗੰਭੀਰ ਹਨ।
ਇਨ੍ਹਾਂ ਦੋਹਾਂ ਅਕਾਲੀ ਨੇਤਾਵਾਂ ਵਲੋਂ ਕਾਂਗਰਸ ਵਿਚ ਤਾਜ਼ਾ ਘਟਨਾਕ੍ਰਮ ਬਾਰੇ ਨੇੜੇ ਤੋਂ ਨਜ਼ਰ ਰੱਖੀ ਜਾ ਰਹੀ ਹੈ ਜੋ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਸ਼ਬਦੀ ਜੰਗ ਚਲ ਰਹੀ ਹੈ।
ਹਾਈ ਕੋਰਟ ਵਲੋਂ ਬਹਿਬਲ ਅਤੇ ਕੋਟਕਪੂਰਾ ਗੋਲੀਬਾਰੀ ਅਤੇ ਬੇਅਦਬੀ ਘਟਨਾਵਾਂ ਦੀ ਜਾਂਚ ਕਰ ਰਹੀ ਐਸਆਈਟੀ ਨੂੰ ਰੱਦ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਲੋਕਾਂ ਨੂੰ ਇਨਸਾਫ਼ ਨਾ ਮਿਲਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਕਈ ਵਾਰ ਸ਼ਬਦਾਂ ਦੇ ਵਾਰ ਕਰ ਰਹੇ ਹਨ ਅਤੇ ਜੇ ਇਹ ਨਵਾਂ ਸਿਆਸੀ ਫ਼ਰੰਟ ਇਨ੍ਹਾਂ ਦਿੱਗਜ਼ ਟਕਸਾਲੀ ਨੇਤਾਵਾਂ ਦੀ ਅਗਵਾਈ ਵਿਚ ਸਫ਼ਲ ਹੋ ਜਾਂਦਾ ਹੈ ਤਾਂ ਇਹ ਫ਼ਰਵਰੀ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਰਾਜਨੀਤਿਕ ਸਮੀਕਰਣਾਂ ਨੂੰ ਬਦਲ ਸਕਦੇ ਹਨ।