ਜਾਸੂਸੀ ਦੇ ਦੋਸ਼ 'ਚ ਵਿਅਕਤੀ ਗ੍ਰਿਫ਼ਤਾਰ, ਗੁਆਂਢੀ ਮੁਲਕ ਨੂੰ ਭੇਜਦਾ ਸੀ ਖੂਫ਼ੀਆ ਜਾਣਕਾਰੀ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਨੇ ਉਸ ਦੇ ਖਿਲਾਫ਼ ਅਸਲਾ ਅਤੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Man arrested for espionage, sending intelligence to neighboring country

 

ਪਠਾਨਕੋਟ : ਪੰਜਾਬ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪਠਾਨਕੋਟ ਪੁਲਿਸ ਨੇ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜੋ ਪਾਕਿਸਤਾਨ ਦੇ ਸਰਹੱਦੀ ਖੇਤਰਾਂ ਦੀ ਖੂਫੀਆ ਜਾਣਕਾਰੀ ਇੰਟਰਨੈਟ ਮੀਡੀਆ ਰਾਹੀਂ ਪਾਕਿਸਤਾਨ ਨੂੰ ਭੇਜਦਾ ਸੀ। ਮੁਲਜ਼ਮ ਦੀ ਪਛਾਣ ਜਗਦੀਸ਼ ਸਿੰਘ ਉਰਫ਼ ਜੱਗਾ ਵਾਸੀ ਪਿੰਡ ਫੱਤੂਚੱਕ ਵਜੋਂ ਹੋਈ ਹੈ। ਜਾਸੂਸੀ ਦੇ ਦੋਸ਼ੀ ਜਗਦੀਸ਼ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਨੇ ਉਸ ਦੇ ਖਿਲਾਫ਼ ਅਸਲਾ ਅਤੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਕੁਝ ਦਿਨ ਪਹਿਲਾਂ ਸੂਚਨਾ ਮਿਲੀ ਸੀ ਕਿ ਇਲਾਕੇ ਦਾ ਇਕ ਵਿਅਕਤੀ ਇੰਟਰਨੈੱਟ ਮੀਡੀਆ ਦੀ ਮਦਦ ਨਾਲ ਪਾਕਿਸਤਾਨੀ ਸਮੱਗਲਰਾਂ ਨਾਲ ਤਾਲਮੇਲ ਕਰ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਇਲਾਕੇ ਨੂੰ ਘੇਰ ਕੇ ਮੁਲਜ਼ਮ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ, ਜਦੋਂ ਉਹ ਆਪਣੇ ਪਿੰਡ ਆ ਰਿਹਾ ਸੀ। ਪੁਲਿਸ ਅਧਿਕਾਰੀਆਂ ਦੀ ਮੰਨੀਏ ਤਾਂ ਉਹ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਪਾਕਿਸਤਾਨ ਦੇ ਦੋ ਵੱਖ-ਵੱਖ ਮੋਬਾਇਲ ਨੰਬਰਾਂ 'ਤੇ ਗੱਲ ਕਰਦਾ ਸੀ। ਉਹ ਇਲਾਕੇ ਦੀ ਖ਼ੂਫੀਆ ਜਾਣਕਾਰੀ ਦਿੰਦਾ ਸੀ। ਇਸ ਦੇ ਬਦਲੇ ਉਹ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਤੇ ਹੋਰ ਸਾਮਾਨ ਲਿਆਉਂਦਾ ਸੀ।

ਸੁਰੱਖਿਆ ਏਜੰਸੀਆਂ ਪਿਛਲੇ ਕਈ ਦਿਨਾਂ ਤੋਂ ਨੌਜਵਾਨ 'ਤੇ ਨਜ਼ਰ ਰੱਖ ਰਹੀਆਂ ਸਨ ਪਰ ਉਹ ਫੜਿਆ ਨਹੀਂ ਜਾ ਸਕਿਆ ਸੀ। ਪੇਸ਼ੇ ਵਜੋਂ ਮੁਲਜ਼ਮ ਜਗਦੀਸ਼ ਖੇਤੀਬਾੜੀ ਕਰਦਾ ਹੈ। ਹੁਣ ਉਸਦੀ ਪੂਰੀ ਪਰਿਵਾਰਕ ਹਿਸਟਰੀ ਚੈੱਕ ਕੀਤੀ ਜਾ ਰਹੀ ਹੈ। ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਿਸ ਪਹਿਲਾਂ ਸਿਵਲ ਹਸਪਤਾਲ ਪਠਾਨਕੋਟ ਵਿਚ ਉਸ ਦਾ ਮੈਡੀਕਲ ਕਰਵਾਏਗੀ ਅਤੇ ਫਿਰ ਅਦਾਲਤ ਵਿਚ ਪੇਸ਼ ਕਰੇਗੀ।