ਪਿੰਡ ਭਸੌੜ ਦੇ ਲੋਕਾਂ ਨੇ ਰੋਜ਼ਾਨਾ ਸਪੋਕਸਮੈਨ ਵਲੋਂ ਲਗਾਈ ਸੱਥ ਦੌਰਾਨ ਦੱਸੀਆਂ ਆਪਣੀਆਂ ਸਮੱਸਿਆਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਰ-ਘਰ ’ਚ ਕੈਂਸਰ, ਕਾਲੇ ਪੀਲੀਏ ਦੇ ਮਰੀਜ਼ : ਪਿੰਡ ਵਾਸੀ

The people of Bhasour village expressed their problems during the sit-in organized by the daily spokesperson.

ਜ਼ਿਲ੍ਹਾ ਸੰਗਰੂਰ ਦੇ ਪਿੰਡ ਭਸੌੜ ਦੇ ਲੋਕਾਂ ਦੀ ਸਮੱਸਿਆਵਾਂ ਜਾਣਨ ਲਈ ਰੋਜ਼ਾਨਾ ਸਪੋਕਸਮੈਨ ਦੀ ਸੰਪਾਦਕ ਮੈਡਮ ਨਿਮਰਤ ਕੌਰ ਨੇ ਆਪਣੀ ਟੀਮ ਸਮੇਤ ਸ਼ੱਥ ਲਗਾਈ ਤਾਂ ਜੋ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਮੀਡੀਆ ਰਾਹੀਂ ਸਰਕਾਰ ਦੇ ਦੁਆਰ ਤਕ ਪਹੁੰਚਾਇਆ ਜਾ ਸਕੇ। ਪਿੰਡ ਦੇ ਮੌਜੂਦਾ ਸਰਪੰਚ ਨੇ ਕਿਹਾ ਕਿ ਸਾਡਾ ਪਿੰਡ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਸਨ। ਕੁੜੀਆਂ ਦੀ ਵਿਦਿਆ ਪਿੰਡ ਭਸੌੜ ਤੋਂ ਹੀ ਸ਼ੁਰੂ ਹੋਈ ਸੀ। ਸਾਡੇ ਪਿੰਡ ਵਿਚ ਪੰਥ ਖ਼ਾਲਸਾ ਦੀਵਾਨ ਦਾ ਇਕ ਕਾਲਜ ਹੁੰਦਾ ਸੀ, ਜਿਸ ਵਿਚ ਲੜਕੀਆਂ ਪੜ੍ਹਦੀਆਂ ਹੁੰਦੀਆਂ ਸਨ।

ਸਾਡੀਆਂ ਕਮਜੋਰੀਆਂ ਕਰ ਕੇ ਅਸੀਂ ਉਸ ਨੂੰ ਸੰਭਾਲ ਨਹੀਂ ਸਕੇ। ਪ੍ਰਤਾਪ ਸਿੰਘ ਕੈਰੋਂ ਦੀ ਪਤਨੀ ਤੇ ਅਮ੍ਰਿਤਾ ਪ੍ਰੀਤਮ ਵੀ ਇਥੇ ਹੀ ਪੜ੍ਹੀ ਹੈ। ਸਾਰੇ ਸੰਸਾਰ ਵਿਚ ਸਾਡੇ ਪਿੰਡ ਦਾ ਨਾਮ ਚਲਦਾ ਹੈ ਪਰ ਅੱਜ ਦੇ ਸਮੇਂ ਸਾਡੇ ਨੇੜਲੇ ਪਿੰਡ ਸਾਡੇ ਤੋਂ ਅੱਗੇ ਨਿਕਲ ਚੁੱਕੇ ਹਨ। ਸਾਡੇ ਪਿੰਡ ਦਾ ਸਕੂਲ ਮੇਨ ਰੋਡ ਦੇ ਪਾਰ ਹੈ ਜਿਸ ਕਰ ਕੇ ਸਾਰੇ ਪਿੰਡ ਦੇ ਬੱਚਿਆਂ ਨੂੰ ਰੋਡ ਪਾਰ ਕਰ ਕੇ ਜਾਣਾ ਬਹੁਤ ਮੁਸ਼ਕਲ ਹੁੰਦਾ ਹੈ। ਸਾਡੇ ਪਿੰਡ ਦਾ ਬੱਸ ਅੱਡਾ ਬਣਿਆ ਹੋਇਆ ਹੈ, ਜੋ 4 ਪਿੰਡ ਦਾ ਇਕੱਠਾ ਬੱਸ ਅੱਡਾ ਹੈ, ਪਰ ਪੀਆਰਟੀਸੀ ਦੀ ਬੱਸ ਜਾਂ ਤੋਂ ਉਸ ਤੋਂ 200 ਮੀਟਰ ਅੱਗੇ ਜਾਂ ਪਿੱਛੇ ਰੁਕਦੀ ਹੈ।

