ਹਰੀਸ਼ ਚੌਧਰੀ ਨੇ ਨਵਜੋਤ ਸਿੱਧੂ ਵਿਰੁਧ ਕਾਰਵਾਈ ਲਈ ਪਾਰਟੀ ਹਾਈਕਮਾਨ ਨੂੰ ਕੀਤੀ ਸਿਫ਼ਾਰਸ਼

ਏਜੰਸੀ

ਖ਼ਬਰਾਂ, ਪੰਜਾਬ

ਹਰੀਸ਼ ਚੌਧਰੀ ਨੇ ਨਵਜੋਤ ਸਿੱਧੂ ਵਿਰੁਧ ਕਾਰਵਾਈ ਲਈ ਪਾਰਟੀ ਹਾਈਕਮਾਨ ਨੂੰ ਕੀਤੀ ਸਿਫ਼ਾਰਸ਼

image


ਸੋਨੀਆ ਗਾਂਧੀ ਨੂੰ  ਲਿਖੀ ਚਿੱਠੀ, ਰਾਜਾ ਵੜਿੰਗ ਵਲੋਂ ਦਿਤੀ ਸ਼ਿਕਾਇਤ ਦਾ ਹਵਾਲਾ ਦਿਤਾ


ਚੰਡੀਗੜ੍ਹ, 2 ਮਈ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਿਰੁਧ ਪਾਰਟੀ ਹਾਈਕਮਾਨ ਦੀ ਅਨੁਸ਼ਾਸਨੀ ਕਾਰਵਾਈ ਮਗਰੋਂ ਹੁਣ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਵਿਰੁਧ ਕਾਰਵਾਈ ਲਈ ਸੂਬਾ ਕਾਂਗਰਸ ਵਲੋਂ ਕਾਰਵਾਈ ਲਈ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ |
ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਇੰਚਾਰਜ ਹਰੀਸ਼ ਚੌਧਰੀ ਦਾ ਪਿਛਲੇ ਦਿਨਾਂ ਵਿਚ ਪਾਰਟੀ ਹਾਈਕਮਾਨ ਨੂੰ  ਪ੍ਰਧਾਨ ਸੋਨੀਆ ਗਾਂਧੀ ਦੇ ਨਾਮ ਲਿਖਿਆ ਇਕ ਪੱਤਰ ਸਾਹਮਣੇ ਆਇਆ ਹੈ | ਇਸ ਵਿਚ ਸਿੱਧੂ ਵਿਰੁਧ ਅਨੁਸ਼ਾਸਨੀ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ ਹੈ | ਇਸ ਸਬੰਧ ਵਿਚ ਜਦੋਂ ਹਰੀਸ਼ ਚੌਧਰੀ ਤੋਂ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ | ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਇਸ ਬਾਰੇ ਕੋਈ ਟਿਪਣੀ ਤੋਂ ਨਾਂਹ ਕਰਦਿਆਂ ਕਿਹਾ,''ਮੈਂ ਇਸ ਪੱਤਰ ਬਾਰੇ ਕੁੱਝ ਨਹੀਂ ਕਹਿਣਾ ਪਰ ਇੰਨਾ ਜ਼ਰੂਰ ਕਹਾਂਗਾ ਕਿ ਜੋ ਕੋਈ ਵੀ ਪਾਰਟੀ ਅਨੁਸ਼ਾਸਨ ਤੋੜਦਾ ਹੈ, ਉਸ ਵਿਰੁਧ ਕਾਰਵਾਈ ਹੋਣੀ ਚਾਹੀਦੀ ਹੈ |'' ਪਤਾ ਲੱਗਾ ਹੈ ਕਿ ਨਵਜੋਤ ਸਿੱਧੂ ਵਲੋਂ ਲਗਾਤਾਰ ਅਪਣੇ ਤੌਰ 'ਤੇ ਕੀਤੇ ਜਾ ਰਹੇ ਵਖਰੇ ਪ੍ਰੋਗਰਾਮਾਂ ਨੂੰ  ਲੈ ਕੇ ਹਰੀਸ਼ ਚੌਧਰੀ ਨੂੰ  ਇੰਚਾਰਜ ਹੋਣ ਕਾਰਨ ਸ਼ਿਕਾਇਤ ਕੀਤੀ ਸੀ ਅਤੇ ਇਸ ਤੋਂ

