Jagraon News : ਗੁਰਦੁਆਰਾ ਸਾਹਿਬ ਦੀ ਗੋਲਕ ਤੋੜ ਕੇ ਚੋਰਾਂ ਨੇ ਉਡਾਈ ਨਗਦੀ ,CCTV ’ਚ ਕੈਦ ਹੋਈ ਸਾਰੀ ਘਟਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੋਰ ਗੁਰਦੁਆਰਾ ਸਾਹਿਬ 'ਚ ਕਟਰ ਨਾਲ ਖਿੜਕੀ ਕੱਟ ਕੇ ਅੰਦਰ ਦਾਖਲ ਹੋਏ

Jagraon

Jagraon News : ਜਗਰਾਉਂ 'ਚ ਸ਼ਹਿਰ ਦੇ ਨਜ਼ਦੀਕ ਨਾਨਕ ਨਗਰੀ ਸਥਿਤ ਗੁਰਦੁਆਰਾ ਸਾਹਿਬ 'ਚ ਰਾਤ ਦੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰ ਗੁਰਦੁਆਰਾ ਸਾਹਿਬ 'ਚ ਕਟਰ ਨਾਲ ਖਿੜਕੀ ਕੱਟ ਕੇ ਅੰਦਰ ਦਾਖਲ ਹੋਏ। ਇਸ ਤੋਂ ਬਾਅਦ ਗੋਲਕ ਕੱਟ ਕੇ ਨਕਦੀ ਅਤੇ ਦੇਸੀ ਘਿਓ ਚੋਰੀ ਕਰ ਲਿਆ।

ਇਹ ਸਾਰੀ ਵਾਰਦਾਤ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਮਾਮਲੇ ਵਿੱਚ ਥਾਣਾ ਸਿਟੀ ਦੀ ਪੁਲੀਸ ਨੇ ਇੱਕ ਔਰਤ ਸਮੇਤ ਤਿੰਨ ਮੁਲਜ਼ਮਾਂ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਲਖਵਿੰਦਰ ਸਿੰਘ ਉਰਫ ਕਾਲਾ ,ਪ੍ਰਦੀਪ ਸਿੰਘ ਉਰਫ ਰੀਠਾ ਵਾਸੀ ਨਾਨਕ ਨਗਰੀ ਅਤੇ ਰਜਨੀ ਵਾਸੀ ਨਵੀਂ ਗੋਸ਼ਾਲਾ ਅਗਵਾੜ ਖਵਾਜਾ ਬਾਜੂ ਜਗਰਾਉਂ ਵਜੋਂ ਹੋਈ ਹੈ।

ਦੇਸੀ ਘਿਓ ਅਤੇ ਨਕਦੀ ਗਾਇਬ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ.ਐਸ.ਆਈ ਮੋਹਨ ਲਾਲ ਨੇ ਦੱਸਿਆ ਕਿ ਪੀੜਤ ਗੋਰਾ ਸਿੰਘ ਵਾਸੀ ਨਾਨਕ ਨਗਰੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਦੋਂ ਉਹ ਅਤੇ ਜਗਤਾਰ ਸਿੰਘ ਸਵੇਰੇ 5:30 ਵਜੇ ਗੁਰਦੁਆਰਾ ਸਾਹਿਬ ਵਿਖੇ ਰੋਜ਼ਾਨਾਂ ਦੀ ਅਰਦਾਸ ਕਰਨ ਲਈ ਗਏ। ਉਨ੍ਹਾਂ ਗੁਰਦੁਆਰਾ ਸਾਹਿਬ ਦਾ ਗੇਟ ਖੋਲ੍ਹ ਕੇ ਪਾਠ ਕੀਤਾ। ਰੋਜ਼ ਦੀ ਤਰ੍ਹਾਂ ਪਾਠ ਕਰਨ ਤੋਂ ਬਾਅਦ ਉਹ ਪ੍ਰਸ਼ਾਦ ਤਿਆਰ ਕਰਨ ਲਈ ਰਸੋਈ ਵਿਚ ਗਿਆ। ਜਦੋਂ ਦੇਖਿਆ ਤਾਂ ਇਕ ਕਿਲੋ ਦੇਸੀ ਘਿਓ ਗਾਇਬ ਸੀ।

ਗੋਲਕ ਤੋੜ ਕੇ 25 ਹਜ਼ਾਰ ਦੀ ਨਕਦੀ ਕੀਤੀ ਚੋਰੀ 

ਜਿਸ ਤੋਂ ਬਾਅਦ ਉਨ੍ਹਾਂ ਦਾ ਧਿਆਨ ਗੁਰਦੁਆਰਾ ਸਾਹਿਬ ਦੀ ਗੋਲਕ ਵੱਲ ਗਿਆ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਗੁਰਦੁਆਰਾ ਸਾਹਿਬ ਦੀ ਗੋਲਕ ਟੁੱਟੀ ਹੋਈ ਸੀ ਅਤੇ ਉਸ ਵਿੱਚੋਂ ਕਰੀਬ 25 ਹਜ਼ਾਰ ਰੁਪਏ ਗਾਇਬ ਸਨ। ਜਦੋਂ ਉਸ ਨੇ ਉਥੇ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਪਿੰਡ ਨਾਨਕ ਨਗਰੀ ਦਾ ਰਹਿਣ ਵਾਲਾ ਆਰੋਪੀ ਆਪਣੇ ਸਾਥੀਆਂ ਨਾਲ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ ਸੀ। ਉਹ ਕਟਰ ਨਾਲ ਖਿੜਕੀ ਨੂੰ ਕੱਟ ਕੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ। ਫਿਰ ਮੁਲਜ਼ਮਾਂ ਨੇ ਗੋਲਕ ਨੂੰ ਕੱਟ ਕੇ ਪੈਸੇ ਚੋਰੀ ਕਰ ਲਏ।