ਅਸੀਂ ਜੀਐਮ ਨੂੰ ਅਰਜ਼ੀ ਵੀ ਦਿਤੀ ਸੀ ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਬੱਸ ਸਟਾਪ ’ਤੇ ਹੀ ਬਸ ਰੁੱਕੇਗੀ, ਪਰ ਹਾਲੇ ਵੀ ਉਹ ਹੀ ਹਾਲ ਹੈ। ਸਾਡੇ ਪਿੰਡ ਵਿਚ ਕੇਆਰਬੀਐਲ ਫ਼ੈਕਟਰੀ ਲੱਗੀ ਹੋਈ ਹੈ। ਜਿਸ ਵਿਚ ਚੌਲਾਂ ਦੀ ਸਫ਼ਾਈ ਕੀਤੀ ਜਾਂਦੀ ਹੈ। ਫ਼ੈਕਟਰੀ ਦਾ ਗੰਦਾ ਪਾਣੀ 200 ਫ਼ੁੱਟ ਬੋਰ ਕਰ ਕੇ ਉਸ ਵਿਚ ਸੁੱਟਿਆ ਜਾਂਦਾ ਹੈ। ਜਿਸ ਨਾਲ ਸਾਡੇ ਪਿੰਡ ਵਿਚ ਕਾਲਾ ਪੀਲੀਆ, ਕੈਂਸਰ ਆਦਿ ਵਰਗੀਆਂ ਬੀਮਾਰੀਆਂ ਫ਼ੈਲੀਆਂ ਹੋਈਆਂ ਹਨ। ਪਿੰਡ ਦੇ ਜਿਹੜੇ 200 ਤੋਂ 250 ਫ਼ੁੱਟ ’ਤੇ ਬੋਰ ਹਨ ਉਨ੍ਹਾਂ ਵਿਚ ਫ਼ੈਕਟਰੀ ਦਾ ਪਾਣੀ ਮਿਲ ਕੇ ਖ਼ਰਾਬ ਹੋਇਆ ਪਿਆ ਹੈ। 

ਸਾਡੇ ਪਿੰਡ ਵਿਚ 50 ਫ਼ੀ ਸਦੀ ਪਰਵਾਸੀ ਰਹਿੰਦੇ ਹਨ। ਪਿੰਡ ਦੇ ਨੌਜਵਾਨ ਨਸ਼ੇ ਵਿਚ ਵੜ ਗਏ ਹਨ ਬਾਹਰੋਂ ਨਸ਼ਾ  ਲਿਆ ਕੇ ਇੱਥੇ ਆ ਕੇ ਨਸ਼ਾ ਕਰਦੇ ਹਨ ਤੇ ਪਿੰਡ ਵਿਚ ਮੈਡੀਕਲ ਨਸ਼ਾ ਜ਼ਿਆਦਾ ਕੀਤਾ ਜਾਂਦਾ ਹੈ। ਜੇ ਨਸ਼ੇੜੀ ਨੂੰ ਪੁਲਿਸ ਫੜ ਕੇ ਲੈ ਜਾਂਦੀ ਹੈ ਤਾਂ ਛੁਡਵਾਉਣ ਵਾਲੇ ਪਹਿਲਾਂ ਖੜੇ ਹੁੰਦੇ ਹਨ। ਸਾਡੇ ਦੇਸ਼ ਵਿਚ ਹਰ ਇਕ ਦੁਕਾਨ ’ਤੇ ਇਕ ਮਿੱਠਾ ਨਸ਼ਾ ਵਿਕਦਾ ਹੈ ਜਿਸ ਦਾ ਨਾਮ ਸਟਿੰਗ ਹੈ। ਸਟਿੰਗ ਇਕ ਕੋਲਡਰਿੰਕ ਹੈ ਜਿਸ ਵਿਚ ਨਸ਼ਾ ਪਾਇਆ ਜਾਂਦਾ ਹੈ। ਜਿਸ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੇਚਣ ’ਤੇ ਰੋਕ ਹੈ ਪਰ ਫਿਰ ਵੀ ਵੇਚੀ ਜਾ ਰਹੀ ਹੈ। ਅਸੀਂ ਆਪਣੀਆਂ ਸਮੱਸਿਆਵਾਂ ਸਰਕਾਰੀ ਮਹਿਕਮਿਆਂ ਵਿਚ ਲੈ ਕੇ ਜਾਂਦੇ ਹਨ ਪਰ ਸਾਡੀ ਸੁਣਵਾਈ ਨਹੀਂ ਹੁੰਦੀ।