ਬਾਅਦ ਹੀ ਹਰੀਸ਼ ਚੌਧਰੀ ਨੇ ਸੋਨੀਆ ਗਾਂਧੀ ਨੂੰ  ਚਿੱਠੀ ਲਿਖੀ ਹੈ |
ਇਸੇ ਤਰ੍ਹਾਂ ਹੀ ਪਹਿਲਾਂ ਹਰੀਸ਼ ਚੌਧਰੀ ਨੇ ਜਾਖੜ ਬਾਰੇ ਵੀ ਪਾਰਟੀ ਹਾਈਕਮਾਨ ਨੂੰ  ਲਿਖਿਆ ਸੀ ਅਤੇ ਉਸ ਤੋਂ ਬਾਅਦ ਅਨੁਸ਼ਾਸਨੀ ਕਮੇਟੀ ਨੇ ਨੋਟਿਸ ਜਾਰੀ ਕੀਤਾ ਸੀ | ਹੁਣ ਇਸੇ ਤਰ੍ਹਾਂ ਅਨੁਸ਼ਾਸਨੀ ਕਮੇਟੀ ਸਿੱਧੂ ਨੂੰ  ਨੋਟਿਸ ਜਾਰੀ ਕਰ ਸਕਦੀ ਹੈ | ਹਰੀਸ਼ ਚੌਧਰੀ ਵਲੋਂ 23 ਅਪ੍ਰੈਲ ਨੂੰ  ਸੋਨੀਆ ਗਾਂਧੀ ਨੂੰ  ਲਿਖੀ ਚਿੱਠੀ ਵਿਚ ਕਿਹਾ ਕਿ ਚੋਣਾਂ ਤੋਂ ਪਹਿਲਾਂ ਵੀ ਸਿੱਧੂ ਕਾਂਗਰਸ ਸਰਕਾਰ ਬਾਰੇ ਲਗਾਤਾਰ ਸਵਾਲ ਚੁਕਦੇ ਰਹੇ ਅਤੇ ਮੇਰੇ ਕਹਿਣ ਦੇ ਬਾਵਜੂਦ ਨਹੀਂ ਹਟੇ | ਚੌਧਰੀ ਨੇ ਕਿਹਾ ਕਿ ਹੁਣ ਰਾਜਾ ਵੜਿੰਗ ਨੇ ਮੈਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਹੈ ਜੋ ਮੈਂ ਆਪ ਨੂੰ  ਨਾਲ ਭੇਜ ਰਿਹਾ ਹਾਂ | ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਦੇ ਸਹੁੰ ਚੁਕ ਸਮਾਗਮ ਵਿਚ ਵੀ ਸਿੱਧੂ ਕਾਂਗਰਸ ਭਵਨ ਵਿਚ ਪਹੁੰਚਣ ਦੇ ਬਾਵਜੂਦ ਸ਼ਾਮਲ ਨਹੀਂ ਹੋਏ | ਚੌਧਰੀ ਨੇ ਕਾਰਵਾਈ ਦੀ ਸਿਫ਼ਾਰਸ਼ ਕਰਦਿਆਂ ਕਿਹਾ ਕਿ ਸਿੱਧੂ ਲਗਾਤਾਰ ਅਪਣੀ ਵਖਰੀ ਸਰਗਰਮੀ ਜਾਰੀ ਰੱਖ ਰਹੇ ਹਨ ਅਤੇ ਅਪਣੇ ਆਪ ਨੂੰ  ਪਾਰਟੀ ਤੋਂ ਉਪਰ ਸਮਝਦੇ ਹਨ | ਇਸ ਲਈ ਮਿਸਾਲੀ ਕਾਰਵਾਈ ਹੋਵੇ ਤਾਂ ਜੋ ਹੋਰਨਾਂ ਨੂੰ  ਵੀ ਸਬਕ ਮਿਲੇ |