ਪੰਜਾਬ 'ਚ ਫਿਲਹਾਲ ਨਹੀਂ ਲੱਗੇਗਾ ਮੁਕੰਮਲ ਲਾਕਡਾਊਨ, ਕੈਪਟਨ ਨੇ ਸਿਹਤ ਮੰਤਰੀ ਦਾ ਪ੍ਰਪੋਜ਼ਲ ਕੀਤਾ ਰੱਦ

ਏਜੰਸੀ

ਖ਼ਬਰਾਂ, ਪੰਜਾਬ

ਸੂਬੇ ਦੇ ਸਾਰੇ ਪਾਵਰ ਕਾਰਪੋਰੇਸ਼ਨ ਮੁਲਾਜ਼ਮਾਂ ਨੂੰ ਵੀ ਫਰੰਟਲਾਈਨ ਮੁਲਾਜ਼ਮਾਂ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ।

Captain Amarinder Singh

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਕੋਰੋਨਾ ਰੀਵੀਊ ਬੈਠਕ ਕੀਤੀ ਹੈ ਤੇ ਇਸ ਬੈਠਕ ਵਿਚ ਉਹਨਾਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਹੁਣ ਪੰਜਾਬ 'ਚ ਲਾਕਡਾਊਨ ਨਹੀਂ ਲੱਗੇਗਾ। ਦੱਸ ਦਈਏ ਕਿ ਹੁਣ ਅਗਲੇ ਹਫ਼ਤੇ ਕੋਰੋਨਾ ਰੀਵਿਊ ਬੈਠਕ ਹੋਵੇਗੀ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਰਾਜ ਦੇ ਸਾਰੇ ਪ੍ਰਵਾਨਿਤ ਤੇ ਪੀਲੇ ਕਾਰਡ ਪੱਤਰਕਾਰਾਂ ਨੂੰ ਕੋਵਿਡ ਵਿਰੁੱਧ ਲੜਾਈ 'ਚ ਫਰੰਟ ਲਾਈਨ ਯੋਧਿਆਂ ਦੀ ਸੂਚੀ 'ਚ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ।

ਸੂਬੇ ਦੇ ਸਾਰੇ ਪਾਵਰ ਕਾਰਪੋਰੇਸ਼ਨ ਮੁਲਾਜ਼ਮਾਂ ਨੂੰ ਵੀ ਫਰੰਟਲਾਈਨ ਮੁਲਾਜ਼ਮਾਂ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ। ਮੁੱਖ ਮੰਤਰੀ ਨੇ ਸੋਮਵਾਰ ਦੁਪਹਿਰ ਬਾਅਦ ਹੋਈ ਉੱਚ ਪੱਧਰੀ ਕੋਵਿਡ ਸਮੀਖਿਆ ਬੈਠਕ 'ਚ ਕਿਹਾ ਕਿ ਪੱਤਰਕਾਰਾਂ ਦੇ ਨਾਲ-ਨਾਲ ਇਹ ਮੁਲਾਜ਼ਮ ਹੁਣ ਪਹਿਲ ਟੀਕਾਕਰਨ ਸਮੇਤ ਸਾਰੇ ਲਾਭਾਂ ਦੇ ਪਾਤਰ ਹੋਣਗੇ।

ਕੋਰੋਨਾ ਦੇ ਕੇਸ ਦਿਨੋਂ-ਦਿਨ ਵਧਦੇ ਹੀ ਜਾ ਰਹੇ ਹਨ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਪਾਬੰਦੀਆਂ ਹੋਰ ਸਖ਼ਤ ਕਰਨ ਦੀ ਤਿਆਰੀ 'ਚ ਹੈ। ਐਤਵਾਰ ਸ਼ਾਮ ਨੂੰ ਪੰਜਾਬ ਸਰਕਾਰ ਨੇ ਮਿਨੀ ਲਾਕਡਾਊਨ ਦਾ ਐਲਾਨ ਕੀਤਾ ਸੀ। ਬੈਠਕ ਤੋਂ ਕੁੱਝ ਸਮਾਂ ਪਹਿਲਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੋਰੋਨਾ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ। ਉਨ੍ਹਾਂ ਕਿਹਾ ਕਿ ਪੰਜਾਬ 'ਚ ਲਾਕਡਾਊਨ ਲਾ ਦੇਣਾ ਚਾਹੀਦਾ ਕਿਉਂਕਿ ਪੰਜਾਬ ਪੀਕ 'ਚ ਆ ਚੁੱਕਿਆ ਹੈ। ਲਾਕਡਾਊਨ 10 ਦਿਨਾਂ ਲਈ ਹੋਣਾ ਚਾਹੀਦਾ। ਅੱਜ ਬੈਠਕ ਵਿਚ ਇਸ ਦਾ ਫੈਸਲਾ ਹੋ ਸਕਦਾ ਹੈ।

ਦੱਸ ਦੇਈਏ ਕਿ ਮਿੰਨੀ ਲਾਕਡਾਊਨ ਦੌਰਾਨ ਬੈਂਕਾਂ ਤੇ ਸਰਕਾਰੀ ਦਫ਼ਤਰ 50 ਫ਼ੀਸਦੀ ਸਮਰੱਥਾ ਨਾਲ ਖੁੱਲ੍ਹਣਗੇ। ਉਧਰ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਧਰਨਾ ਦੇ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਧਰਨਾ ਦੇ ਸਕਦੇ ਹਨ ਪਰ ਸਿਰਫ਼ ਸੰਕੇਤਕ। ਯਾਨੀ ਉਹ ਧਰਨੇ ਵਿਚ ਭੀੜ ਇਕੱਠੀ ਨਾ ਕਰਨ। ਪੰਜਾਬ ਸਰਕਾਰ ਨੇ ਮਿੰਨੀ ਲਾਕਡਾਊਨ ਦਾ ਫ਼ੈਸਲਾ ਉਦੋਂ ਲਿਆ ਹੈ ਜਦੋਂ ਇਕ ਦਿਨ ਪਹਿਲਾਂ ਹੀ ਸਿਹਤ ਵਿਭਾਗ ਨੇ ਕਿਹਾ ਸੀ ਕਿ ਆਉਣ ਵਾਲੇ 15 ਦਿਨ ਸੂਬੇ ਲਈ ਕਾਫ਼ੀ ਮਹੱਤਵਪੂਰਨ ਹਨ।